ਕਰਤਾਰਪੁਰ(ਸਾਹਨੀ)— ਕਰਤਾਰਪੁਰ ਵਿਖੇ ਸ਼ੁੱਕਰਵਾਰ ਨੂੰ ਇਕ ਉਦਘਾਟਨੀ ਸਮਾਗਮ 'ਚ ਸ਼ਾਮਲ ਹੋਣ ਆਏ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਸਥਾਨਕ ਨਗਰ ਸੁਧਾਰ ਟਰੱਸਟ, ਨਗਰ ਕੌਂਸਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਅਚਨਚੇਤ ਚੈਕਿੰਗ ਕੀਤੀ ਗਈ, ਜਿਸ ਦੌਰਾਨ 8 ਕਰਮਚਾਰੀ ਡਿਊਟੀ ਤੋਂ ਗੈਰ-ਹਾਜ਼ਰ ਪਾਏ ਗਏ। ਆਪਣੇ ਕਰਤਾਰਪੁਰ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਸਭ ਤੋਂ ਪਹਿਲਾਂ ਕਰਤਾਰਪੁਰ ਨਗਰ ਸੁਧਾਰ ਟਰੱਸਟ ਦੇ ਦਫਤਰ ਵਿਖੇ ਕਰਮਚਾਰੀਆਂ ਦੀ ਹਾਜ਼ਰੀ ਚੈੱਕ ਕੀਤੀ ਗਈ, ਜਿਸ ਦੌਰਾਨ ਟਰੱਸਟ ਦੇ 5 ਕਰਮਚਾਰੀ ਆਪਣੀ ਡਿਊਟੀ ਤੋਂ ਗੈਰ-ਹਾਜ਼ਰ ਮਿਲੇ। ਇਸੇ ਤਰ੍ਹਾਂ ਡਿਪਟੀ ਕਮਿਸ਼ਨਰ ਵੱਲੋਂ ਨਗਰ ਕੌਂਸਲ ਕਰਤਾਰਪੁਰ ਦੇ ਦਫਤਰ ਵਿਖੇ ਵੀ ਜਾਂਚ ਕੀਤੀ ਗਈ। ਜਾਂਚ ਦੌਰਾਨ ਕੌਂਸਲ ਦੇ 3 ਅਧਿਕਾਰੀ ਗੈਰ-ਹਾਜ਼ਰ ਮਿਲੇ। ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਤਾਰਪੁਰ ਵਿਖੇ ਵੀ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਦੀ ਹਾਜ਼ਰੀ ਚੈੱਕ ਕੀਤੀ ਗਈ ਅਤੇ ਸਾਰੇ ਅਧਿਆਪਕ ਅਤੇ ਕਰਮਚਾਰੀ ਸਕੂਲ 'ਚ ਹਾਜ਼ਰ ਸਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਵੱਖ-ਵੱਖ ਦਫਤਰਾਂ 'ਚ ਕਰਮਚਾਰੀਆਂ ਦੀ ਸਮੇਂ-ਸਿਰ ਹਾਜ਼ਰੀ ਯਕੀਨੀ ਬਣਾਉਣ ਲਈ ਜਲੰਧਰ ਜ਼ਿਲੇ 'ਚ ਦਫਤਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਆਮ ਲੋਕਾਂ ਨੂੰ ਸਰਕਾਰੀ ਸੇਵਾਵਾਂ ਪ੍ਰਾਪਤ ਕਰਨ 'ਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਪੇਸ਼ ਨਾ ਆਵੇ। ਡਿਪਟੀ ਕਮਿਸ਼ਨਰ ਨੇ ਇਹ ਵੀ ਸਪਸ਼ਟ ਕੀਤਾ ਕਿ ਜਾਂਚ ਦੌਰਾਨ ਗੈਰ-ਹਾਜ਼ਰ ਪਾਏ ਗਏ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾ ਰਹੇ ਹਨ ਅਤੇ ਨਾਲ ਹੀ ਉਨ੍ਹਾਂ ਦੇ ਵਿਭਾਗਾਂ ਨੂੰ ਅਗਲੇਰੀ ਕਾਰਵਾਈ ਲਈ ਲਿਖਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਵੱਖ-ਵੱਖ ਦਫਤਰਾਂ 'ਚ ਅਚਨਚੇਤ ਜਾਂਚ ਅਗਾਮੀ ਦਿਨਾਂ 'ਚ ਵੀ ਜਾਰੀ ਰਹੇਗੀ ਅਤੇ ਕਿਸੇ ਵੀ ਕਰਮਚਾਰੀ ਵੱਲੋਂ ਡਿਊਟੀ 'ਚ ਗੈਰ-ਹਾਜ਼ਰੀ ਜਾਂ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇ-ਮਿਲ 'ਚ ਬੱਚਿਆਂ ਨੂੰ ਖਾਣ ਵਾਲੇ ਸਾਮਾਨ ਸਬੰਧੀ ਗਹਿਰੀ ਦਿਲਚਸਪੀ ਵਿਖਾਉਂਦਿਆਂ ਸਕੂਲ ਦੇ ਰਸੋਈਘਰ 'ਚ ਜਾ ਕੇ ਖਾਲੀ ਬਰਤਨ ਵੀ ਚੈੱਕ ਕੀਤੇ ਅਤੇ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਰਾਸ਼ਨ ਦੀ ਜਾਣਕਾਰੀ ਲੈਂਦਿਆਂ ਖਾਣਾ ਤਿਆਰ ਕਰਨ ਵਾਲੇ ਸਟਾਫ ਨਾਲ ਵੀ ਗੱਲਬਾਤ ਕੀਤੀ ਗਈ। ਉਨ੍ਹਾਂ ਨੇ ਸਕੂਲ ਪ੍ਰਬੰਧਕਾਂ ਅਤੇ ਖਾਣਾ ਤਿਆਰ ਕਰਕੇ ਪਰੋਸਣ ਵਾਲੇ ਸਟਾਫ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਜ਼ਿਲੇ ਭਰ ਦੇ ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਦਿੱਤੇ ਜਾਂਦੇ ਦੁਪਹਿਰ ਦੇ ਖਾਣੇ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਸਕੂਲ 'ਚ ਮੈਡੀਕਲ ਅਤੇ ਨਾਨ-ਮੈਡੀਕਲ ਵਿਦਿਆਰਥੀਆਂ ਨਾਲ ਆਪਣੀ ਪੰਜਾਬ ਇੰਜੀਨੀਅਰਿੰਗ ਕਾਲਜ (ਪੈਕ) ਵਿਖੇ ਪੜ੍ਹਾਈ ਦੇ ਤਜਰਬਿਆਂ ਨੂੰ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀ ਆਪਣੀ ਪੜ੍ਹਾਈ ਦੌਰਾਨ ਹੀ ਆਪਣਾ ਉਦੇਸ਼ ਮਿੱਥ ਕੇ ਯਤਨਸ਼ੀਲ ਹੋਣ ਅਤੇ ਉਸ ਦੀ ਪ੍ਰਾਪਤੀ ਤੱਕ ਲਗਾਤਾਰ ਮਿਹਨਤ ਕਰਨ।
ਸੋਸ਼ਲ ਮੀਡੀਆ 'ਤੇ ਖਤਰਨਾਕ ਸ਼ਰਾਬ ਤਿਆਰ ਕਰਨ ਦੀ ਫੁਟੇਜ ਨਾਲ ਮਚੀ ਹਾਹਾਕਾਰ
NEXT STORY