ਜਲੰਧਰ (ਕਮਲੇਸ਼)—ਭਾਰਤ ਦੇ ਕਾਨੂੰਨ ਮੁਤਾਬਕ ਸੱਟਾ ਖੇਡਣਾ ਗੈਰ-ਕਾਨੂੰਨੀ ਹੈ ਪਰ ਇਸ ਦੇ ਬਾਵਜੂਦ ਸੱਟੇ ਦੀ ਖੇਡ ਨਿਰੰਤਰ ਚਲੀ ਆ ਰਹੀ ਹੈ। ਇਸ ਗੈਰ-ਕਾਨੂੰਨੀ ਧੰਦੇ ਨੂੰ ਚਲਾਉਣ ਵਾਲੇ ਸਰਗਣਿਆਂ ਨੇ ਇਸ ਨੂੰ ਹੁਣ ਹਾਈਟੈੱਕ ਰੂਪ ਦੇ ਦਿੱਤਾ ਹੈ। ਸੱਟੇ ਦਾ ਰਿਜ਼ਲਟ ਸੱਟਾ ਕਿੰਗ ਵੈੱਬਸਾਈਟ 'ਤੇ ਆਨਲਾਈਨ ਆਉਂਦਾ ਹੈ, ਇਸ 'ਚ ਵੱਖ–ਵੱਖ ਗੇਮਾਂ ਦੇ ਰਿਜ਼ਲਟ ਆਉਂਦੇ ਹਨ, ਜਿਨ੍ਹਾਂ 'ਚ ਦਿੱਲੀ, ਦਿਸਾਵਰ, ਗਲੀ ਅਤੇ ਗਾਜ਼ੀਆਬਾਦ ਪ੍ਰਮੁੱਖ ਹਨ।
ਜਾਣਕਾਰੀ ਅਨੁਸਾਰ ਇਕੱਲੇ ਪੰਜਾਬ 'ਚ ਹੀ ਰੋਜ਼ਾਨਾ 100 ਕਰੋੜ ਦਾ ਸੱਟਾ ਲੱਗਦਾ ਹੈ, ਅੰਕੜਿਆਂ ਅਨੁਸਾਰ ਪੰਜਾਬ 'ਚ ਸਾਲ ਭਰ ਵਿਚ ਲੱਗਣ ਵਾਲਾ ਸੱਟਾ ਕੁੱਝ ਸੂਬਿਆਂ ਦੇ ਐਨੂਅਲ ਬਜਟ ਤੋਂ ਵੀ ਜ਼ਿਆਦਾ ਹੈ। ਇਸ ਸਾਰੀ ਖੇਡ 'ਚ ਵੱਡੇ ਖਿਡਾਰੀ ਸ਼ਾਮਲ ਹਨ।
ਇਨ੍ਹਾਂ ਜ਼ਿਲਿਆਂ 'ਚ ਲੱਗਦਾ ਹੈ ਸਭ ਤੋਂ ਜ਼ਿਆਦਾ ਸੱਟਾ
ਜਲੰਧਰ, ਲੁਧਿਆਣਾ,
ਅੰਮ੍ਰਿਤਸਰ, ਰੂਪਨਗਰ
ਆਈ. ਟੀ. ਐਕਸ 2000 ਦੇ ਤਹਿਤ ਆਨਲਾਈਨ ਸੱਟਾ ਚਲਾਉਣ ਵਾਲਿਆਂ ਨੂੰ 7 ਸਾਲ ਦੀ ਸਜ਼ਾ ਦੀ ਵਿਵਸਥਾ : ਐਡਵੋਕੇਟ ਰਿਚਾ ਚੌਧਰੀ
ਐਡਵੋਕੇਟ ਰਿਚਾ ਚੌਧਰੀ ਦਾ ਕਹਿਣਾ ਹੈ ਕਿ ਆਨਲਾਈਨ ਸੱਟਾ ਚਲਾਉਣ ਦਾ ਦੋਸ਼ੀ ਸਾਬਿਤ ਹੋਣ 'ਤੇ 7 ਸਾਲ ਦੀ ਸਜ਼ਾ ਦੀ ਵਿਵਸਥਾ ਹੈ ਅਤੇ ਇਹ ਕ੍ਰਾਈਮ ਰਿਪੀਟਿਡ ਹੋਣ 'ਤੇ ਉਮਰ ਕੈਦ ਦੀ ਸਜ਼ਾ ਦੀ ਵਿਵਸਥਾ ਹੈ।
ਸੱਟਾ ਵੈੱਬਸਾਈਟ 'ਤੇ ਕਿਉਂ ਨਹੀਂ ਹੁੰਦੀ ਕਾਰਵਾਈ!
ਇਨ੍ਹਾਂ ਸੱਟਾ ਵੈੱਬਸਾਈਟਾਂ ਦੀ ਜਾਣਕਾਰੀ ਪੁਲਸ ਤੋਂ ਲੁਕੀ ਨਹੀਂ ਹੈ ਪਰ ਇਸ ਦੇ ਬਾਵਜੂਦ ਇਨ੍ਹਾਂ ਵੈੱਬਸਾਈਟਾਂ 'ਤੇ ਰੋਕ ਨਾ ਲਾਉਣ ਕਾਰਨ ਪੁਲਸ ਵੀ ਸਵਾਲਾਂ ਦੇ ਘੇਰੇ 'ਚ ਖੜ੍ਹੀ ਹੁੰਦੀ ਹੈ। ਇਸ ਵੈੱਬਸਾਈਟ ਨੂੰ ਸਾਈਬਰ ਸੈੱਲ ਦੀ ਸਹਾਇਤਾ ਨਾਲ ਬੰਦ ਕੀਤਾ ਜਾ ਸਕਦਾ ਹੈ। ਸੱਟਾ ਲਾਉਣ ਵਾਲੇ ਲੋਕ ਇਨ੍ਹਾਂ ਸਾਈਟਸ 'ਤੇ ਡਿਪੈਂਡ ਹੁੰਦੇ ਹਨ। ਜੇਕਰ ਇਹ ਸਾਈਟਸ ਬੰਦ ਕਰ ਦਿੱਤੀਆਂ ਜਾਣ ਤਾਂ ਲੋਕਾਂ ਵਲੋਂ ਲਾਏ ਜਾ ਰਹੇ ਸੱਟੇ ਦੇ ਰੁਝਾਨਾਂ 'ਚ ਵੀ ਕਮੀ ਆਵੇਗੀ।
ਕਿੰਝ ਲੱਗਦਾ ਹੈ ਸੱਟਾ?
ਗਾਹਕ ਨੂੰ ਪੈਸੇ ਜਿੱਤਣ ਲਈ 1 ਤੋਂ 100 ਨੰਬਰ 'ਚੋਂ ਇਕ ਦੀ ਚੋਣ ਕਰਨੀ ਹੁੰਦੀ ਹੈ, ਸਹੀ ਅੰਕਲਨ ਕਰਨ 'ਤੇ ਉਸ ਨੂੰ 1 ਹਜ਼ਾਰ ਰੁਪਏ ਦਾ ਸੱਟਾ ਲਾਉਣ 'ਤੇ ਲੱਖਾਂ ਰੁਪਏ ਦਿੱਤੇ ਜਾਂਦੇ ਹਨ ਅਤੇ ਇਸੇ ਲਾਲਚ 'ਚ ਫਸ ਕੇ ਹਰ ਰੋਜ਼ ਲੋਕ ਆਪਣੇ ਪੈਸੇ ਗੁਆਉਂਦੇ ਹਨ। ਹਰ ਇਕ ਸੱਟੇ ਦੀ ਗੇਮ ਦੇ ਰਿਜ਼ਲਟ ਦੀ ਟਾਈਮਿੰਗ ਤੈਅ ਹੁੰਦੀ ਹੈ ਜਿਵੇਂ ਦਿੱਲੀ ਦਾ ਰਿਜ਼ਲਟ ਸਵੇਰੇ 5 ਵਜੇ ਅਤੇ ਗਲੀ ਦਾ ਰਿਜ਼ਲਟ ਰਾਤ ਨੂੰ 11 ਵਜੇ ਆਉਂਦਾ ਹੈ।
ਵੈੱਬਸਾਈਟ 'ਤੇ ਸੱਟੇ ਦਾ ਰਿਜ਼ਲਟ ਦੇਣ ਵਾਲਿਆਂ ਖਿਲਾਫ ਹੋਵੇਗੀ ਕਾਰਵਾਈ : ਡੀ. ਸੀ. ਪੀ. ਗੁਰਮੀਤ ਸਿੰਘ
