ਗੁਰਦਾਸਪੁਰ, (ਹਰਮਨਪ੍ਰੀਤ)- ਗੁਰਦਾਸਪੁਰ ਸ਼ਹਿਰ ਅੰਦਰ ਨਾਜਾਇਜ਼ ਉਸਾਰੀਆਂ ਤੇ ਦੁਕਾਨਾਂ ਦੇ ਅੱਗੇ ਕੀਤੇ ਨਾਜਾਇਜ਼ ਕਬਜ਼ਿਆਂ ਦੇ ਇਲਾਵਾ ਵੱਖ-ਵੱਖ ਕਾਰਨਾਂ ਸਦਕਾ ਆਵਾਜਾਈ ਦੀ ਸਮੱਸਿਆ ਬੇਹੱਦ ਗੰਭੀਰ ਹੁੰਦੀ ਜਾ ਰਹੀ ਹੈ। ਖਾਸ ਤੌਰ 'ਤੇ ਐਤਵਾਰ ਵਾਲੇ ਦਿਨ ਕੁਝ ਚੋਣਵੇਂ ਚੌਕਾਂ 'ਤੇ ਬਾਜ਼ਾਰਾਂ 'ਚ ਲੱਗਦੀਆਂ ਰੇਹੜੀਆਂ ਤੇ 'ਸੇਲਾਂ' ਨਾਲ ਸਥਿਤੀ ਏਨੀ ਗੰਭੀਰ ਹੋ ਜਾਂਦੀ ਹੈ ਕਿ ਇਨ੍ਹਾਂ ਥਾਵਾਂ 'ਤੋਂ ਪੈਦਲ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਦਿਨੋਂ-ਦਿਨ ਵਧ ਰਹੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਸ਼ਹਿਰ ਵਾਸੀਆਂ ਦੀ ਮੰਗ ਦੇ ਬਾਵਜੂਦ ਇਸ ਸਮੱਸਿਆ ਦਾ ਸਥਾਈ ਹੱਲ ਨਹੀਂ ਹੋ ਰਿਹਾ।
ਕਿੱਥੇ-ਕਿੱਥੇ ਹੈ ਜ਼ਿਆਦਾ ਸਮੱਸਿਆ
ਸ਼ਹਿਰ ਦੇ ਮੱਛੀ ਮਾਰਕੀਟ ਚੌਕ ਤੋਂ ਕਾਲਜ ਰੋਡ ਵਾਲੇ ਪਾਸੇ ਐਤਵਾਰ ਸਵੇਰ ਲੱਗਣ ਵਾਲੀਆਂ ਰੇਹੜੀਆਂ ਜਿਥੇ ਵੱਡੀ ਸਮੱਸਿਆ ਨੂੰ ਜਨਮ ਦਿੰਦੀਆਂ ਹਨ, ਇਥੇ ਸ਼ਹਿਰ ਦੇ ਬਾਟਾ ਚੌਕ, ਮੇਨ ਬਾਜ਼ਾਰ ਤੇ ਹੋਰ ਵੱਖ-ਵੱਖ ਥਾਵਾਂ 'ਤੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਸੇਲਾਂ ਲਾ ਕੇ ਅੱਧੇ ਤੋਂ ਜ਼ਿਆਦਾ ਸੜਕ ਰੋਕ ਲਈ ਜਾਂਦੀ ਹੈ। ਏਨਾ ਹੀ ਨਹੀਂ ਐਤਵਾਰ ਤੋਂ ਇਲਾਵਾ ਬਾਕੀ ਦੇ ਦਿਨਾਂ ਦੌਰਾਨ ਵੀ ਜੇਲ ਰੋਡ, ਗੀਤਾ ਭਵਨ ਰੋਡ, ਨਗਰ ਕੌਂਸਲ ਨੇੜੇ ਹਰਦੋਛੰਨੀ ਮੋੜ, ਤਿੱਬੜੀ ਰੋਡ 'ਤੇ ਸਟੇਟ ਬੈਂਕ ਦੇ ਨੇੜਲੇ ਇਲਾਕੇ ਸਮੇਤ ਵੱਖ-ਵੱਖ ਥਾਵਾਂ 'ਤੇ ਅਕਸਰ ਹੀ ਜਾਮ ਲੱਗੇ ਰਹਿੰਦੇ ਹਨ। ਪਿਛਲੇ ਕੁਝ ਮਹੀਨਿਆਂ ਤੋਂ ਟੈਂਪੂਆਂ ਤੇ ਹੋਰ ਵਾਹਨਾਂ 'ਚ ਸਬਜ਼ੀਆਂ ਤੇ ਫਲਾਂ ਦੇ ਇਲਾਵਾ ਹੋਰ ਸਾਮਾਨ ਵੇਚਣ ਦੇ ਰੁਝਾਨ ਵਧਣ ਕਾਰਨ ਕਈ ਥਾਵਾਂ 'ਤੇ ਅਜਿਹੇ ਵਾਹਨ ਵੀ ਬਾਜ਼ਾਰਾਂ ਤੇ ਸੜਕਾਂ 'ਤੇ ਖੜ੍ਹੇ ਰਹਿੰਦੇ ਹਨ, ਜਿਸ ਕਾਰਨ ਲੋਕਾਂ ਨੂੰ ਸਮੱਸਿਆ ਪੇਸ਼ ਆਉਂਦੀ ਹੈ।
ਪ੍ਰੇਸ਼ਾਨੀ 'ਚ ਵਾਧਾ ਕਰਦੀਆਂ ਹਨ ਬੱਸਾਂ
ਪੁਰਾਣੀ ਦਾਣਾ ਮੰਡੀ 'ਚ ਗਾਂਧੀ ਸਕੂਲ ਨੇੜਲੇ ਚੌਕ ਦੇ ਇਲਾਵਾ ਤਿੱਬੜੀ ਰੋਡ 'ਤੇ ਸੰਗਲਪੁਰ ਰੋਡ ਚੌਕ 'ਚ ਬੱਸ ਚਾਲਕਾਂ ਵੱਲੋਂ ਸਵਾਰੀਆਂ ਨੂੰ ਉਤਾਰਨ ਤੇ ਚੜ੍ਹਾਉਣ ਮੌਕੇ ਸਾਰੇ ਕਾਇਦੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਬੱਸਾਂ ਨੂੰ ਚੌਕਾਂ ਤੇ ਮੋੜਾਂ ਦੇ ਐਨ ਵਿਚਕਾਰ ਖੜ੍ਹੇ ਕਰ ਦਿੱਤਾ ਜਾਂਦਾ ਹੈ, ਜਿਸ ਕਰਨ ਇਥੇ ਅਕਸਰ ਜਾਮ ਲੱਗੇ ਰਹਿੰਦੇ ਹਨ। ਇਸੇ ਤਰ੍ਹਾਂ ਹੋਰ ਥਾਵਾਂ 'ਤੇ ਵੀ ਬੱਸ ਚਾਲਕਾਂ ਦੀ ਅਜਿਹੀ ਲਾਪਰਵਾਹੀ ਅਕਸਰ ਦੇਖਣ ਨੂੰ ਮਿਲਦੀ ਹੈ।
ਰੇਲਵੇ ਫਾਟਕਾਂ ਨੇੜੇ ਸਥਿਤੀ ਹੋਰ ਵੀ ਬਦਤਰ
ਤਿੱਬੜੀ ਰੋਡ ਸਥਿਤ ਰੇਲਵੇ ਫਾਟਕ ਤੇ ਪੁਰਾਣੀ ਮੰਡੀ ਨੇੜਲੇ ਫਾਟਕ ਜਦੋਂ ਬੰਦ ਹੁੰਦੇ ਹਨ ਤਾਂ ਦੋਵਾਂ ਪਾਸੇ ਲੰਮੀਆਂ ਕਤਾਰਾਂ ਵੀ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣਦੀਆਂ ਹਨ। ਇਨ੍ਹਾਂ ਥਾਵਾਂ 'ਤੇ ਪੁਲਸ ਵੱਲੋਂ ਸਖਤੀ ਨਾ ਕੀਤੇ ਜਾਣ ਕਾਰਨ ਵਾਹਨਾਂ ਦੀਆਂ ਕਈ ਕਈ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ, ਜਿਸ ਕਾਰਨ ਕਈ ਵਾਰ ਫਾਟਕ ਖੁੱਲ੍ਹਣ ਦੇ ਬਾਅਦ ਲੰਮਾ ਸਮਾਂ ਜਾਮ ਲੱਗੇ ਰਹਿੰਦੇ ਹਨ।
ਪੁਲਸ ਨੇ ਨਾਜਾਇਜ਼ ਸ਼ਰਾਬ ਸਣੇ 2 ਨੂੰ ਕੀਤਾ ਕਾਬੂ
NEXT STORY