ਲੁਧਿਆਣਾ (ਰਾਜ) : ਕੇਂਦਰ ਸਰਕਾਰ ਵੱਲੋਂ ਗਰੀਬ ਲੋਕਾਂ ਦੇ ਇਲਾਜ ਲਈ ਸ਼ੁਰੂ ਕੀਤੀ ਗਈ, ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ 'ਚ ਵੀ ਫਰਜ਼ੀਵਾੜਾ ਹੋ ਰਿਹਾ ਹੈ। ਲੁਧਿਆਣਾ 'ਚ ਬਣੇ ਸੀ. ਐੱਸ. ਸੀ. (ਕਾਮਨ ਸਰਵਿਸ ਸੈਂਟਰ) ਪੈਸਿਆਂ ਦੇ ਲਾਲਚ 'ਚ ਲੋਕਾਂ ਨੂੰ ਫਰਜ਼ੀ ਗੋਲਡਨ ਕਾਰਡ ਬਣਾ ਕੇ ਦੇ ਰਹੇ ਹਨ। ਸਿਵਿਲ ਹਸਪਤਾਲ 'ਚ ਇਲਾਜ ਕਰਵਾਉਣ ਲਈ ਆਏ ਕੁਝ ਲੋਕਾਂ ਦੇ ਕਾਰਡ ਚੈੱਕ ਕਰਨ 'ਤੇ ਇਹ ਫਰਜ਼ੀਵਾੜਾ ਸਾਹਮਣੇ ਆਇਆ ਹੈ। ਇੱਥੇ ਦੱਸਦੇ ਹਾਂ ਕਿ ਇਸ ਤੋਂ ਪਹਿਲਾਂ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ 'ਚ ਆਯੂਸ਼ਮਾਨ ਕਾਰਡ ਦਾ ਫਰਜ਼ੀਵਾੜਾ ਸਾਹਮਣੇ ਆ ਚੁੱਕਾ ਹੈ।
ਗਰੀਬ ਲੋਕਾਂ ਲਈ ਆਯੂਸ਼ਮਾਨ ਸਰਬੱਤ ਸਿਹਤ ਬੀਮਾ ਯੋਜਨਾ
ਦਰਅਸਲ, ਭਾਰਤ 'ਚ ਇਲਾਜ ਮਹਿੰਗਾ ਹੈ। ਇਸ ਲਈ ਭਾਰਤ ਸਰਕਾਰ ਨੇ ਗਰੀਬ ਲੋਕਾਂ ਦੇ ਇਲਾਜ ਲਈ ਆਯੂਸ਼ਮਾਨ ਸਰਬੱਤ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਸੀ, ਜਿਸ 'ਚ 6 ਕੈਟਾਗਿਰੀਆਂ ਬਣਾਈਆਂ ਗਈਆਂ ਸੀ ਅਤੇ ਉਨ੍ਹਾਂ 'ਚ ਵੱਖ-ਵੱਖ ਸ਼੍ਰੇਣੀ ਦੇ ਲੋਕਾਂ ਨੂੰ ਰੱਖਿਆ ਗਿਆ ਸੀ ਤਾਂ ਕਿ ਇਨ੍ਹਾਂ ਯੋਜਨਾਵਾਂ ਤਹਿਤ ਲਾਭਪਾਤਰੀ ਸਿਵਿਲ ਹਸਪਤਾਲ ਤੋਂ ਇਲਾਵਾ ਕੋਈ ਪ੍ਰਾਈਵੇਟ ਹਸਪਤਾਲ 'ਚ ਮੁਫਤ ਇਲਾਜ ਕਰਵਾ ਸਕਦਾ ਹੈ। ਗੋਲਡਨ ਕਾਰਡ ਲਈ ਸਿਵਿਲ ਹਸਪਤਾਲ 'ਚ ਚਾਰ ਕਾਊਂਟਰ 'ਤੇ ਅਰੋਗ ਮਿੱਤਰ ਬਿਠਾਏ ਗਏ ਹਨ, ਜੋ ਕਿ ਕਾਰਡ ਬਣਾ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਜਿਸ ਕੰਪਨੀ ਨਾਲ ਕਰਾਰ ਹੋਇਆ ਹੈ, ਉਸ ਨੇ ਲੁਧਿਆਣਾ ਦੇ ਵਾਰਡ 'ਚ 128 ਕਾਮਨ ਸਰਵਿਸ ਸੈਂਟਰ ਬਣਾਏ ਹੋਏ ਹਨ। ਇਸ ਕਾਰਡ 'ਤੇ 124 ਤਰ੍ਹਾਂ ਦੀਆਂ ਬੀਮਾਰੀਆਂ ਦਾ ਇਲਾਜ ਹੋ ਸਕਦਾ ਹੈ।
ਇਸ ਤਰ੍ਹਾਂ ਬਣ ਰਹੇ ਹਨ ਫਰਜ਼ੀ ਕਾਰਡ
ਗੋਲਡਨ ਕਾਰਡ ਬਣਾਉਣ ਲਈ ਜਦੋਂ ਕਿਸੇ ਦਾ ਨਾਂ ਕੰਪਨੀ ਦੀ ਵੈੱਬਸਾਈਡ 'ਤੇ ਪੈ ਜਾਂਦਾ ਹੈ ਤਾਂ ਉਸ ਨਾਂ ਦੇ ਦੇਸ਼ 'ਚ ਜਿੰਨੇ ਵੀ ਲੋਕ ਹੁੰਦੇ ਹਨ। ਉਨ੍ਹਾਂ ਦੀ ਸੂਚੀ ਨਿਕਲ ਜਾਂਦੀ ਹੈ। ਇਸ ਤੋਂ ਬਾਅਦ ਫਰਜ਼ੀ ਕਾਰਡ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ। ਕਾਮਨ ਸਰਵਿਸ ਸੈਂਟਰ ਵਾਲੇ ਉਨ੍ਹਾਂ ਨਾਵਾਂ ਨਾਲ ਮਿਲਦੇ-ਜੁਲਦੇ ਨਾਵਾਂ ਦੇ ਲੋਕਾਂ ਦੀਆਂ ਫੋਟੋਆਂ ਲਾ ਕੇ ਨਕਲੀ ਕਾਰਡ ਬਣਾਏ ਜਾ ਰਹੇ ਹਨ। ਜਦੋਂ ਇਸ ਤਰ੍ਹਾਂ ਕਾਰਡ ਲੈ ਕੇ ਲੋਕ ਹਸਪਤਾਲ ਗਏ ਤਾਂ ਪਰਿਵਾਰਕ ਮੈਂਬਰਾਂ ਦੇ ਨਾਂ ਅਤੇ ਪਤੇ ਕਾਰਡਧਾਰਕ ਦੇ ਵੈੱਬਸਾਈਡ ਨਾਲ ਮੈਚ ਨਹੀਂ ਹੋਏ। ਨਕਲੀ ਕਾਰਡ ਬਣਾਉਣ ਤੋਂ ਬਾਅਦ ਸਹੀ ਲਾਭਪਾਤਰੀ ਦਾ ਕਾਰਡ ਨਹੀਂ ਬਣੇਗਾ। ਜਦੋਂ ਤਕ ਕੰਪਨੀ ਨਕਲੀ ਕਾਰਡ ਨੂੰ ਰੱਦ ਨਹੀਂ ਕਰਦੀ।
ਲੁਧਿਆਣਾ 'ਚ ਬਣੇ ਹਨ 128 ਸੀ. ਐੱਸ. ਸੈਂਟਰ
ਪੰਜਾਬ ਸਰਕਾਰ ਨੇ ਕਾਰਡ ਬਣਾਉਣ ਦਾ ਠੇਕਾ ਇਕ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਹੈ। ਕੰਪਨੀ ਵੱਲੋਂ ਸਿਵਿਲ ਹਸਪਤਾਲ 'ਚ 4 ਕਾਊਂਟਰ ਲਾਏ ਗਏ ਹਨ। ਜੋ ਕਿ ਨਵੇਂ ਕਾਰਡ ਬਣਾ ਰਹੇ ਹਨ ਅਤੇ ਇਸ ਤੋਂ ਇਲਾਵਾ ਇਲਾਜ ਕਰਵਾਉਣ ਵਾਲੇ ਲੋਕਾਂ ਨੂੰ ਪੂਰਾ ਪ੍ਰਾਸੈੱਸ ਸਮਝਾਉਂਦੇ ਹਨ। ਇਸ ਤੋਂ ਇਲਾਵਾ ਕੰਪਨੀ ਨੇ ਲੁਧਿਆਣਾ ਦੇ ਵਾਰਡ ਵਾਈਜ਼ ਕੁਲ 128 ਕਾਮਨ ਸਰਵਿਸ ਸੈਂਟਰ ਬਣਾਏ ਗਏ ਹਨ, ਜਿਨ੍ਹਾਂ ਕੋਲ ਗੋਲਡਨ ਕਾਰਡ ਬਣਾਉਣ ਲਈ ਆਈ. ਡੀ. ਹੈ, ਜੋ ਕਿ ਲੋਕਾਂ ਦੇ ਗੋਲਡਨ ਕਾਰਡ ਬਣਾਉਂਦੇ ਹਨ।
