ਮੁਕੇਰੀਆਂ(ਨਾਗਲਾ) - ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਹੁਕਮਨਾਮੇ ਅਤੇ ਤਖਤ ਸਾਹਿਬਾਨ ਦੇ ਜਥੇਦਾਰਾਂ ਪ੍ਰਤੀ ਅਪਣਾਈ ਗਈ ਸੌੜੀ ਸੋਚ ਕਾਰਨ ਅੱਜ ਸਮੁੱਚੀ ਸਿੱਖ ਕੌਮ ਵਿਚ ਰੋਸ ਦੀ ਲਹਿਰ ਹੈ। ਜਿਸ ਕਾਰਨ ਅੱਜ ਮੈਂ ਪੰਥ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਕਾਲੀ ਦਲ ਵੱਲੋਂ ਦਿੱਤੇ ਗਏ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਦਾ ਐਲਾਨ ਕਰਦਾ ਹਾਂ।
ਇਹ ਪ੍ਰਗਟਾਵਾ ਅਕਾਲੀ ਆਗੂ ਸਰਬਜੋਤ ਸਿੰਘ ਸਾਬੀ ਨੇ ਕਰਦਿਆਂ ਕਿਹਾ ਕਿ ਇਕ ਵਾਰ ਫਿਰ ਪਾਰਟੀ ਲੀਡਰਸ਼ਿਪ ਨੂੰ ਅਪੀਲ ਕਰਦਾ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਹੁਕਮਨਾਮੇ ਨੂੰ ਇਨ ਬਿਨ ਲਾਗੂ ਕੀਤਾ ਜਾਵੇ ਨਹੀਂ ਤਾਂ ਪਾਰਟੀ ਦੀ ਮੌਜੂਦਾ ਲੀਡਰਸ਼ਿਪ ਨੂੰ ਪੰਥ ਅਤੇ ਤਾਰੀਖ ਕਦੇ ਮੁਆਫ ਨਹੀਂ ਕਰੇਗੀ। ਜ਼ਿਕਰਯੋਗ ਹੈ ਕਿ ਸਰਬਜੋਤ ਸਿੰਘ ਸਾਬੀ ਅਕਾਲੀ ਦਲ ਦੇ ਜਨਰਲ ਸਕੱਤਰ, ਹਲਕਾ ਮੁਕੇਰੀਆਂ ਦੇ ਇੰਚਾਰਜ ਅਤੇ ਮੈਂਬਰ ਵਰਕਿੰਗ ਕਮੇਟੀ ਹਨ। ਉਨ੍ਹਾਂ ਅੱਗੇ ਕਿਹਾ ਕਿ
2 ਦਸੰਬਰ ਵਾਲੇ ਦਿਨ ਜਾਰੀ ਹੋਏ ਹੁਕਮਨਾਮਿਆਂ ਤੋਂ ਲੈ ਕੇ ਅੱਜ ਤੱਕ ਦੇ ਸਫਰ ਨੂੰ ਸਾਰਿਆਂ ਨੇ ਚੰਗੀ ਤਰ੍ਹਾਂ ਵੇਖਿਆ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਬਹੁਤ ਤਕਰਾਰਬਾਜ਼ੀ ਚੱਲਦੀ ਰਹੀ। ਸ਼੍ਰੋਮਣੀ ਅਕਾਲੀ ਦਲ ਦੋ ਧਿਰਾਂ ’ਚ ਵੰਡਿਆ ਗਿਆ। ਜਿਸ ਕਾਰਨ ਪਾਰਟੀ ਮੈਂਬਰ ਅਤੇ ਲੀਡਰਸ਼ਿਪ ਦਾ ਹੌਸਲਾ ਟੁੱਟਿਆ।
ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਅਸੀਂ ਅੱਜ ਤੱਕ ਦੇਖਦੇ ਰਹੇ ਤੇ ਸੋਚਦੇ ਰਹੇ ਸ਼ਾਇਦ ਕੋਈ ਨਾ ਕੋਈ ਇਸ ਮਸਲੇ ਦਾ ਹੱਲ ਨਿਕਲ ਜਾਵੇਗਾ ਤੇ ਸ਼੍ਰੋਮਣੀ ਅਕਾਲੀ ਦਲ ਇਸ ਔਖੀ ਘੜੀ ’ਚੋਂ ਨਿਕਲ ਕੇ ਬਾਹਰ ਆਏਗਾ। ਉਨ੍ਹਾਂ ਅੱਗੇ ਕਿਹਾ ਕਿ ਗਿਆਨੀ ਰਘਬੀਰ ਸਿੰਘ ਜੀ ਵੱਲੋਂ ਜਿਸ ਫਸੀਲ ਤੋਂ ਹੁਕਮ ਕੀਤੇ ਗਏ, ਉਹ ਹੁਕਮ ਗਿਆਨੀ ਰਘਬੀਰ ਸਿੰਘ ਜੀ ਦੇ ਨਹੀਂ ਸਗੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਹਨ ਤੇ ਕੋਈ ਵੀ ਸਿੱਖ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਅਵੱਗਿਆ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਜੇ ਇਸ ਗੱਲ ‘ਸ੍ਰੀ ਅਕਾਲ ਤਖਤ ਸਾਹਿਬ ਮਹਾਨ ਹੈ, ਸਿੱਖ ਕੌਮ ਦੀ ਸ਼ਾਨ ਹੈ’ ਨੂੰ ਮੰਨਦੇ ਹਾਂ ਤਾਂ ਫਿਰ ਅਮਲ ਕਿਉਂ ਨਹੀਂ ਕਰ ਰਹੇ। ਸਾਡੇ ਬਜ਼ੁਰਗਾਂ ਤੋਂ ਲੈ ਕੇ ਹੁਣ ਤੱਕ ਅਸੀਂ ਅਕਾਲੀ ਦਲ ’ਚ ਰਹਿੰਦਿਆਂ ਵਿਰੋਧੀ ਪਾਰਟੀਆਂ ਨਾਲ ਤਕੜੇ ਹੋ ਕੇ ਲੜਦੇ ਰਹੇ ਹਾਂ ਪਰ ਅਸੀਂ ਉਸ ਤਖਤ ਦੇ ਖਿਲਾਫ ਨਹੀਂ ਖੜ੍ਹ ਸਕਦੇ, ਜਿਹੜਾ ਤਖਤ ਗੁਰੂ ਸਾਹਿਬ ਵੱਲੋਂ ਬਣਾਇਆ ਗਿਆ ਹੋਵੇ।
ਵੱਡੇ-ਵੱਡੇ ਰਾਜਿਆਂ ਤੋਂ ਲੈ ਕੇ ਹੁਣ ਤੱਕ ਕਈ ਮੰਤਰੀਆਂ ਨੇ ਤਖਤ ਦੇ ਅੱਗੇ ਸਿਰ ਝੁਕਾ ਕੇ ਆਪਣੀਆਂ ਭੁੱਲਾ ਬਖਸ਼ਾਈਆਂ ਹਨ। ਲੇਕਿਨ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਸਹੀ ਰਸਤੇ ਉੱਪਰ ਚੱਲਣ ਦੀ ਥਾਂ ਤਖਤ ਸਾਹਿਬਾਨ ਨਾਲ ਮੱਥਾ ਲਾ ਰਹੀ ਹੈ। ਸਰਬਜੋਤ ਸਿੰਘ ਸਾਬੀ ਨੇ ਆਖਿਰ ਵਿਚ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨਾਲ ਜਿਸ ਤਰ੍ਹਾਂ ਦਾ ਰਵੱਈਆ ਅਪਣਾਇਆ ਜਾ ਰਿਹਾ ਹੈ। ਉਸ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ-ਮਰਿਆਦਾ ਨੂੰ ਬਹੁਤ ਵੱਡੀ ਠੇਸ ਵੱਜੀ ਹੈ। ਇਸ ਕਰ ਕੇ ਮੈਂ ਪਾਰਟੀ ’ਚ ਵੱਖ-ਵੱਖ ਅਹੁਦਿਆਂ ਤੋਂ ਅਸਤੀਫਾ ਦਿੰਦਾ ਹਾਂ ਅਤੇ ਇਕ ਨਿਮਾਣੇ ਵਰਕਰ ਦੀ ਤਰ੍ਹਾਂ ਆਪਣੇ ਹਲਕੇ ਦੇ ਲੋਕਾਂ ਦੀ ਆਪਣੇ ਸਾਥੀਆਂ ਨਾਲ ਮਿਲ ਕੇ ਸੇਵਾ ਕਰਦਾ ਰਹਾਂਗਾ।
ਲੁਧਿਆਣਾ 'ਚ ਵਾਪਰਿਆ ਵੱਡਾ ਹਾਦਸਾ, ਮਲਬੇ ਹੇਠ ਦੱਬੇ ਮਜ਼ਦੂਰ
NEXT STORY