ਸੰਗਰੂਰ, (ਬਾਵਾ)- ਰਾਜਸਥਾਨ ਦੇ ਗੁਲਾਬੀ ਸ਼ਹਿਰ ਜੈਪੁਰ ਦੀ ਤਰਜ਼ 'ਤੇ ਉਸਾਰੀ ਰਿਆਸਤ ਜੀਂਦ ਦੀ ਰਾਜਧਾਨੀ ਰਿਹਾ ਇਤਿਹਾਸਕ ਸ਼ਹਿਰ ਸੰਗਰੂਰ ਅੱਜ ਆਪਣੀ ਪੁਰਾਣੀ ਰਿਆਸਤੀ ਸ਼ਾਨ ਗੁਆ ਚੁੱਕਾ ਹੈ। ਇਸ ਦੇ ਚਾਰੇ ਇਤਿਹਾਸਕ ਦਰਵਾਜ਼ੇ ਢਾਹ ਕੇ ਇਸ ਦੀ ਪਛਾਣ ਮਿਟਾ ਦਿੱਤੀ ਗਈ ਹੈ ਤੇ ਡੱਬੀ ਵਾਂਗ ਬੰਦ ਚਾਰਦੀਵਾਰੀ ਵਾਲਾ ਸ਼ਹਿਰ ਚੌੜ-ਚੁਪੱਟ ਹੋ ਗਿਆ ਹੈ। ਪ੍ਰਸਿੱਧ ਇਤਿਹਾਸਕਾਰ ਕ੍ਰਿਸ਼ਨ ਬੇਤਾਬ ਨੇ ਆਪਣੀ ਕਿਤਾਬ 'ਸੰਗਰ ਤੋਂ ਸਤਬੀਰ (ਇਤਿਹਾਸ ਰਿਆਸਤ ਜੀਂਦ) ਤੱਕ' 'ਚ ਜੀਂਦ ਰਿਆਸਤ ਦੇ ਮਹਾਰਾਜਾ ਰਘਬੀਰ ਸਿੰਘ ਬਾਰੇ ਲਿਖਿਆ ਹੈ ਕਿ ਉਹ ਉਸ ਸਮੇਂ ਆਧੁਨਿਕਤਾ ਦੇ ਪੁਜਾਰੀ ਸਨ, ਜਿਨ੍ਹਾਂ ਸੰਗਰੂਰ ਨੂੰ ਆਪਣੀ ਰਿਆਸਤ ਬਣਾਉਣ ਤੋਂ ਕੁਝ ਸਮੇਂ ਬਾਅਦ ਹੀ ਇਸ ਨੂੰ ਦੇਸ਼ ਦਾ ਪਹਿਲਾ ਟੂਟੀਆਂ ਰਾਹੀਂ ਪਾਣੀ ਸਪਲਾਈ ਕਰਨ ਵਾਲਾ ਸ਼ਹਿਰ ਬਣਾ ਦਿੱਤਾ ਸੀ।
ਬੰਬਾਘਰ ਦੀ ਸਥਾਪਨਾ ਸੰਗਰੂਰ ਦੀ ਸ਼ਾਹੀ ਫੌਂਡਰ ਵਿਚ ਕੀਤੀ ਗਈ ਸੀ, ਜਿਥੇ ਬਣੇ ਸਾਮਾਨ 'ਤੇ ਮੇਡ ਇਨ ਸੰਗਰੂਰ ਲਿਖਿਆ ਜਾਂਦਾ ਸੀ। ਅੱਜ ਸ਼ਹਿਰ ਦੀਆਂ ਬਾਕੀ ਇਤਿਹਾਸਕ ਇਮਾਰਤਾਂ ਦੀ ਤਰ੍ਹਾਂ ਇਹ ਵੀ ਦਮ ਤੋੜ ਚੁੱਕਾ ਹੈ। ਬੰਬਾਘਰ ਤੋਂ ਇਲਾਵਾ ਸੰਗਰੂਰ ਦੀਆਂ ਬਹੁਤ ਸਾਰੀਆਂ ਵਿਰਾਸਤਾਂ, ਜਿਨ੍ਹਾਂ ਵਿਚ ਸ਼ਹਿਰ ਦੇ ਆਲੇ-ਦੁਆਲੇ ਖ਼ੁਸ਼ਬੂ ਛੱਡਦੇ ਅਨਾਰ, ਨਾਸ਼ਪਾਤੀ, ਜਾਮਣਾਂ, ਅੰਬ ਆਦਿ ਦੇ ਬੂਟੇ ਵੀ ਤਹਿਸ-ਨਹਿਸ ਕਰ ਦਿੱਤੇ ਗਏ, ਸ਼ਹਿਰ ਦੇ ਬਾਗ਼ ਉਜਾੜ ਦਿੱਤੇ ਗਏ, ਕਿਲੇ ਢਾਹ ਦਿੱਤੇ ਤੇ ਦਰਵਾਜ਼ੇ, ਬਾਜ਼ਾਰ, ਫੁਹਾਰੇ, ਫਰਾਸਖਾਨੇ, ਮੋਦੀਖਾਨਾ, ਤੋਸ਼ਾਖਾਨਾ, ਜਲੌਅਖਾਨਾ, ਬੱਗੀਖਾਨਾ, ਹਾਥੀਖਾਨਾ, ਜਿਮਖਾਨਾ, ਕੁੱਤਾਖਾਨਾ ਸਭ ਮਲੀਆਮੇਟ ਕਰ ਦਿੱਤੇ ਗਏ ਹਨ। ਸ਼ਹਿਰ ਦੇ ਬਾਹਰ ਬਣੇ ਚਾਰੇ ਤਲਾਬ ਪੂਰ ਦਿੱਤੇ ਗਏ ਹਨ।
ਬਾਗ਼ਾਂ ਦੇ ਸ਼ਹਿਰ ਵਜੋਂ ਜਾਣੇ ਜਾਂਦੇ ਸੰਗਰੂਰ ਦੇ ਸੀਰੀ ਬਾਗ਼, ਮਹਿਤਾਬ ਬਾਗ਼, ਕਿਸ਼ਨ ਬਾਗ਼, ਆਫ਼ਤਾਬ ਬਾਗ਼, ਗੁਲਬਹਾਰ ਚਮਨ, ਦਿਲਸ਼ਾਦ ਚਮਨ, ਰੌਸ਼ਨ ਚਮਨ ਤੇ ਲਾਲ ਬਾਗ਼ ਸਮੇਂ ਦੀਆਂ ਸਰਕਾਰਾਂ ਦੇ ਪ੍ਰਸ਼ਾਸਕਾਂ ਵੱਲੋਂ ਉਜਾੜ ਦਿੱਤੇ ਗਏ। ਇਹ ਸਾਰੇ ਬਾਗ਼ ਉਜਾੜ ਕੇ ਜ਼ਿਲਾ ਪ੍ਰਬੰਧਕੀ ਕੰਪਲੈਕਸ, ਜ਼ਿਲਾ ਕਚਹਿਰੀ, ਬੱਸ ਅੱਡਾ, ਰਿਹਾਇਸ਼ੀ ਕਾਲੋਨੀਆਂ, ਸਕੂਲ, ਸਟੇਡੀਅਮ ਤੇ ਮੱਛੀ ਪਾਲਣ ਵਿਭਾਗ ਦੇ ਦਫ਼ਤਰ ਬਣਾ ਦਿੱਤੇ ਗਏ ਹਨ।
ਪਾਣੀ ਦੀ ਸਪਲਾਈ ਟੂਟੀਆਂ ਰਾਹੀਂ ਕਰਨ ਵਾਲਾ ਪਹਿਲਾ ਸ਼ਹਿਰ ਸੰਗਰੂਰ
ਇਤਿਹਾਸਕਾਰ ਕ੍ਰਿਸ਼ਨ ਬੇਤਾਬ ਅਨੁਸਾਰ ਸੰਗਰੂਰ ਸ਼ਹਿਰ ਹੀ ਦੇਸ਼ ਦਾ ਪਹਿਲਾ ਸ਼ਹਿਰ ਸੀ, ਜਿਥੇ ਪਾਣੀ ਦੀ ਸਪਲਾਈ ਟੂਟੀਆਂ ਰਾਹੀਂ ਹੁੰਦੀ ਸੀ ਤੇ ਇਹ ਸਿਸਟਮ 1902 ਤੋਂ ਸੰਗਰੂਰ 'ਚ ਚਾਲੂ ਹੋਇਆ। ਇਸ ਨੂੰ ਬੰਬਾਘਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜੋ ਇਤਿਹਾਸਕ ਵਿਰਸੇ ਦਾ ਚਿੰਨ੍ਹ ਹੈ। ਬੰਬਾਘਰ ਤੋਂ ਪਹਿਲਾਂ ਇਥੇ ਰਾਜੇ ਦੀ ਸ਼ਾਹੀ ਫੌਂਡਰੀ 