ਰੋਮ (ਦਲਵੀਰ ਕੈਂਥ): ਪਿਛਲੇ ਇੱਕ ਦਹਾਕੇ ਤੋਂ ਸਖ਼ਤ ਮਿਹਨਤ ਤੇ ਫ਼ੌਲਾਦੀ ਹੌਂਸਲੇ ਨਾਲ ਆਪਣੇ ਸਰੀਰ ਨੂੰ ਰੇਸ਼ਮ ਵਾਂਗਰ ਗੁੰਦ ਰਹੇ ਸੰਦੀਪ ਕੁਮਾਰ ਦਾ ਆਖਿਰ ਉਹ ਸੁਪਨਾ ਅੱਜ ਸੱਚ ਹੋ ਹੀ ਗਿਆ, ਜਿਸ ਨੂੰ ਹਰ ਖਿਡਾਰੀ ਦੇਖਦਾ ਜ਼ਰੂਰ ਹੈ ਪਰ ਸਾਕਾਰ ਕਿਸੇ ਕਿਸੇ ਦਾ ਹੁੰਦਾ ਹੈ।ਹਾਲ ਹੀ ਵਿੱਚ ਸਲੋਵੇਨੀਆ ਦੇਸ਼ ਦੇ ਸ਼ਹਿਰ ਕੋਪਰ ਵਿਖੇ ਹੋਏ 2021 ਆਈ ਬੀ ਐਫ ਐਫ ਅੰਤਰਰਾਸ਼ਟਰੀ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਮੁਕਾਬਲਿਆਂ ਵਿੱਚ ਸੰਦੀਪ ਕੁਮਾਰ ਨੇ ਸੋਨ ਤਮਗਾ ਜਿੱਤਿਆ ਹੈ।

ਸੰਦੀਪ ਇਸ ਮੁਕਾਬਲੇ ਵਿੱਚ ਇਟਲੀ ਵੱਲੋਂ ਗਿਆ ਸੀ ਕਿਉਂਕਿ ਕੋਵਿਡ-19 ਕਾਰਨ ਭਾਰਤ ਦੀ ਟੀਮ ਇਸ ਚੈਂਪੀਅਨਸ਼ਿਪ ਵਿੱਚ ਪਹੁੰਚ ਨਹੀਂ ਸਕੀ ਪਰ ਖੂਨ ਵਿੱਚ ਭਾਰਤ ਦੀ ਦੇਸ਼ ਭਗਤੀ ਦੇ ਜਜ਼ਬੇ ਨਾਲ ਭਰੇ ਹੋਣ ਕਾਰਨ ਸੰਦੀਪ ਕੁਮਾਰ ਨੇ ਆਪਣੇ ਕੋਚ ਤੋਂ ਇਜਾਜ਼ਤ ਲੈਕੇ ਇਸ ਮੁਕਾਬਲੇ ਵਿੱਚ ਭਾਰਤ ਵੱਲੋਂ ਆਪਣੀ ਹਾਜ਼ਰੀ ਲੁਆ ਦਿੱਤੀ।

ਇਹ ਕੋਈ ਆਮ ਹਾਜ਼ਰੀ ਨਹੀਂ ਸੀ ਨਾ ਭਾਰਤ ਲਈ ਤੇ ਨਾ ਹੀ ਸੰਦੀਪ ਕੁਮਾਰ ਲਈ ਕਿਉਂਕਿ ਇਸ ਹਾਜ਼ਰੀ ਨੇ ਹੀ ਸੰਦੀਪ ਕੁਮਾਰ ਨੂੰ ਬਾਡੀ ਬਿਲਡਿੰਗ ਦੀ ਦੁਨੀਆ ਦਾ ਵਿਸ਼ਵ ਚੈਂਪੀਅਨ ਬਣਾ ਦਿੱਤਾ।ਬੇਸ਼ੱਕ ਕਿ ਸਲੋਵੇਨੀਆ ਵਿਖੇ ਹੋਈ ਇਸ 2021 ਵਿਸ਼ਵ ਚੈਂਪੀਅਨਸ਼ਿਪ ਵਿੱਚ ਦੁਨੀਆ ਭਰ ਦੇ ਪ੍ਰਤੀਯੋਗੀਆਂ ਨੇ ਭਾਗ ਲਿਆ ਪਰ ਸੋਨ ਤਮਗੇ ਦਾ ਹੱਕਦਾਰ ਪਰਮਜੀਤ ਸਿੰਘ ਤੇ ਮਨਜੀਤ ਕੌਰ ਦਾ ਲਾਡਲਾ ਸਪੁੱਤਰ ਸੰਦੀਪ ਕੁਮਾਰ ਵਾਸੀ ਪਿੰਡ ਭੂਤ ਸ਼ਹੀਦ ਭਗਤ ਸਿੰਘ ਨਗਰ ਪੰਜਾਬ ਹੀ ਬਣਿਆ, ਜਿਸ ਨੇ ਹਾਜ਼ਰ ਸਭ ਪ੍ਰਤੀਯੋਗੀਆਂ ਨੂੰ ਪਛਾੜਦਿਆਂ ਸੋਨ ਤਮਗਾ ਜਿੱਤ ਇਤਿਹਾਸ ਰਚ ਦਿੱਤਾ।ਇਸ ਮੌਕੇ ਸਾਰੇ ਲੋਕ ਭਾਰਤੀਆਂ ਦਾ ਲੋਹਾ ਮੰਨਦੇ ਹੋਏ ਸੰਦੀਪ ਕੁਮਾਰ ਨੂੰ ਵਧਾਈ ਦੇਣੋ ਨਾ ਰਹਿ ਸਕੇ।

