ਚੰਡੀਗੜ੍ਹ/ਸੰਗਰੂਰ (ਭੁੱਲਰ)— ਸੰਗਰੂਰ ਦੇ ਪਿੰਡ ਚੰਗਾਲੀਵਾਲਾ 'ਚ ਦਲਿਤ ਨੌਜਵਾਨ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਦੇ ਮਾਮਲੇ ਨੂੰ ਲੈ ਕੇ ਮਚਿਆ ਬਵਾਲ ਹੁਣ ਖਤਮ ਹੋ ਗਿਆ। ਜਗਮੇਲ ਦੇ ਪਰਿਵਾਰ ਅਤੇ ਪੰਜਾਬ ਸਰਕਾਰ 'ਚ ਸਮਝੌਤਾ ਹੋ ਗਿਆ ਹੈ। ਇਸ ਦੀ ਜਾਣਕਾਰੀ ਸਮਝੌਤੇ ਤੋਂ ਬਾਅਦ ਕੀਤੀ ਗਈ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ ਅਤੇ ਵਿਜੇਇੰਦਰ ਸਿੰਗਲਾ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲਿਖਤੀ ਸਮਝੌਤਾ ਅਨੁਸਾਰ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਪੀੜਤ ਪਰਿਵਾਰ ਨੂੰ ਸਰਕਾਰ 20 ਲੱਖ ਰੁਪਏ ਮੁਆਵਜ਼ਾ ਦੇਵੇਗੀ। ਇਸ ਦੇ ਉਸ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ। ਪਤਨੀ ਨੂੰ 5ਵੀਂ ਪਾਸ ਹੋਣ ਦੇ ਬਾਵਜੂਦ ਘਰ ਦੇ ਨੇੜੇ ਵਿੱਦਿਅਕ ਯੋਗਤਾ 'ਚ ਮੁੱਖ ਮੰਤਰੀ ਵੱਲੋਂ ਛੋਟ ਦੇ ਕੇ ਗਰੁੱਪ-ਡੀ ਦੀ ਸਰਕਾਰੀ ਨੌਕਰੀ ਦਿੱਤੀ ਜਾਵੇਗੀ।
![PunjabKesari](https://static.jagbani.com/multimedia/17_52_099587551untitled-31 copy-ll.jpg)
ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਮਿਲਣ ਵਾਲੇ ਮੁਆਵਜ਼ੇ ਦੀ ਰਾਸ਼ੀ 'ਚੋਂ 6 ਲੱਖ ਰੁਪਏ ਪੋਸਟਮਾਰਟਮ ਵਾਲੇ ਦਿਨ ਅਤੇ ਬਾਕੀ ਦੇ 14 ਲੱਖ ਜਗਮੇਲ ਸਿੰਘ ਦੇ ਭੋਗ 'ਤੇ ਦਿੱਤੇ ਜਾਣਗੇ।
ਇਸ ਦੇ ਨਾਲ ਹੀ ਬੱਚਿਆਂ ਦੀ ਗਰੈਜੂਏਸ਼ਨ ਤੱਕ ਦੀ ਪੜ੍ਹਾਈ ਦਾ ਖਰਚਾ ਵੀ ਸਰਕਾਰ ਵੱਲੋਂ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੁਲਜ਼ਮਾਂ ਨੂੰ 3 ਮਹੀਨਿਆਂ ਦੇ ਅੰਦਰ-ਅੰਦਰ ਮੁਲਜ਼ਮਾਂ ਨੂੰ ਬਣਦੀ ਸ਼ਜਾ ਦਿਵਾਉਣ ਦੀ ਵੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਸਮਝੌਤੇ ਤੋਂ ਬਾਅਦ ਪਰਿਵਾਰ ਮ੍ਰਿਤਕ ਜਗਮੇਲ ਸਿੰਘ ਉਰਫ ਜੱਗੂ ਦੇ ਪੋਸਟਮਾਰਟਮ ਲਈ ਵੀ ਤਿਆਰ ਹੋ ਗਿਆ ਹੈ। ਸਮਝੌਤਾ ਹੋਣ ਤੋਂ ਬਾਅਦ ਸੰਘਰਸ਼ ਕਮੇਟੀ ਨੇ ਧਰਨਾ ਖਤਮ ਕਰਨ ਦਾ ਵੀ ਐਲਾਨ ਕੀਤਾ ਹੈ ਅਤੇ ਪਰਿਵਾਰ ਵਾਲੇ ਅੱਜ ਪੀ. ਜੀ. ਆਈ. 'ਚੋਂ ਜਗਮੇਲ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਲਾਸ਼ ਨੂੰ ਘਰ ਲਿਜਾਣਗੇ।
![PunjabKesari](https://static.jagbani.com/multimedia/17_52_517389917untitled-32 copy-ll.jpg)
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਧਰਨਾ ਪ੍ਰਦਰਸ਼ਨ ਕਰ ਰਹੇ ਲੋਕਾਂ ਵੱਲੋਂ ਬੀਬੀ ਰਜਿੰਦਰ ਕੌਰ ਭੱਠਲ ਦੀ ਕੋਠੀ ਦਾ ਘਿਰਾਉ ਵੀ ਕੀਤਾ ਗਿਆ ਸੀ, ਜਿਸ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਪੁਲਸ ਨਾਲ ਧੱਕਾ-ਮੁੱਕੀ ਵੀ ਹੋਈ ਸੀ। ਦੱਸ ਦੇਈਏ ਪਹਿਲਾਂ ਪਰਿਵਾਰਕ ਮੈਂਬਰ 50 ਲੱਖ ਰੁਪਏ ਮੁਆਵਜ਼ੇ ਅਤੇ ਸਰਕਾਰੀ ਨੌਕਰੀ ਲਈ ਅੜੇ ਹੋਏ ਸਨ। ਕਿਸਾਨ ਅਤੇ ਸਮਾਜਿਕ ਜਥੇਬੰਦੀਆਂ ਲੰਘੀ ਰਾਤ ਵੀ ਧਰਨੇ 'ਤੇ ਬੈਠੀਆਂ ਰਹੀਆਂ ਸਨ। ਪਰਿਵਾਰ ਨੇ ਸਪਸ਼ਟ ਕੀਤਾ ਸੀ ਕਿ ਮੰਗਾਂ ਮੰਨੇ ਜਾਣ ਤੋਂ ਬਾਅਦ ਹੀ ਮ੍ਰਿਤਕ ਜਗਮੇਲ ਦੀ ਲਾਸ਼ ਦਾ ਅੰਤਿਮ ਸੰਸਕਾਰ ਕਰਨਗੇ
ਬਟਾਲਾ ਫੈਕਟਰੀ ਧਮਾਕਾ ਮਾਮਲੇ 'ਚ ਸੁਪਰਡੈਂਟ ਸਮੇਤ 3 ਮੁੱਖ ਮੁਲਾਜ਼ਮ ਸਸਪੈਂਡ
NEXT STORY