ਡੀ. ਸੀ. ਪੀ. ਕ੍ਰਾਈਮ ਐਡੀਸ਼ਨਲ ਚਾਰਜ ਸਾਈਬਰ ਸੈੱਲ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਵੈੱਬਸਾਈਟ 'ਤੇ ਸੱਟੇ ਦਾ ਰਿਜ਼ਲਟ ਦੇਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਹੋਵੇਗੀ। ਜਿਹੜੇ ਲੋਕ ਅਜਿਹੀ ਵੈਬਸਾਈਟ ਨੂੰ ਚਲਾ ਰਹੇ ਹਨ, ਉਨ੍ਹਾਂ ਨੂੰ ਜਲਦੀ ਬੇਨਕਾਬ ਕੀਤਾ ਜਾਵੇਗਾ। ਸਾਈਬਰ ਸੈੱਲ ਦੇ ਕਰਮਚਾਰੀਆਂ ਦੀ ਮਦਦ ਨਾਲ ਉਕਤ ਵੈੱਬਸਾਈਟ ਨੂੰ ਬਲਾਕ ਕੀਤਾ ਜਾਏਗਾ।
ਸਰਕਾਰੀ ਲਾਟਰੀ ਦੀ ਸ਼ਹਿ 'ਤੇ ਵੀ ਲੱਗਦਾ ਹੈ ਸੱਟਾ
ਸਰਕਾਰੀ ਲਾਟਰੀ ਦੀ ਸ਼ਹਿ 'ਤੇ ਵੀ ਕਈ ਲੋਕ ਸੱਟਾ ਲਵਾਉਂਦੇ ਹਨ ਅਤੇ ਭੋਲੇ-ਭਾਲੇ ਲੋਕਾਂ ਨੂੰ ਠੱਗਦੇ ਹਨ। ਪੁਲਸ ਨੂੰ ਸਭ ਪਤਾ ਹੁੰਦਾ ਹੈ ਪਰ ਸਿਰਫ ਦਿਖਾਵੇ ਲਈ ਕਾਰਵਾਈ ਹੁੰਦੀ ਹੈ, ਬਾਅਦ 'ਚ ਫਿਰ ਤੋਂ ਅਜਿਹਾ ਕਰਨ ਵਾਲੇ ਲੋਕ ਆਪਣੇ ਧੰਦੇ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੰਦੇ ਹਨ।
ਇਨ੍ਹਾਂ ਵੈੱਬਸਾਈਟਾਂ 'ਤੇ ਆਉਂਦੇ ਹਨ ਸੱਟੇ ਦੇ ਰਿਜ਼ਲਟ
1. ਸੱਟਾਕਿੰਗ-ਇੰਡੀਆ ਡਾਟ ਕਾਮ
2. ਸੱਟਾਕਿੰਗ ਦਰਬਾਰ ਡਾਟ ਕਾਮ
3. ਸੱਟਾਕਿੰਗ ਬਾਜ਼ਾਰ ਡਾਟ ਇਨ
ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਅਦਾਲਤ 'ਚ ਪੇਸ਼ ਕਰਨ ਦੇ ਹੁਕਮ
NEXT STORY