ਮੋਗਾ (ਪਵਨ ਗਰੋਵਰ)— ਭੈਣਾਂ ਅਤੇ ਭਰਾਵਾਂ ਦੇ ਰਿਸ਼ਤੇ ਨੂੰ ਦਰਸਾਉਂਦਾ ਰੱਖੜੀ ਦਾ ਤਿਉਹਾਰ ਸੱਤ ਅਗਸਤ ਨੂੰ ਜਿੱਥੇ ਪੂਰੇ ਦੇਸ਼ ਭਰ ਵਿਚ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ, ਉੱਥੇ ਸਤਿਕਾਰ ਕਮੇਟੀ ਮੋਗਾ ਨੇ ਇਕ ਵੱਡਾ ਫੈਸਲਾ ਲੈਂਦਿਆ ਕਿਸੇ ਵੀ ਗੁਰੂ ਘਰ ਵਿਚ ਰੱਖੜੀ ਨਾ ਬੰਨ੍ਹਣ ਦਾ ਫੈਸਲਾ ਕੀਤਾ ਹੈ। ਸਤਿਕਾਰ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਖਾਲਸਾ, ਪ੍ਰੈੱਸ ਸਕੱਤਰ ਹਰਦੀਪ ਸਿੰਘ ਦੌਲਤਪੁਰਾ, ਬਲਰਾਜ ਸਿੰਘ, ਇੰਦਰਜੀਤ ਸਿੰਘ, ਸੁਰਿੰਦਰ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਇਸ ਵਾਰ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀਆਂ ਸਿੰਘਾਂ ਅਤੇ ਪ੍ਰਬੰਧਕੀ ਕਮੇਟੀਆਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਗੁਰੂ ਘਰ ਵਿਚ ਕਿਸੇ ਨੂੰ ਰੱਖੜੀ ਬੰਨ੍ਹਣ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਵੇਂ ਕਿ ਆਮ ਤੌਰ 'ਤੇ ਦੇਖਿਆ ਜਾਂਦਾ ਕਿ ਰੱਖੜੀ ਵਾਲੇ ਦਿਨ ਨਿਸ਼ਾਨ ਸਾਹਿਬ, ਮੰਜੀ ਸਾਹਿਬ ਜਾਂ ਗੁਰੂ ਸਾਹਿਬ ਜੀ ਦੇ ਸਾਹਮਣੇ ਬਣੇ ਜੰਗਲਿਆਂ ਉੱਪਰ ਰੱਖੜੀਆਂ ਬੰਨ੍ਹੀਆਂ ਜਾਂਦੀਆਂ ਹਨ। ਪਰ ਇਸ ਵਾਰ ਅਜਿਹਾ ਨਹੀਂ ਕੀਤਾ ਜਾਵੇਗਾ। ਸਤਿਕਾਰ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਅੱਜ ਤੋਂ ਹੀ ਗੁਰਦੁਆਰਿਆਂ ਦੇ ਸਪੀਕਰਾਂ ਰਾਹੀਂ ਅਨਾਊਂਸਮੈਂਟ ਕਰਵਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਬੀਬੀਆਂ ਨੂੰ ਅਪੀਲ ਕੀਤੀ ਕਿ ਉਹ ਰੱਖੜੀ ਦੀ ਮਨਮੱਤ ਦਾ ਤਿਆਗ ਕਰਕੇ ਮਾਈ ਭਾਗੋ ਵਾਲਾ ਬਾਣਾ ਪਹਿਨ ਕੇ ਆਪਣੀ ਰਾਖੀ ਆਪ ਕਰਨ। ਸਤਿਕਾਰ ਕਮੇਟੀ ਨੇ ਕਿਹਾ ਕਿ ਜਿੱਥੇ ਵੀ ਕਿਤੇ ਇਸ ਕਮੇਟੀ ਦੇ ਇਸ ਫੈਸਲੇ ਦੀ ਉਲੰਘਣਾ ਹੋਈ ਤਾਂ ਸਬੂਤਾਂ ਸਮੇਤ ਪੁੱਛ-ਪੜਤਾਲ ਕੀਤੀ ਜਾਵੇਗੀ।
ਹੜ੍ਹਾਂ ਵਰਗੇ ਹਾਲਾਤ ਨਾਲ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਪ੍ਰਬੰਧ ਮੁਕੰਮਲ: ਡਿਪਟੀ ਕਮਿਸ਼ਨਰ
NEXT STORY