ਸੰਗਰੂਰ (ਸ਼ਾਮ)-ਜਿਥੇ ਅਕਸਰ ਹੀ ਕਈ ਵਿਭਾਗਾਂ ਅੰਦਰ ਘਪਲੇਬਾਜ਼ੀ ਦੀਆਂ ਖਬਰਾਂ ਪਡ਼੍ਹਨ-ਸੁਣਨ ਨੂੰ ਮਿਲਦੀਆਂ ਹਨ, ਉਥੇ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੌਲਾ ਅੰਦਰ ਬੱਚਿਆਂ ਤੋਂ ਇਕੱਤਰ ਕੀਤੇ ਜਾਂਦੇ ਸਪੋਰਟਸ ਫੰਡਾਂ ਅੰਦਰ ਵੱਡੇ ਪੱਧਰ ’ਤੇ ਘਪਲੇ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੇ ਆਡਿਟ ਵਿਭਾਗ ਵੱਲੋਂ ਜ਼ਿਲੇ ਦੇ ਵੱਖ-ਵੱਖ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ ਤੋਂ ਬੱਚਿਆਂ ਤੋਂ ਇਕੱਤਰ ਕੀਤੇ ਫੰਡ ਦੇ ਰਿਕਾਰਡ ਦਾ ਹਿਸਾਬ-ਕਿਤਾਬ ਮੰਗਿਆ ਗਿਆ ਸੀ, ਜਿਸ ਬਾਬਤ ਜ਼ਿਲਾ ਸਿੱਖਿਆ ਅਫਸਰ (ਸ) ਬਰਨਾਲਾ ਨੇ ਲਿਖਤੀ ਪੱਤਰ ਨੰਬਰ ਸਪੋਰਟਸ ਫੰਡ/841 ਮਿਤੀ 20 ਮਾਰਚ 2019 ਭੇਜ ਕੇ ਸਾਲ 2007 ਤੋਂ ਸਾਲ 2019 ਤੱਕ ਤਿੰਨ ਜ਼ੋਨਾਂ ਪੱਖੋ ਕਲਾਂ ਜ਼ੋਨ, ਤਪਾ ਅਤੇ ਠੀਕਰੀਵਾਲਾ ਜ਼ੋਨਾਂ ਅਧੀਨ ਆਉਂਦੇ ਸਕੂਲਾਂ ਨੂੰ ਵਿਭਾਗ ਦੇ ਕਮਰਾ ਨੰਬਰ 456 ਵਿਚ ਰਿਕਾਰਡ ਚੈੱਕ ਕਰਵਾਉਣ ਲਈ ਨਿਰਦੇਸ਼ ਦਿੱਤੇ ਗਏ ਸਨ ਪਰ ਜ਼ੋਨ ਪੱਖੋ ਕਲਾਂ ਦੇ ਅਧੀਨ ਆਉਂਦੇ ਸਕੂਲ ਧੌਲਾ ਨੇ ਆਖਰੀ ਤਾਰੀਖ ਤੱਕ ਕਿਸੇ ਕਿਸਮ ਦਾ ਕੋਈ ਰਿਕਾਰਡ ਜਮ੍ਹਾ ਨਹੀਂ ਕਰਵਾਇਆ ਹੈ। ਸੂਤਰਾਂ ਮੁਤਾਬਕ ਖਬਰ ਇਹ ਹੈ ਕਿ ਸਕੂਲ ’ਚ ਸਪੋਰਟਸ ਫੰਡ ਦਾ ਰਿਕਾਰਡ ਹੀ ਗਾਇਬ ਹੈ, ਜਿਸ ਦੀ ਰਕਮ ਲੱਖਾਂ ’ਚ ਬਣਦੀ ਹੈ। ਪੱਤਰ ਅਨੁਸਾਰ ਛੇਵੀਂ ਸ਼੍ਰੇਣੀ ਤੋਂ ਅੱਠਵੀਂ ਸ਼੍ਰੇਣੀ ਅਤੇ ਨੌਵੀਂ ਸ਼੍ਰੇਣੀ ਤੋਂ 12ਵੀਂ ਸ਼੍ਰੇਣੀ ਤੱਕ ਸਪੋਰਟਸ ਫੰਡ ਵਿਦਿਆਰਥੀਆਂ ਤੋਂ ਹਰ ਮਹੀਨੇ ਇਕੱਠਾ ਕੀਤਾ ਜਾਂਦਾ ਹੈ, ਜਿਸ ਫੰਡ ’ਚੋਂ ਛੇਵੀਂ ਸ਼੍ਰੇਣੀ ਤੋਂ ਅੱਠਵੀਂ ਸ਼੍ਰੇਣੀ ਤੱਕ 50 ਫੀਸਦੀ ਅਤੇ ਨੌਵੀਂ ਸ਼੍ਰੇਣੀ ਤੋਂ 12ਵੀਂ ਸ਼੍ਰੇਣੀ ਤੱਕ 80 ਫੀਸਦੀ ਫੰਡ ਵਿਭਾਗ ਨੂੰ ਸਕੂਲਾਂ ਵੱਲੋਂ ਜਮ੍ਹਾ ਕਰਵਾਇਆ ਜਾਂਦਾ ਹੈ ਪਰ ਧੌਲਾ ਸਕੂਲ ਆਖਰੀ ਮਿਤੀ ਤੱਕ ਬੀਤ ਜਾਣ ’ਤੇ ਵੀ ਰਿਕਾਰਡ ਚੈੱਕ ਨਹੀਂ ਕਰਵਾ ਸਕਿਆ। ਹਾਲਾਂਕਿ ਪੱਤਰ ਰਾਹੀਂ ਵਿਭਾਗ ਵੱਲੋਂ ਰਿਕਾਰਡ ਜਮ੍ਹਾ ਨਾ ਕਰਵਾਉਣ ਤੇ ਸਕੂਲ ਮੁਖੀ ਖਿਲਾਫ ਬਣਦੀ ਕਰਵਾਈ ਕਰਨ ਦੀ ਵੀ ਗੱਲ ਕਹੀ ਹੈ। ਓਧਰ ਇਸ ਮਾਮਲੇ ਸਬੰਧੀ ਨੈਸ਼ਨਲ ਐਂਟੀ ਕੁਰੱਪਸ਼ਨ ਕੌਸ਼ਲ ਭਾਰਤ ਦੇ ਪੰਜਾਬ ਚੇਅਰਮੈਨ ਸੰਦੀਪ ਸਿੰਗਲਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਿੱਖਿਆ ਸਕੱਤਰ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਅਤੇ ਵਿਜੀਲੈਂਸ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਜਦੋਂ ਜ਼ਿਲਾ ਸਿੱਖਿਆ ਅਫਸਰ (ਸ) ਬਰਨਾਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਿਭਾਗ ਦੇ ਮੁੱਖ ਦਫਤਰ ਨੇ ਜ਼ਿਲਾ ਬਰਨਾਲਾ ਦੇ ਸਿੱਖਿਆ ਵਿਭਾਗ ਵੱਲ ਰਹਿੰਦੀ 18 ਲੱਖ ਰੁਪਏ ਦੀ ਖੇਡ ਬਕਾਇਆ ਰਾਸ਼ੀ ਮੰਗ ਕੀਤੀ ਹੈ, ਜਿਨ੍ਹਾਂ ਸਕੂਲਾਂ ਨੇ ਜਮ੍ਹਾ ਨਹੀਂ ਕਰਵਾਈ ਉਨ੍ਹਾਂ ਨੂੰ ਪੱਤਰ ਭੇਜਿਆ ਹੈ। ਉਨ੍ਹਾਂ ਕਿਹਾ ਕਿ ਬਹੁਤੇ ਪ੍ਰਾਈਵੇਟ ਸਕੂਲਾਂ ਨੇ ਰਾਸ਼ੀ ਜਮ੍ਹਾ ਕਰਵਾ ਦਿੱਤੀ ਹੈ, ਜੋ ਸਕੂਲ ਰਿਕਾਰਡ ਨਹੀਂ ਜਮ੍ਹਾ ਕਰਵਾਏਗਾ, ਉਸ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਸਬੰਧੀ ਜਦੋਂ ਧੌਲਾ ਸਕੂਲ ਮੁਖੀ ਮੈਡਮ ਸੁਖਪਾਲ ਕੋਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੇਰੀ ਆਬਜ਼ਰਵਰ ਦੀ ਡਿਊਟੀ ਕਾਰਨ ਰਹਿ ਗਿਆ ਹੈ ਇਸ ਲਈ ਕੱਲ ਨੂੰ ਦਫਤਰ ਬਰਨਾਲਾ ਤੋਂ ਬੁਲਾ ਕੇ ਬਣਦਾ ਚੈੱਕ ਕੱਟ ਕੇ ਦੇ ਦਿੱਤਾ ਜਾਵੇਗਾ।
ਮਾਲੇਰਕੋਟਲਾ ਕਲੱਬ ’ਚ ਮੈਡੀਕਲ ਕੈਂਪ ਦਾ ਕੀਤਾ ਆਯੋਜਨ
NEXT STORY