ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)– ਕੈਪਟਨ ਸਰਕਾਰ ਤੋਂ ਹਰ ਵਰਗ ਦੁਖੀ ਹੈ, ਜਿਸ ਕਾਰਨ ਮੁਲਾਜ਼ਮ ਵਰਗ, ਅਧਿਆਪਕ ਵਰਗ ਅਤੇ ਬੇਰੋਜ਼ਗਾਰ ਨੌਜਵਾਨਾਂ ਨੇ ਇਸ ਵਰ੍ਹੇ ਠੰਡੀ ਲੋਹਡ਼ੀ ਮਨਾਈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੀਨੀਅਰ ਅਕਾਲੀ ਆਗੂ ਬਾਬੂ ਅਜੈ ਕੁਮਾਰ ਭਦੌਡ਼ ਨੇ ਕਿਹਾ ਕਿ ਤਿਉਹਾਰਾਂ ਵਿਚ ਲੋਕ ਸੱਭਿਆਚਾਰ ਅਨੁਸਾਰ ਪਰਿਵਾਰ ਅਤੇ ਰਿਸ਼ਤੇਦਾਰਾਂ ਵਿਚ ਕਈ ਤਰ੍ਹਾਂ ਦੇ ਤੋਹਫੇ ਦਿੰਦੇ ਆ ਰਹੇ ਹਨ ਪਰ ਸਰਕਾਰ ਵੱਲੋਂ ਸੂਬੇ ਦੇ ਮੁਲਾਜ਼ਮਾਂ ਅਤੇ ਅਧਿਆਪਕਾਂ ਨੂੰ ਲੰਬੇ ਸਮੇਂ ਦੇ ਵਿੱਤੀ ਲਾਭਾਂ ਤੋਂ ਰੋਕਣ ਕਾਰਨ ਉਨ੍ਹਾਂ ਦੇ ਤਿਉਹਾਰ ਫਿੱਕੇ ਰਹਿੰਦੇ ਹਨ, ਜਿਸ ਕਾਰਨ ਲੋਹਡ਼ੀ ਦਾ ਪਵਿੱਤਰ ਤਿਉਹਾਰ ਸਾਰਿਆਂ ਨੇ ਠੰਡਾ, ਫਿੱਕਾ ਅਤੇ ਫੋਕਾ ਮਨਾਇਆ। ਉਨ੍ਹਾਂ ਪੰਜਾਬ ਵਿਚ ਨਸ਼ਿਆਂ ਦਾ ਧੰਦਾ ਵਧਾਉਣ ਦੇ ਕਾਂਗਰਸ ਸਰਕਾਰ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਹੁਣ ਤਾਂ ਜੀਰਾ ਦੇ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਵੀ ਪਿਛਲੀ ਦਿਨੀਂ ਇਕ ਸਰਕਾਰੀ ਸਮਾਰੋਹ ਵਿਚ ਨਸ਼ਿਆਂ ਦੇ ਕਾਲੇ ਕਾਰੋਬਾਰ ਵਿਚ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਮਿਲੀਭੁਗਤ ਸਬੰਧੀ ਆਪਣੀ ਪ੍ਰਤੀਕ੍ਰਿਆ ਦਿੱਤੀ। ਉਨ੍ਹਾਂ ਕਿਹਾ ਕਿ ਕੈਪਟਨ ਦੀ ਸਰਕਾਰ ਵਿਚ ਨਸ਼ਾ ਮਾਫੀਆ ਸਰਗਰਮ ਹੈ ਪਰ ਕੈਪਟਨ ਅਮਰਿੰਦਰ ਸਿੰਘ ਨੇ 2017 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਠਿੰਡਾ ਵਿਚ ਤਖਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਵੱਲ ਮੂੰਹ ਕਰ ਕੇ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਕਿ ਮੁੱਖ ਮੰਤਰੀ ਬਣਨ ਉਪਰੰਤ ਚਾਰ ਹਫਤਿਆਂ ਵਿਚ ਸੂਬੇ ਵਿਚੋਂ ਨਸ਼ਾ ਖਤਮ ਕਰ ਦੇਣਗੇ ਅਤੇ ਨਸ਼ੇ ਦੇ ਸਾਰੇ ਛੋਟੇ-ਵੱਡੇ ਸਮੱਗਲਰਾਂ ਨੂੰ ਜੇਲਾਂ ’ਚ ਭੇਜਣਗੇ ਪਰ ਕੈਪਟਨ ਦੀ ਸਰਕਾਰ ਨੂੰ ਚਾਰ ਹਫਤੇ ਨਹੀਂ ਬਲਕਿ 94 ਹਫਤੇ ਹੋ ਚੁੱਕੇ ਹਨ ਪਰ ਨਾ ਤਾਂ ਸੂਬੇ ਵਿਚ ਨਸ਼ੇ ਦਾ ਪ੍ਰਕੋਪ ਬੰਦ ਹੋਇਆ ਅਤੇ ਨਾ ਹੀ ਨਸ਼ੇ ਦੇ ਵੱਡੇ ਵਪਾਰੀਆਂ ਨੂੰ ਜੇਲ ਭੇਜਿਆ। ਦਿਨ-ਪ੍ਰਤੀਦਿਨ ਅਖਬਾਰਾਂ ਅਤੇ ਮੀਡੀਆ ’ਚ ਨਸ਼ੇ ਦੀ ਓਵਰਡੋਜ਼ ਨਾਲ ਮਰ ਰਹੇ ਨੌਜਵਾਨਾਂ ਦੀਆਂ ਖਬਰਾਂ ਕੈਪਟਨ ਸਰਕਾਰ ਦੀ ਪੋਲ ਖੋਲ੍ਹ ਰਹੀਆਂ ਹਨ।
ਪੰਜਾਬ ਰਾਜ ਖੇਡਾਂ ਅੰਡਰ-14 ਸ਼ਾਨੋ-ਸ਼ੌਕਤ ਨਾਲ ਸਮਾਪਤ
NEXT STORY