1876 'ਚ ਕਾਇਮ ਕੀਤੀ ਗਈ ਸੀ, ਜਿਸ ਵਿਚ ਹਰ ਤਰ੍ਹਾਂ ਦੀਆਂ ਮਸ਼ੀਨਾਂ, ਖ਼ਰਾਦਾਂ, ਚੱਕੀਆਂ, ਇੰਜਣ, ਪਾਣੀ ਕੱਢਣ ਦੇ ਪੰਪ, ਲੱਕੜ ਦੇ ਆਰੇ, ਵਾਟਰ ਵਰਕਸ ਤੇ ਖੂਹ ਕਾਇਮ ਸਨ। ਛੋਟਾ-ਮੋਟਾ ਅਸਲਾ ਵੀ ਇਸ ਸ਼ਾਹੀ ਫੌਂਡਰੀ 'ਚ ਬਣਾਇਆ ਜਾਂਦਾ ਸੀ। ਰਾਜਾ ਰਘਬੀਰ ਸਿੰਘ ਨੇ ਜਦੋਂ ਇਥੇ ਤੋਪਾਂ ਬਣਾਉਣੀਆਂ ਸ਼ੁਰੂ ਕੀਤੀਆਂ ਤਾਂ ਅੰਗਰੇਜ਼ਾਂ ਨੇ ਵਰਕਸ਼ਾਪ ਬੰਦ ਕਰਵਾ ਦਿੱਤੀ। ਇਹ ਚਿਮਨੀਆਂ, ਜਿਨ੍ਹਾਂ ਨੂੰ ਸ਼ਹਿਰ ਵਾਸੀ ਸੰਗਰੂਰ ਦਾ ਕੁਤੁਬਮੀਨਾਰ ਕਹਿੰਦੇ ਸਨ, ਕਾਰਖਾਨੇ ਦਾ ਧੂੰਆਂ ਕੱਢਣ ਲਈ ਬਣਾਈਆਂ ਗਈਆਂ ਸਨ, ਜੋ ਵਿਰਾਸਤੀ ਨਿਸ਼ਾਨੀ ਦੇ ਤੌਰ 'ਤੇ ਅੱਜ ਵੀ ਮੌਜੂਦ ਹਨ।
ਬਣਾਇਆ ਜਾਂਦਾ ਸੀ ਮੇਡ ਇਨ ਸੰਗਰੂਰ ਦੀ ਮੋਹਰ ਲੱਗਾ ਸਾਮਾਨ
ਨੌਜਵਾਨ ਇਤਿਹਾਸਕਾਰ ਰਾਜੀਵ ਜਿੰਦਲ ਦਾ ਕਹਿਣਾ ਹੈ ਕਿ ਬੰਬਾਘਰ 'ਚ ਲੱਗੀ ਫੈਕਟਰੀ 'ਚ ਮੇਡ ਇਨ ਸੰਗਰੂਰ ਦੀ ਮੋਹਰ ਲੱਗਾ ਸਾਮਾਨ ਬਣਾਇਆ ਜਾਂਦਾ ਸੀ। ਕਈ ਰਿਆਸਤਾਂ ਖਤਮ ਹੋ ਗਈਆਂ ਹਨ। ਉਨ੍ਹਾਂ ਵੱਲੋਂ ਕੁਝ ਰਿਆਸਤੀ ਇਮਾਰਤਾਂ ਨੂੰ ਬਚਾਉਣ ਲਈ ਸਮੇਂ-ਸਮੇਂ ਦੀਆਂ ਸਰਕਾਰਾਂ ਅੱਗੇ ਆਵਾਜ਼ ਉਠਾਈ ਜਾਂਦੀ ਰਹੀ ਹੈ, ਜਿਸ ਕਾਰਨ ਬੰਬਾਘਰ ਦੀ ਅੱਧੀ ਇਮਾਰਤ ਦੀ ਹਾਲੇ ਤੱਕ ਹੋਂਦ ਬਰਕਰਾਰ ਹੈ ਪਰ ਜੋ ਹਾਲਤ ਵਿਚ ਹੈ, ਉਸ ਦੀ ਪੁਸ਼ਟੀ ਤਸਵੀਰਾਂ ਜ਼ਿਆਦਾ ਕਰ ਸਕਦੀਆਂ ਹਨ।
ਗੰਭੀਰ ਹੁੰਦੀ ਜਾ ਰਹੀ ਹੈ ਸ਼ਹਿਰ ਅੰਦਰ ਆਵਾਜਾਈ ਦੀ ਸਮੱਸਿਆ
NEXT STORY