ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਜਿਸ ਤਰ੍ਹਾਂ ਕਸਰਤ ਜ਼ਰੀਏ ਸਰੀਰ ਨੂੰ ਤੰਦਰੁਸਤ ਤੇ ਨਿਰੋਗੀ ਬਣਾਇਆ ਜਾ ਸਕਦਾ ਹੈ, ਉਸੇ ਤਰ੍ਹਾਂ ਆਪਣੀ ਵੋਟ ਦਾ ਸਹੀ ਇਸਤੇਮਾਲ ਕਰ ਕੇ ਅਸੀਂ ਆਪਣੇ ਦੇਸ਼ ਨੂੰ ਮਜ਼ਬੂਤ ਬਣਾਉਣ ’ਚ ਯੋਗਦਾਨ ਪਾ ਸਕਦੇ ਹਾਂ। ਇਸ ਲਈ ਸਾਨੂੰ ਬਿਨਾਂ ਕਿਸੇ ਲਾਲਚ ਜਾਂ ਡਰ ਤੋਂ 19 ਮਈ ਨੂੰ ਆਪਣੀ ਵੋਟ ਆਪਣੇ ਮਨਪਸੰਦ ਦੇ ਉਮੀਦਵਾਰ ਨੂੰ ਪਾਉਣੀ ਚਾਹੀਦੀ ਹੈ ਤਾਂ ਜੋ ਸਾਡੇ ਦੇਸ਼ ਨੂੰ ਵਿਕਾਸ ਤੇ ਤਰੱਕੀ ਦੀਆਂ ਸਹੀ ਲੀਹਾਂ ’ਤੇ ਤੋਰਿਆ ਜਾ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਜ਼ਿਲਾ ਪ੍ਰਸ਼ਾਸਨ ਤੇ ਖੇਡ ਵਿਭਾਗ ਪੰਜਾਬ ਵੱਲੋਂ ਕਰਵਾਈ ਗਈ ਵੋਟਰ ਜਾਗਰੂਕਤਾ ਮੈਰਾਥਨ ਨੂੰ ਹਰੀ ਝੰਡੀ ਦੇਣ ਮੌਕੇ ਕੀਤਾ। ਵੋਟਰ ਜਾਗਰੂਕਤਾ ਮੈਰਾਥਨ ਬਰਨਾਲਾ ਵਾਸੀਆਂ ਨੂੰ ‘ਤੰਦਰੁਸਤ ਸਿਹਤ’ ਦੇ ਨਾਲ-ਨਾਲ ਲੋਕਤੰਤਰਿਕ ਪ੍ਰਕਿਰਿਆ ਬਾਰੇ ਜਾਗਰੂਕ ਕਰਨ ਲਈ ਕਰਵਾਈ ਗਈ ਸੀ, ਜਿਸ ’ਚ ਵੱਡੀ ਗਿਣਤੀ ’ਚ ਬੱਚਿਆਂ, ਨੌਜਵਾਨਾਂ, ਬਜ਼ੁਰਗਾਂ, ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਹਿੱਸਾ ਲਿਆ। ਇਸ ਮੌਕੇ ਸ. ਫੂਲਕਾ ਨੇ 40 ਸਾਲ ਤੋਂ ਵਧੇਰੇ ਉਮਰ ਵਰਗ ’ਚ ਦੂਸਰੇ ਸਥਾਨ ’ਤੇ ਦੌਡ਼ ਪੂਰੀ ਕੀਤੀ ਅਤੇ ਨਾਲ ਹੀ ਜ਼ਿਲਾ ਤੇ ਸੈਸ਼ਨਜ਼ ਜੱਜ ਵੀਰੇਂਦਰ ਅਗਰਵਾਲ, ਐੱਸ.ਐੱਸ.ਪੀ. ਹਰਜੀਤ ਸਿੰਘ, ਸਕੁਐਡਰਨ ਲੀਡਰ ਐੱਚ.ਕੇ. ਸਿੰਘ, ਵਧੀਕ ਡਿਪਟੀ ਕਮਿਸ਼ਨਰ ਰੂਹੀ ਦੁੱਗ, ਐੱਸ.ਡੀ.ਐੱਮ. ਬਰਨਾਲਾ ਸੰਦੀਪ ਕੁਮਾਰ ਤੇ ਹੋਰਨਾਂ ਅਧਿਕਾਰੀਆਂ ਵੱਲੋਂ ਵੀ ਦੌਡ਼ ਪੂਰੀ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੀ. ਵੀ. ਪੈਟ ਮਸ਼ੀਨਾਂ ਭਾਰਤ ਚੋਣ ਕਮਿਸ਼ਨ ਵੱਲੋਂ ਚੋਣ ਪ੍ਰਕਿਰਿਆ ’ਚ ਪਾਰਦਰਸ਼ਤਾ ਲਿਆਉਣ ਲਈ ਅਹਿਮ ਉਪਰਾਲਾ ਹਨ ਅਤੇ ਇਹ ਮਸ਼ੀਨ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਨਾਲ ਸਾਰੇ ਲੋਕ ਸਭਾ ਹਲਕਿਆਂ ’ਚ ਪਹਿਲੀ ਵਾਰ ਵਰਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਦੀ ਮਦਦ ਨਾਲ ਵੋਟਰ ਇਹ ਚੈੱਕ ਕਰ ਸਕਦਾ ਕਿ ਜਿਸ ਉਮੀਦਵਾਰ ਨੂੰ ਵੋਟ ਪਾਉਣ ਲਈ ਮਸ਼ੀਨ ਦਾ ਬਟਨ ਦੱਬਿਆ ਹੈ, ਉਸ ਦੀ ਵੋਟ ਉਸੇ ਨੂੰ ਪਈ ਹੈ। ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਇਸੇ ਤਰ੍ਹਾਂ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਤੇ ਜਵਾਬਦੇਹ ਬਣਾਉਣ ਲਈ ਇਸ ਵਾਰ ਸੀਵਿਜਲ ਮੋਬਾਇਲ ਐਪ ਵੀ ਜਾਰੀ ਕੀਤੀ ਗਈ ਹੈ, ਜਿਸ ਰਾਹੀਂ ਹੁਣ ਦੇਸ਼ ਵਾਸੀ ਕਿਸੇ ਵੀ ਸਮੇਂ ਚੋਣ ਜ਼ਾਬਤੇ ਦੀ ਉਲੰਘਣਾ ਦੀ ਜਾਣਕਾਰੀ ਆਪਣੇ ਮੋਬਾਇਲ ਤੋਂ ਹੀ ਚੋਣ ਕਮਿਸ਼ਨ ਤੱਕ ਪੁੱਜਦੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਐਪ ਰਾਹੀਂ ਭੇਜੀ ਸ਼ਿਕਾਇਤ ’ਤੇ 100 ਮਿੰਟਾਂ ਦੇ ਅੰਦਰ ਅੰਦਰ ਕਾਰਵਾਈ ਹੋਣੀ ਯਕੀਨੀ ਬਣਾਈ ਜਾਵੇਗੀ। ਸ. ਫੂਲਕਾ ਨੇ ਕਿਹਾ ਕਿ ਇਸ ਤੋਂ ਇਲਾਵਾ ਚੋਣ ਪ੍ਰਕਿਰਿਆ ਸਬੰਧੀ ਕਿਸੇ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਜ਼ਿਲਾ ਪ੍ਰਸ਼ਾਸਨ ਬਰਨਾਲਾ ਵੱਲੋਂ ਚਲਾਈ ਜਾ ਰਹੀ ਟੋਲ ਫ੍ਰੀ ਹੈਲਪਲਾਈਨ 1950 ’ਤੇ ਕਿਸੇ ਵੇਲੇ ਵੀ ਫੋਨ ਕਰ ਕੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਇਸ ਮੌਕੇ 10 ਕਿਲੋਮੀਟਰ ਦੌਡ਼ ’ਚ ਜਸਪ੍ਰੀਤ ਸਿੰਘ, ਸੁਖਦੀਪ ਸਿੰਘ ਅਤੇ ਲਾਲੀ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ 5 ਕਿਲੋਮੀਟਰ ਸੀਨੀਅਰ ਸਿਟੀਜ਼ਨ ਕੈਟਾਗਰੀ ’ਚ ਜਗਜੀਤ ਸਿੰਘ ਨੇ ਪਹਿਲਾ, ਹਰਨੇਕ ਸਿੰਘ ਨੇ ਦੂਸਰਾ ਅਤੇ ਸ਼ਾਮ ਲਾਲ ਵਰਮਾ ਨੇ ਤੀਸਰਾ ਸਥਾਨ ਹਾਸਲ ਕੀਤਾ। 5 ਕਿਲੋਮੀਟਰ ਮਹਿਲਾਵਾਂ ਦੀ ਦੌਡ਼ ’ਚ ਕੁਲਵਿੰਦਰ ਕੌਰ ਪਹਿਲੇ, ਸੁਖਪ੍ਰੀਤ ਕੌਰ ਦੂਸਰੇ ਅਤੇ ਜਸਪ੍ਰੀਤ ਕੌਰ ਤੀਸਰੇ ਸਥਾਨ ’ਤੇ ਰਹੀ ਅਤੇ 5 ਕਿਲੋਮੀਟਰ ਮਰਦਾਂ ਦੀ ਦੌਡ਼ ’ਚ ਪਵਨਦੀਪ ਸਿੰਘ ਪਹਿਲੇ, ਮਨਪ੍ਰੀਤ ਸਿੰਘ ਦੂਸਰੇ ਅਤੇ ਜੈਜੀ ਸਿੰਘ ਤੀਸਰੇ ਸਥਾਨ ’ਤੇ ਰਹੇ। ਇਸ ਤੋਂ ਇਲਾਵਾ 40 ਸਾਲ ਤੋਂ ਵਧੇਰੇ ਉਮਰ ਵਰਗ ਔਰਤਾਂ ’ਚ ਸੁਖਜੀਤ ਕੌਰ ਪਹਿਲੇ ਤੇ ਮਰਦਾਂ ’ਚ ਸੁਖਪਾਲ ਸਿੰਘ ਅੱਵਲ ਸਥਾਨ ’ਤੇ ਰਹੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਫੈਮਿਲੀ ਜੱਜ ਸ. ਅਜਾਇਬ ਸਿੰਘ, ਵਧੀਕ ਜ਼ਿਲਾ ਤੇ ਸੈਸ਼ਨਜ਼ ਜੱਜ ਸ. ਬਰਜਿੰਦਰਪਾਲ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਰਵੀਨ ਕੁਮਾਰ, ਸਹਾਇਕ ਕਮਿਸ਼ਨਰ ਡਾ. ਕਰਮਜੀਤ ਸਿੰਘ, ਡੀ. ਆਰ. ਓ. ਗਗਨਦੀਪ ਸਿੰਘ, ਡੀ. ਡੀ. ਪੀ. ਓ. ਸੰਜੀਵ ਸ਼ਰਮਾ, ਸਿਵਲ ਸਰਜਨ ਡਾ. ਜੁਗਲ ਕਿਸ਼ੋਰ, ਡੀ. ਐੱਸ. ਪੀ. ਰਵਿੰਦਰ ਸਿੰਘ, ਡੀ. ਐੱਸ. ਪੀ. ਰਾਜੇਸ਼ ਛਿੱਬਡ਼, ਕਾਰਜ ਸਾਧਕ ਅਫਸਰ ਪਰਵਿੰਦਰ ਸਿੰਘ ਭੱਟੀ, ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਵਿਜਯ ਭਾਸਕਰ, ਜ਼ਿਲਾ ਸਪੋਰਟਸ ਅਫਸਰ ਜਸਪ੍ਰੀਤ ਸਿੰਘ ਅਤੇ ਕੋਚ ਗੁਰਵਿੰਦਰ ਕੌਰ ਵੀ ਹਾਜ਼ਰ ਸਨ।
ਅੈਪ੍ਰਲ ਫੂਲ ਦੀ ਬਜਾਏ ‘ਅੈਪ੍ਰਲ ਕੂਲ’ ਮਨਾਇਆ
NEXT STORY