ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲ ਪੁਰਬ ਦੇ ਮੱਦੇਨਜ਼ਰ ਆਦੇਸ਼ ਜਾਰੀ ਕਰਨ ਕਿ ਸ਼ਹੀਦੀ ਪੁਰਬ ਮੌਕੇ ਸਾਰੀਆਂ ਰਾਜਸੀ ਪਾਰਟੀਆਂ ਨੂੰ ਸਿਆਸੀ ਕਾਨਫਰੰਸਾਂ ਤੋਂ ਗੁਰੇਜ਼ ਕਰਨ। ਪ੍ਰੋ. ਬਡੂੰਗਰ ਨੇ ਕਿਹਾ ਕਿ ਦਸਮੇਸ਼ ਪਿਤਾ ਦੇ ਸਾਹਿਬਜ਼ਾਦਿਆਂ ਨੇ ਛੋਟੀ ਉਮਰ 'ਚ ਵੱਡੀਆਂ ਸ਼ਹੀਦੀਆਂ ਦਿੱਤੀਆਂ, ਜਿਸ ਦੀ ਦੁਨੀਆ ਭਰ 'ਚ ਲਾਮਿਸਾਲ ਤੇ ਲਾਸਾਨੀ ਸ਼ਹਾਦਤ ਦੀ ਕਿਧਰੇ ਵੀ ਮਿਸਾਲ ਨਹੀਂ ਮਿਲਦੀ। ਸਾਬਕਾ ਪ੍ਰਧਾਨ ਨੇ ਕਿਹਾ ਕਿ ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਧਾਰਮਿਕ ਸਮਾਗਮ ਨਿਰੋਲ ਧਾਰਮਕ ਅਤੇ ਸਮਾਜਕ ਤਰੀਕੇ ਨਾਲ ਮਨਾ ਕੇ ਸ਼ਰਧਾ ਤੇ ਸਤਿਕਾਰ ਭੇਂਟ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਚਾਰ ਸਾਹਿਬਜ਼ਾਦਿਆਂ ਦੀ ਕੁਰਬਾਨੀ ਅਤੇ ਸ਼ਹਾਦਤ ਨੁੰ ਵੇਖਦੇ ਹੋਏ ਰਾਜਸੀ ਕਾਨਫਰੰਸਾਂ ਨਹੀਂ ਹੋਣੀਆਂ ਚਾਹੀਦੀਆਂ।
ਇਕ ਸਵਾਲ ਦੇ ਜਵਾਬ 'ਚ ਪ੍ਰੋ. ਬਡੂੰਗਰ ਨੇ ਅਮਰੀਕਾ 'ਚ ਸਿੱਖਾਂ ਦੇ ਨਸਲੀ ਹਮਲੇ ਦੀ ਕਰੜੀ ਸ਼ਬਦਾਂ 'ਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ 'ਚ ਸਿੱਖਾਂ 'ਤੇ ਹਮਲੇ ਅਤੇ ਕਤਲ ਦੀਆਂ ਅਜਿਹੀਆਂ ਘਟਨਾਵਾਂ ਨਾਲ ਸਿੱਖ ਜਗਤ 'ਚ ਭਾਰੀ ਰੋਸ ਵਿਖਾਈ ਦਿੰਦਾ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸੰਯੁਕਤ ਰਾਸ਼ਟਰ ਨੂੰ ਵੀ ਦਖਲ ਦੇਣ ਦੀ ਲੋੜ ਹੈ ਕਿਉਂਕਿ ਵਿਦੇਸ਼ਾਂ 'ਚ ਵਸੇ ਸਿੱਖਾਂ ਨੇ ਆਪਣੀ ਮਿਹਨਤ ਨਾਲ ਉਥੇ ਦੇ ਸੱਭਿਆਚਾਰ ਅਤੇ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ 'ਚ ਵੱਡਾ ਯੋਗਦਾਨ ਪਾਇਆ ਹੈ ਅਤੇ ਰਾਸ਼ਟਰ ਪੱਧਰ 'ਤੇ ਯੂ. ਐੱਨ. ਓ. ਨੂੰ ਨੋਟਿਸ ਲੈਂਦਿਆਂ ਹੋਏ ਕਿਸੇ ਵੀ ਧਰਮ ਅਤੇ ਨਸਲ ਦੇ ਵਿਅਕਤੀ ਦੀ ਸੁਰੱਖਿਆ ਲਈ ਸਰਕਾਰਾਂ ਦੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ।
ਉਨ੍ਹਾਂ ਨੇ ਉੜੀਸਾ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਸਾਹਿਬ ਦਾ ਮੱਠ ਢਾਹੇ ਜਾਣ ਦੀ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ। ਪ੍ਰੋ. ਬਡੂੰਗਰ ਨੇ ਕਿਹਾ ਕਿ ਕੇਂਦਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਮਾਮਲੇ ਦਾ ਨੋਟਿਸ ਲੈਂਦੇ ਹੋਏ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਦੇਸ਼ ਭਰ 'ਚ ਗੁਰੂ ਸਾਹਿਬਾਨ ਨਾਲ ਸਬੰਧਤ ਕਿਸੇ ਵੀ ਧਾਰਮਕ ਸਥਾਨ ਨੂੰ ਕੋਈ ਨੁਕਸਾਨ ਨਾ ਹੋਵੇ।
ਬੱਚਿਆਂ ਤੋਂ ਇੱਟਾਂ ਚੁਕਾਉਂਦੇ ਹੈੱਡਮਾਸਟਰ ਦਾ ਲੋਕਾਂ ਨੇ ਚਾੜ੍ਹਿਆ ਕੁਟਾਪਾ, ਵੀਡੀਓ ਵਾਇਰਲ
NEXT STORY