ਪੜ੍ਹੋ ਇਹ ਅਹਿਮ ਖਬਰ- 10 ਬੱਚਿਆਂ ਦੀ ਮਾਂ 'ਯਹੂਦੀ ਔਰਤ' ਨੇ ਪੇਸ਼ ਕੀਤੀ ਮਿਸਾਲ, ਚੁਣੌਤੀਆਂ ਨੂੰ ਪਾਰ ਕਰ ਬਣੀ ਡਾਕਟਰ
ਇਸ ਮੁਕਾਮ 'ਤੇ ਪਹੁੰਚਣ ਲਈ ਜਿੱਥੇ ਸੰਦੀਪ ਕੁਮਾਰ ਆਪਣੇ ਮਾਪਿਆਂ ਦਾ ਬਹੁਤ ਵੱਡਾ ਯੋਗਦਾਨ ਮੰਨਦਾ ਹੈ ਉੱਥੇ ਉਹ ਕੋਚ ਦਾਵੀਦੇ ਪਿਓਜਾ ਦਾ ਵੀ ਕੋਟਿਨ ਕੋਟਿ ਧੰਨਵਾਦ ਕਰਦਾ ਹੈ ਜਿਸ ਦੀ ਉਂਗਲ ਫੜ੍ਹ ਉਸ ਨੇ ਕਾਮਯਾਬੀ ਦੀ ਮਾਊਂਟ ਐਵਰੈਸਟ ਸਰ ਕੀਤੀ।ਇਸ ਪ੍ਰਾਪਤੀ ਨਾਲ ਸੰਦੀਪ ਕੁਮਾਰ ਨੇ ਪੰਜਾਬ ਤੇ ਭਾਰਤ ਦਾ ਦੁਨੀਆ ਵਿੱਚ ਰੁਸ਼ਨਾ ਦਿੱਤਾ ਹੈ ਤੇ ਇਸ ਨੌਜਵਾਨ ਨੂੰ ਹੋਰ ਬੁਲੰਦੀ ਉੱਤੇ ਲਿਜਾਣ ਲਈ ਇਟਲੀ ਦੇ ਭਾਰਤੀ ਇਸ ਪੰਜਾਬੀ ਹੀਰੇ ਰੂਪੀ ਸੰਦੀਪ ਕੁਮਾਰ ਦਾ ਵੱਧ ਤੋਂ ਵੱਧ ਮਾਣ ਸਤਿਕਾਰ ਕਰਨ ਤਾਂ ਹੋਰ ਭਾਰਤੀ ਬੱਚੇ ਵੀ ਕਾਮਯਾਬੀ ਦਾ ਇਤਿਹਾਸ ਸਿਰਜਣ ਲਈ ਅੱਗੇ ਆਉਣ।
ਕੇਜਰੀਵਾਲ ਦੇ 3 ਵੱਡੇ ਐਲਾਨਾਂ 'ਤੇ ਮਜੀਠੀਆ ਦੀ ਚੁਟਕੀ, 'ਦਿੱਲੀ ਵਾਲਾ ਝੂਠ ਪੰਜਾਬ 'ਚ ਚਲਾਉਣ ਨੂੰ ਫਿਰਦੈ'
NEXT STORY