ਸੰਗਰੂਰ (ਵਿਵੇਕ ਸਿੰਧਵਾਨੀ,ਰਵੀ)- ਸ਼ਹਿਰ ਵਿਚ ਬੇਸਹਾਰਾ ਘੁੰਮਦੇ ਫਿਰਦੇ ਪਸ਼ੂਆਂ ਤੋਂ ਨਿਜ਼ਾਤ ਪਾਉਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ ਪਰਵੀਨ ਕੁਮਾਰ ਨੇ ਸਮੂਹ ਮੈਰਿਜ਼ ਪੈਲੇਸਾਂ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਦੌਰਾਨ ਏ.ਡੀ.ਸੀ ਨੇ ਹਾਜ਼ਰ ਪੈਲੇਸ ਨੁਮਾਇੰਦਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੀ ਮਨਾਲ ਗਊਸ਼ਾਲਾ ਵਿਚ ਪਸ਼ੂਆਂ ਦੇ ਖਾਣਯੋਗ ਸਮੱਗਰੀ ਦੀ ਘਾਟ ਬਣੀ ਰਹਿੰਦੀ ਹੈ ਅਤੇ ਆਵਾਰਾ ਪਸ਼ੂਆਂ ਦੀ ਵਧ ਰਹੀ ਗਿਣਤੀ ਨੂੰ ਠੱਲ੍ਹ ਪਾਉਣ ਲਈ ਇਸ ਗਊਸ਼ਾਲਾ ਵਿੱਚ ਸ਼ੈਡ ਆਦਿ ਪਾਉਣੇ ਵੀ ਜ਼ਰੂਰੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਗਊ ਧਨ ਇੱਕ ਅਜਿਹਾ ਧਨ ਹੈ, ਜਿਸਦੀ ਮਹਾਨਤਾ ਧਾਰਮਿਕ ਪੁਸਤਕਾਂ ਵਿੱਚ ਵੀ ਲਿਖੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਧਨ ਨੂੰ ਬਚਾਉਣ ਲਈ ਸਤਿਕਾਰ ਹਿੱਤ ਸਾਨੂੰ ਇਨ੍ਹਾਂ ਪਸ਼ੂਆਂ ਦੀ ਸਾਂਭ ਸੰਭਾਲ ਲਈ ਲੋਡ਼ੀਂਦੇ ਕਦਮ ਚੁੱਕਣੇ ਚਾਹੀਦੇ ਹਨ ਅਤੇ ਇਨ੍ਹਾਂ ਦੀ ਵਧ ਰਹੀ ਗਿਣਤੀ ਇੱਕ ਚਿੰਤਾਂ ਦਾ ਵਿਸ਼ਾ ਹੈ। ਇਹ ਪਸ਼ੂ ਵੇਲੇ-ਕੁਵੇਲੇ ਫ਼ਸਲਾਂ ਦਾ ਵੀ ਕਾਫ਼ੀ ਨੁਕਸਾਨ ਕਰ ਦਿੰਦੇ ਹਨ ਅਤੇ ਸਡ਼ਕ ਹਾਦਸਿਆਂ ਦਾ ਵੀ ਕਈ ਵਾਰ ਕਾਰਨ ਬਣਦੇ ਹਨ। ਜਿਸ ਸਦਕਾ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਇਸ ਕਰਕੇ ਇਨ੍ਹਾਂ ਦੀ ਠੀਕ ਢੰਗ ਨਾਲ ਸਾਂਭ ਸੰਭਾਲ ਜ਼ਰੂਰੀ ਹੈ। ਬੇਸ਼ੱਕ ਸਰਕਾਰ ਨੇ ਇਨ੍ਹਾਂ ਦੀ ਸਾਂਭ ਸੰਭਾਲ ਲਈ ਗਊ ਸੈਸ ਲਗਾਇਆ ਹੋਇਆ ਹੈ। ਪਰ ਇਹ ਘੱਟ ਮਾਤਰਾ ਵਿਚ ਇਕੱਠਾ ਹੋ ਰਿਹਾ ਹੈ। ਜੋ ਪਸ਼ੂਆਂ ਦੀ ਸਾਂਭ ਸੰਭਾਲ ਲਈ ਘੱਟ ਜਾਂਦਾ ਹੈ। ਹਾਜ਼ਰ ਨੁਮਾਇੰਦਿਆਂ ਨੇ ਭਰੋਸਾ ਦਿੰਦਿਆਂ ਜਲਦ ਹੀ ਰਾਸ਼ੀ ਇਕੱਠੀ ਕਰਕੇ ਭੇਜਣ ਦੀ ਹਮਾਇਤ ਕੀਤੀ। ਇਸ ਮੀਟਿੰਗ ਵਿਚ ਚੇਅਰਮੈਨ ਸੁਰਿੰਦਰ ਮਿੱਤਲ (ਮੈਰੀਲੈਂਡ), ਸਤੀਸ਼ ਗਰਗ (ਸਪਰਿੰਗ ਵਿਲਾਜ), ਪਿਆਰਾ ਲਾਲ ਰਾਏਸਰੀਆ (ਪਾਮ ਕਲਾਸੀਕ), ਰੁਪਿੰਦਰ ਸਿੰਘ ਗਿੱਲ, ਗੋਲਡਨ ਰਿਜ਼ੋਰਟ, ਪਾਲਾ ਰਾਮ (ਓਮਜੀ ਪੈਲੇਸ) ਆਦਿ ਹਾਜ਼ਰ ਸਨ।
ਕੈਪਟਨ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵੀ ਵਾਅਦੇ ਪੂਰੇ ਨਹੀਂ ਕੀਤੇ : ਸੁਖਬੀਰ
NEXT STORY