ਸਿਵਿਲ ਹਸਪਤਾਲ 'ਚ ਆਏ ਲੋਕਾਂ ਦੇ ਕਾਰਡ ਚੈੱਕ ਕਰਨ 'ਤੇ ਹੋਇਆ ਖੁਲਾਸਾ
ਕੁਝ ਦਿਨ ਪਹਿਲਾਂ ਲੁਧਿਆਣਾ ਦੇ ਸਿਵਿਲ ਹਸਪਤਾਲ 'ਚ ਅੰਜੂ ਸਹਿਗਲ ਆਪਣੇ ਪਤੀ ਦੀ ਕਿਡਨੀ ਦੀ ਬੀਮਾਰੀ ਦੇ ਇਲਾਜ ਲਈ ਆਈ ਸੀ। ਡਾਕਟਰਾਂ ਦੇ ਚੈੱਕਅਪ ਤੋਂ ਬਾਅਦ ਸਾਰੀ ਫਾਈਲ ਬਣ ਗਈ। ਜਦੋਂ ਕਲੇਮ ਲਈ ਆਯੂਸ਼ਮਾਨ ਕਾਰਡ ਸੈਂਟਰ 'ਤੇ ਗਿਆ ਤਾਂ ਪਤਾ ਲੱਗਾ ਕਿ ਉਕਤ ਕਾਰਡ ਦੇ ਮੈਂਬਰਾਂ ਦੀ ਮੈਚਿੰਗ ਨਹੀਂ ਹੋ ਰਹੀ ਹੈ। ਔਰਤ ਨੇ ਦੱਸਿਆ ਕਿ ਉਸ ਨੇ ਹੰਬੜਾ ਰੋਡ ਸਥਿਤ ਇਕ ਸੀ. ਐੱਸ. ਸੀ. ਸੈਂਟਰ ਤੋਂ ਕਾਰਡ ਬਣਵਾਇਆ ਸੀ। ਇਸ ਤਰ੍ਹਾਂ ਹੀ ਸਤਪਾਲ ਸਿੰਘ ਨਾਲ ਵੀ ਹੋਇਆ। ਜਦੋਂ ਬੀਮਾਰੀ ਲਈ ਕਾਰਡ ਚੈੱਕ ਕਰਵਾਇਆ ਤਾਂ ਉਹ ਇਸ ਤਰ੍ਹਾਂ ਫਰਜ਼ੀ ਸਾਹਮਣੇ ਆ ਚੁੱਕੇ ਹਨ। ਇਸ ਲਈ ਅਰੋਗ ਮਿੱਤਰ ਨੇ ਉਕਤ ਕਾਰਡਜ਼ ਕੈਂਸਲ ਕਰਨ ਲਈ ਕੰਪਨੀ ਨੂੰ ਭੇਜ ਦਿੱਤੇ ਹਨ।
100 ਤੋਂ 200 ਰੁਪਏ ਲੈ ਕੇ ਬਣਾਏ ਜਾ ਰਹੇ ਨੇ ਫਰਜ਼ੀ ਕਾਰਡ
ਲੁਧਿਆਣਾ ਦੇ ਕਈ ਕਾਮਨ ਸਰਵਿਸ ਸੈਂਟਰ ਚੰਦ ਪੈਸਿਆਂ ਦੇ ਲਾਲਚ 'ਚ ਫਰਜ਼ੀ ਕਾਰਡ ਬਣਾ ਰਹੇ ਹਨ। ਸੂਤਰ ਦੱਸਦੇ ਹਨ ਕਿ ਸੀ. ਐੱਸ. ਸੀ. ਲੋਕਾਂ ਤੋਂ 100 ਤੋਂ 200 ਰੁਪਏ ਲੈ ਕੇ ਕਾਰਡ ਬਣਾ ਰਹੇ ਹਨ। ਹਲਾਂਕਿ ਇਸ ਤੋਂ ਪਹਿਲਾਂ 128 'ਚੋਂ ਕਈ ਸੀ. ਐੱਸ. ਸੈਂਟਰਾਂ ਦੀ ਆਈ. ਡੀ. ਬੰਦ ਕੀਤੀ ਜਾ ਚੁੱਕੀ ਹੈ। ਬਾਵਜੂਦ ਇਸ ਦੇ ਸੀ. ਐੱਸ. ਸੈਂਟਰ ਫਰਜ਼ੀ ਕਾਰਡ ਬਣਾਉਣ ਤੋਂ ਗੁਰੇਜ਼ ਨਹੀਂ ਕਰ ਰਹੇ ਹਨ।
ਮਾਮਲਾ ਗੰਭੀਰ ਹੈ ਪਰ ਇਸ ਤਰ੍ਹਾਂ ਹੋ ਰਿਹਾ ਹੈ ਤਾਂ ਇਸ ਦੀ ਉੱਚ ਪੱਧਰੀ ਜਾਂਚ ਲਈ ਕਹਾਂਗਾ। -ਅਨੁਰਾਗ ਅਗਰਵਾਲ, ਪ੍ਰਿੰਸੀਪਲ ਸੈਕਟਰੀ ਹੈਲਥ ਵਾਈਸ ਚੈਅਰਮੈਨ (ਪੰਜਾਬ)
ਨਸ਼ੇ ਨੇ ਉਜਾੜਿਆ ਘਰ, ਦੋ ਬੱਚੀਆਂ ਦੇ ਸਿਰੋਂ ਉੱਠਿਆ ਪਿਤਾ ਦਾ ਸਾਇਆ
NEXT STORY