ਮਾਛੀਵਾੜਾ ਸਾਹਿਬ (ਟੱਕਰ) : ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਸਾਲੂ ਭੈਣੀ ਵਿਖੇ ਸਕੂਲੀ ਬੱਸ ਹੇਠਾਂ ਆ ਜਾਣ ਕਾਰਨ ਮਾਸੂਮ ਬੱਚੇ ਸਮਰਦੀਪ ਸਿੰਘ ਦੀ ਮੌਤ ਹੋ ਗਈ ਸੀ ਅਤੇ ਇਸ ਮਾਮਲੇ ਵਿਚ ਪੁਲਸ ਵਲੋਂ ਬੱਸ ਚਾਲਕ ਦੇ ਨਾਲ ਸਕੂਲ ਦੀ ਪ੍ਰਬੰਧਕ ਕਮੇਟੀ ਖਿਲਾਫ਼ ਵੀ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਸਮਰਦੀਪ ਦੇ ਪਿਤਾ ਹਰਮੇਸ਼ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਕੱਲ੍ਹ ਜਦੋਂ ਉਸਦੀ ਪਤਨੀ ਵੱਡੀ ਲੜਕੀ ਰਮਨਦੀਪ ਕੌਰ ਨੂੰ ਸਕੂਲੀ ਬੱਸ ਵਿਚ ਚੜ੍ਹਾਉਣ ਗਈ ਸੀ ਤਾਂ ਉੱਥੇ ਨਾਲ ਹੀ ਗਏ ਛੋਟੇ ਲੜਕੇ ਸਮਰਦੀਪ ਸਿੰਘ ਨੂੰ ਬੱਸ ਚਾਲਕ ਨੇ ਅਣਗਹਿਲੀ ਨਾਲ ਦਰੜ ਦਿੱਤਾ। ਇਸ ਹਾਦਸੇ ਵਿਚ ਸਮਰਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਜਦਕਿ ਬੱਸ ਚਾਲਕ ਮੌਕੇ ਤੋਂ ਬੱਸ ਭਜਾ ਕੇ ਲੈ ਗਿਆ ਸੀ।
ਬਿਆਨਕਰਤਾ ਨੇ ਦੱਸਿਆ ਕਿ ਇਹ ