ਜਲੰਧਰ : ਆਮ ਆਦਮੀ ਪਾਰਟੀ ਵੱਲੋਂ ਬਤੌਰ ਰਾਜ ਸਭਾ ਮੈਂਬਰ ਨਾਮਜ਼ਦ ਕੀਤੇ ਗਏ ਸੰਤ ਬਲਬੀਰ ਸਿੰਘ ਸੀਚੇਵਾਲ, ਜੋ ਕਿ ਚੌਗਿਰਦਾ ਪ੍ਰੇਮੀ ਦੇ ਤੌਰ ’ਤੇ ਜਾਣੇ ਜਾਂਦੇ ਹਨ, ਨੇ ਸਿਆਸਤ ਤੋਂ ਹਮੇਸ਼ਾ ਦੂਰੀ ਬਣਾਈ ਰੱਖੀ ਹੈ। ਉਹ 2 ਵਾਰ ਰਾਜ ਸਭਾ ਵਿਚ ਜਾਣ ਤੋਂ ਇਨਕਾਰ ਕਰ ਚੁੱਕੇ ਹਨ। ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਰਾਜ ਸਭਾ ’ਚ ਭੇਜਣ ਦੀ ਤਿਆਰੀ ਕਰ ਲਈ ਹੈ। ਸਿਆਸਤ ਅਤੇ ਚੌਗਿਰਦਾ ਵੱਖ-ਵੱਖ ਮੁੱਦੇ ਹਨ ਪਰ ਇਨ੍ਹਾਂ ਮੁੱਦਿਆਂ ’ਤੇ ਇਕੋ ਵੇਲੇ ਕਿਵੇਂ ਆਵਾਜ਼ ਉਠਾਈ ਜਾ ਸਕਦੀ ਹੈ ਪਰ ਜੇ ਸੰਤ ਸੀਚੇਵਾਲ ਰਾਜ ਸਭਾ ਵਿਚ ਜਾਂਦੇ ਹਨ ਤਾਂ ਕੀ ਉਹ ਸਰਗਰਮ ਸਿਆਸਤ ਵਿਚ ਵੀ ਆਉਣਗੇ ? ਇਨ੍ਹਾਂ ਮੁੱਦਿਆਂ ਨੂੰ ਲੈ ਕੇ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਪੇਸ਼ ਹਨ ਇਸ ਮੁਲਾਕਾਤ ਦੇ ਮੁੱਖ ਅੰਸ਼ :
- ਸਮਾਗਮ ਦੌਰਾਨ ਰਾਜ ਸਭਾ ’ਚ ਜਾਣ ਨੂੰ ਲੈ ਕੇ ਕੋਈ ਗੱਲ ਨਹੀਂ ਹੋਈ
ਕੀ ਭਗਵੰਤ ਮਾਨ ਨਾਲ ਹੋਈ ਮੁਲਾਕਾਤ ਵਿਚ ਤੈਅ ਹੋ ਗਿਆ ਸੀ ਕਿ ਤੁਸੀਂ ਰਾਜ ਸਭਾ ਜਾ ਰਹੇ ਹੋ ? ਇਸ ਸਵਾਲ ਦੇ ਜਵਾਬ ’ਚ ਸੀਚੇਵਾਲ ਨੇ ਦੱਸਿਆ ਕਿ ਸੰਤ ਅਵਤਾਰ ਸਿੰਘ ਦੀ ਬਰਸੀ ’ਤੇ ਆਯੋਜਿਤ ਸਮਾਗਮ ਦੇ ਮੌਕੇ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਿਰਮਲ ਕੁਟੀਆ ਸੀਚੇਵਾਲ ਆਏ ਸਨ। ਇਸ ਦੌਰਾਨ ਮੇਰੀ ਉਨ੍ਹਾਂ ਨਾਲ ਲੰਮੇ ਸਮੇਂ ਤਕ ਗੱਲਬਾਤ ਵੀ ਹੋਈ। ਗੱਲਬਾਤ ਦਾ ਮੁੱਖ ਵਿਸ਼ਾ ਦੂਸ਼ਿਤ ਹੋ ਰਿਹਾ ਚੌਗਿਰਦਾ, ਪੰਜਾਬ ਦੇ ਪਾਣੀ ਦਾ ਮਸਲਾ ਅਤੇ ਚਿੱਟੀ ਅਤੇ ਕਾਲੀ ਵੇਈਂ ਦੇ ਮੁੱਦੇ ਸਨ। ਇਸ ਦੌਰਾਨ ਰਾਜ ਸਭਾ ਵਿਚ ਜਾਣ ਨੂੰ ਲੈ ਕੇ ਕੋਈ ਗੱਲ ਨਹੀਂ ਹੋਈ।
ਇਹ ਵੀ ਪੜ੍ਹੋ: ਸੰਦੀਪ ਨੰਗਲ ਅੰਬੀਆਂ ਦੇ ਕਤਲ ਕਾਂਡ 'ਚ ਪੁਲਸ ਹੱਥ ਲੱਗੇ ਅਹਿਮ ਸੁਰਾਗ, ਗ੍ਰਿਫ਼ਤਾਰ ਮੁਲਜ਼ਮਾਂ ਤੋਂ ਖੁੱਲ੍ਹੀਆਂ ਹੋਰ ਪਰਤਾਂ
–ਇੰਝ ਭਰ ਦਿੱਤੀ ਰਾਜ ਸਭਾ ’ਚ ਜਾਣ ਦੀ ਹਾਮੀ
ਤੁਹਾਨੂੰ ਕਦੋਂ ਪਤਾ ਲੱਗਾ ਕਿ ਤੁਹਾਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਜਾ ਰਿਹਾ ਹੈ ? ਇਸ ’ਤੇ ਸੰਤ ਸੀਚੇਵਾਲ ਨੇ ਦੱਸਿਆ ਕਿ ਸਮਾਗਮ ਤੋਂ ਬਾਅਦ ਸ਼ਾਮ ਵੇਲੇ ਮੁੱਖ ਮੰਤਰੀ ਸਾਹਿਬ ਦਾ ਮੈਨੂੰ ਫੋਨ ਆਇਆ ਕਿ ਬਾਬਾ ਜੀ, ਅਸੀਂ ਤੁਹਾਨੂੰ ਰਾਜ ਸਭਾ ਵਿਚ ਭੇਜਣਾ ਚਾਹੁੰਦੇ ਹਾਂ। ਇਸ ’ਤੇ ਮੈਂ ਉਨ੍ਹਾਂ ਨੂੰ ਸਾਫ਼ ਮਨ੍ਹਾ ਕਰ ਦਿੱਤਾ ਕਿ ਇਹ ਸਾਡੇ ਵੱਸ ਦੀ ਗੱਲ ਨਹੀਂ। ਇਸ ’ਤੇ ਭਗਵੰਤ ਮਾਨ ਨੇ ਮੈਨੂੰ ਦੱਸੀਆਂ ਗਈਆਂ ਸਮੱਸਿਆਵਾਂ ਦਾ ਵਾਸਤਾ ਦੇ ਕੇ ਕਿਹਾ ਕਿ ਤੁਸੀਂ ਰਾਜ ਸਭਾ ਵਿਚ ਜਾ ਕੇ ਖ਼ੁਦ ਇਹ ਮੁੱਦੇ ਉਠਾ ਸਕਦੇ ਹੋ ਪਰ ਮੈਂ ਫਿਰ ਇਨਕਾਰ ਕਰ ਦਿੱਤਾ। ਰਾਤ ਨੂੰ ਦੋਬਾਰਾ ਮੁੱਖ ਮੰਤਰੀ ਨਾਲ ਗੱਲਬਾਤ ਹੋਈ। ਇਸ ਦੌਰਾਨ ਸੀ. ਐੱਮ. ਨੇ ਮੈਨੂੰ ਕਿਹਾ ਕਿ ਜਿਵੇਂ ਤੁਸੀਂ ਚਾਹੁੰਦੇ ਹੋ ਅਸੀਂ ਨਾ ਤਾਂ ਰਾਜ ਸਭਾ ਵਿਚ ਭੇਜ ਕੇ ਤੁਹਾਨੂੰ ਸਿਆਸੀ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਕਹਾਂਗੇ ਅਤੇ ਨਾ ਹੀ ਤੁਸੀਂ ਕਿਸੇ ਚੋਣ ਮੁਹਿੰਮ ਦਾ ਹਿੱਸਾ ਬਣੋਗੇ, ਤੁਸੀਂ ਸਿਰਫ਼ ਰਾਜ ਸਭਾ ਵਿਚ ਪੰਜਾਬ ਦੇ ਮਸਲਿਆਂ ਦੀ ਗੱਲ ਕਰੋ। ਜੇ ਤੁਸੀਂ ਸਰਗਰਮ ਸਿਆਸਤ ਵਿਚ ਨਹੀਂ ਆਉਣਾ ਚਾਹੁੰਦੇ ਤਾਂ ਵੀ ਪਾਰਟੀ ਤੁਹਾਨੂੰ ਰਾਜ ਸਭਾ ’ਚ ਭੇਜਣ ਲਈ ਤਿਆਰ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮੈਨੂੰ ਸਵੇਰੇ 10 ਵਜੇ ਤਕ ਸੋਚ ਕੇ ਜਵਾਬ ਦੇਣ ਦੀ ਗੱਲ ਕਹੀ। ਮੈਂ ਸਵੇਰੇ ਸੰਗਤ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਸੰਗਤ ਦੇ ਕਹਿਣ ’ਤੇ ਅਖ਼ੀਰ ਰਾਜ ਸਭਾ ਵਿਚ ਜਾਣ ਦੀ ਹਾਮੀ ਭਰ ਦਿੱਤੀ।
-ਰਾਜ ਸਭਾ ’ਚ ਚੌਗਿਰਦੇ ਅਤੇ ਪੰਜਾਬ ਦੇ ਮੁੱਦੇ ਉਠਾਉਂਦਾ ਰਹਾਂਗਾ
ਕੀ ਹੁਣ ਤੁਸੀਂ ਸਰਗਰਮ ਸਿਆਸਤ ਵਿਚ ਨਹੀਂ ਆਓਗੇ ? ਇਸ ’ਤੇ ਉਨ੍ਹਾਂ ਕਿਹਾ ਕਿ ਸੀ. ਐੱਮ. ਭਗਵੰਤ ਮਾਨ ਦੇ ਨਾਲ ਗੱਲਬਾਤ ਦੌਰਾਨ ਹੀ ਇਹ ਸਪਸ਼ਟ ਕਰ ਦਿੱਤਾ ਗਿਆ ਸੀ। ਮੈਂ ਸਰਗਰਮ ਸਿਆਸਤ ਦਾ ਹਿੱਸਾ ਨਾ ਬਣ ਕੇ ਰਾਜ ਸਭਾ ਵਿਚ ਚੌਗਿਰਦੇ ਅਤੇ ਪੰਜਾਬ ਦੇ ਮੁੱਦੇ ਉਠਾਉਂਦਾ ਰਹਾਂਗਾ ਤਾਂ ਜੋ ਪੰਜਾਬ ਦੀ ਜਵਾਨੀ ਅਤੇ ਚੌਗਿਰਦੇ ਨੂੰ ਬਚਾਇਆ ਜਾ ਸਕੇ। ਪਾਰਟੀ ਨੂੰ ਵੀ ਲੱਗਦਾ ਹੈ ਕਿ ਮੈਂ ਰਾਜ ਸਭਾ ਵਿਚ ਰਹਿ ਕੇ ਹਵਾ, ਮਿੱਟੀ, ਪਾਣੀ ਅਤੇ ਗੁਰਬਾਣੀ ਦੇ ਸਿਧਾਂਤ ਦੀ ਗੱਲ ਕਰ ਸਕਦਾ ਹਾਂ।
ਇਹ ਵੀ ਪੜ੍ਹੋ: ਫਿਲੌਰ ਵਿਖੇ ਪੰਜਾਬ ਪੁਲਸ ਅਕੈਡਮੀ ’ਚ ਡਰੱਗ ਰੈਕੇਟ ਦੇ ਮਾਮਲੇ ’ਚ ਆਇਆ ਨਵਾਂ ਮੋੜ, ਹੋ ਸਕਦੀ ਹੈ CBI ਜਾਂਚ
-ਸਿਆਸਤ ਨਾਲ ਮੇਰਾ ਕੋਈ ਸਬੰਧ ਨਹੀਂ
ਕੀ ਤੁਹਾਨੂੰ ਨਹੀਂ ਲੱਗਦਾ ਕਿ ਰਾਜ ਸਭਾ ਵਿਚ ਜਾਣ ਨਾਲ ਤੁਸੀਂ ਸਿਆਸਤ ਨਾਲ ਜੁੜ ਜਾਓਗੇ? ਇਸ ’ਤੇ ਸੰਤ ਸੀਚੇਵਾਲ ਨੇ ਕਿਹਾ–ਸਿਆਸਤ ਵਿਚ ਮੇਰਾ ਕੋਈ ਦਖ਼ਲ ਜਾਂ ਸਬੰਧ ਨਹੀਂ ਹੈ। ਮੈਂ ਸੀਚੇਵਾਲ ਪਿੰਡ ਦਾ 10 ਸਾਲ ਤਕ ਸਰਪੰਚ ਵੀ ਰਿਹਾ ਪਰ ਕਦੇ ਵੋਟਾਂ ਪਵਾ ਕੇ ਨਹੀਂ ਸਗੋਂ ਪਿੰਡ ਵਾਸੀਆਂ ਦੀ ਸਰਬਸੰਮਤੀ ਨਾਲ ਸਰਪੰਚ ਬਣਿਆ। ਜੇ ਤੁਸੀਂ ਮੈਨੂੰ ਰਾਜ ਸਭਾ ਵਿਚ ਭੇਜਣਾ ਚਾਹੁੰਦੇ ਹੋ ਅਤੇ ਮੈਂ ਨਾ ਜਾਵਾਂ ਅਤੇ ਕੋਈ ਹੋਰ ਚਲਾ ਜਾਵੇ ਤਾਂ ਇੰਝ ਚੌਗਿਰਦੇ ਦੇ ਮੁੱਦੇ ’ਤੇ ਇਸ ਪੱਧਰ ਤਕ ਨਹੀਂ ਪਹੁੰਚ ਸਕਾਂਗਾ ਜਿਵੇਂ ਬਤੌਰ ਰਾਜ ਸਭਾ ਮੈਂਬਰ ਇਹ ਮੁੱਦੇ ਚੁੱਕੇ ਜਾ ਸਕਦੇ ਹਨ। ਬਾਕੀ ਪਾਰਟੀ ਨੂੰ ਵੀ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਮੈਂ ਸਰਗਰਮ ਸਿਆਸਤ ਦਾ ਹਿੱਸਾ ਨਹੀਂ ਬਣਾਂਗਾ। ਮੈਂ ਇਸ ਨੂੰ ਚੈਲੇਂਜ ਮੰਨ ਕੇ ਸਵੀਕਾਰ ਕਰ ਲਿਆ ਹੈ।
- ਨੌਜਵਾਨਾਂ ਦਾ ਮੁੱਦਾ ਪਹਿਲ ਦੇ ਆਧਾਰ ’ਤੇ ਚੁੱਕਾਂਗਾ
ਰਾਜ ਸਭਾ ਵਿਚ ਕਿਹੜੇ ਮੁੱਦੇ ਪਹਿਲ ਦੇ ਆਧਾਰ ’ਤੇ ਚੁੱਕੇ ਜਾਣਗੇ? ਇਸ ’ਤੇ ਸੰਤ ਸੀਚੇਵਾਲ ਦਾ ਜਵਾਬ ਸੀ ਕਿ ਦਿੱਲੀ ਪਹੁੰਚ ਕੇ ਪਹਿਲ ਦੇ ਆਧਾਰ ’ਤੇ ਧਰਤੀ, ਪਾਣੀ ਅਤੇ ਪੰਜਾਬ ਦੇ ਬਾਹਰ ਜਾ ਰਹੇ ਪੈਸਿਆਂ ਦੀ ਗੱਲ ਕਰਾਂਗਾ। ਪੰਜਾਬ ਦੇ ਨੌਜਵਾਨ ਵਿਦੇਸ਼ਾਂ ਦਾ ਰੁਖ਼ ਕਰ ਰਹੇ ਹਨ, ਉਨ੍ਹਾਂ ਦਾ ਮੁੱਦਾ ਪਹਿਲ ਦੇ ਅਧਾਰ ’ਤੇ ਚੁੱਕਿਆ ਜਾਵੇਗਾ।
ਇਹ ਵੀ ਪੜ੍ਹੋ: ਜ਼ਿਮਨੀ ਚੋਣ ਨੂੰ ਲੈ ਕੇ ਸੰਗਰੂਰ ਹਲਕਾ ਚਰਚਾ 'ਚ, ਇਸ ਸੀਟ ਨੇ ਪੰਜਾਬ ਨੂੰ ਦਿੱਤੇ ਹਨ ਤਿੰਨ ਮੁੱਖ ਮੰਤਰੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
NAS 2021 ਨੂੰ ਲੈ ਕੇ ਸਿੱਖਿਆ ਮੰਤਰੀ ਮੀਤ ਹੇਅਰ ਦਾ ਵੱਡਾ ਬਿਆਨ, ਕਹੀ ਇਹ ਗੱਲ
NEXT STORY