ਗੜ੍ਹਸ਼ੰਕਰ, (ਬੈਜ ਨਾਥ)- ਸਥਾਨਕ ਤਹਿਸੀਲ ਦੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਨੀਮ ਪਹਾੜੀ ਪਿੰਡਾਂ ਵਿਚ ਹਿਮਾਚਲ ਪ੍ਰਦੇਸ਼ ਦੇ ਕਰੱਸ਼ਰ ਮਾਲਕਾਂ ਵੱਲੋਂ ਰੇਤ, ਪੱਥਰ, ਬਜਰੀ ਦੀ ਹੋ ਰਹੀ ਨਾਜਾਇਜ਼ ਮਾਈਨਿੰਗ ਦੇ ਵਿਰੋਧ ਵਿਚ ਅੱਜ ਕੰਢੀ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਕਾਮਰੇਡ ਦਰਸ਼ਨ ਸਿੰਘ ਮੱਟੂ ਦੀ ਅਗਵਾਈ ਹੇਠ ਨੰਗਲ ਰੋਡ 'ਤੇ ਸਥਿਤ ਪਿੰਡ ਸ਼ਾਹਪੁਰ ਸਦਰਪੁਰ ਨੇੜੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਕਾਮਰੇਡ ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਕਰੱਸ਼ਰ ਮਾਲਕਾਂ ਵੱਲੋਂ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਕੀਤੀ ਜਾ ਰਹੀ ਨਾਜਾਇਜ਼ ਮਾਈਨਿੰਗ ਕਰ ਕੇ ਇਲਾਕੇ ਦਾ ਭੂਗੋਲ ਬੁਰੀ ਤਰ੍ਹਾਂ ਵਿਗੜ ਗਿਆ ਹੈ ਅਤੇ ਇਸ ਮਾਈਨਿੰਗ ਕਾਰਨ ਸ਼ਿਵਾਲਕ ਦੇ ਪਹਾੜਾਂ ਦਾ ਵਜੂਦ ਮਿਟ ਗਿਆ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਕਰੱਸ਼ਰਾਂ ਤੋਂ ਨਿਕਲਦੇ ਮਾਈਨਿੰਗ ਸਮੱਗਰੀ ਦੇ ਭਾਰੀ ਵਾਹਨ ਪੰਜਾਬ ਦੇ ਜੰਗਲ ਦਾ ਕਰੀਬ 18 ਕਿਲੋਮੀਟਰ ਲੰਮਾ ਰਸਤਾ ਬਰਬਾਦ ਕਰ ਕੇ ਕੰਢੀ ਨਹਿਰ ਦੀ 5 ਕਿਲੋਮੀਟਰ ਲੰਮੀ ਪਟੜੀ ਵੀ ਤੋੜ ਰਹੇ ਹਨ ਪਰ ਮਾਈਨਿੰਗ ਕਰਨ ਵਾਲੇ ਅਨਸਰਾਂ ਨਾਲ ਸਮੁੱਚਾ ਪ੍ਰਸ਼ਾਸਨ ਮਿਲਿਆ ਹੋਣ ਕਰ ਕੇ ਇਸ ਖ਼ਿਲਾਫ਼ ਕੋਈ ਵੀ ਵਿਭਾਗ ਕਾਰਵਾਈ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਇਸ ਮਾਈਨਿੰਗ ਕਰ ਕੇ ਕੀਮਤੀ ਲੱਕੜ ਅਤੇ ਸ਼ਰਾਬ ਦੀ ਤਸਕਰੀ ਲਈ ਹਿਮਾਚਲ ਪ੍ਰਦੇਸ਼ ਤੋਂ ਨਵਾਂ ਰਸਤਾ ਬਣ ਗਿਆ ਹੈ ਅਤੇ ਪੰਜਾਬ ਸਰਕਾਰ ਨੂੰ ਮਿਲੀਭੁਗਤ ਕਰ ਕੇ ਚੂਨਾ ਲਾਇਆ ਜਾ ਰਿਹਾ ਹੈ। ਇਸ ਮੌਕੇ ਕਮੇਟੀ ਦੇ ਅਹੁਦੇਦਾਰ ਕਾਮਰੇਡ ਮਹਾ ਸਿੰਘ ਰੌੜੀ, ਦਿਲਬਾਗ ਸਿੰਘ, ਕਾਮਰੇਡ ਰਘੂਨਾਥ ਸਿੰਘ ਅਤੇ ਵਰਿੰਦਰ ਕੁਮਾਰ ਨੇ ਇਸ ਮਾਈਨਿੰਗ ਦੇ ਜ਼ਿੰਮੇਵਾਰ ਵਿਭਾਗੀ ਅਧਿਕਾਰੀਆਂ ਅਤੇ ਮਾਈਨਿੰਗ ਕਰਨ ਵਾਲੇ ਅਨਸਰਾਂ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕੀਤੀ।
ਇਸ ਧਰਨੇ ਨੂੰ ਮਾਈਨਿੰਗ ਰੋਕੂ ਜ਼ਮੀਨ ਬਚਾਅ ਸੰਘਰਸ਼ ਕਮੇਟੀ ਦੇ ਆਗੂ ਵਰਿੰਦਰ ਕੁਮਾਰ ਕੋਠੀ, ਜਰਨੈਲ ਸਿੰਘ ਸੈਦੋਂ, ਕਾਮਰੇਡ ਸ਼ਾਮ ਸਿੰਘ, ਧਰਮਿੰਦਰ ਸਿੰਘ, ਬੀਬੀ ਸੁਭਾਸ਼ ਮੱਟੂ, ਆਰ. ਟੀ. ਆਈ. ਵਰਕਰ ਪਰਮਿੰਦਰ ਕਿੱਤਣਾ, ਕਿਸਾਨ ਨੇਤਾ ਹਰਭਜਨ ਸਿੰਘ, ਮਹਿੰਦਰ ਬੱਢੋਵਾਣ, ਪ੍ਰੇਮ ਪਾਲੇਵਾਲ, ਸੱਤਪਾਲ ਲੱਠ, ਮੁਲਾਜ਼ਮ ਆਗੂ ਰਾਮ ਜੀ ਦਾਸ, ਦਿਲਬਾਗ ਸਿੰਘ ਮਹਿਦੂਦ, ਰਣਜੀਤ ਸਿੰਘ, ਸਮਸ਼ੇਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਬੱਸ ਪਿੱਛੇ ਵੱਜਾ ਮੋਟਰਸਾਈਕਲ, 1 ਜ਼ਖਮੀ
NEXT STORY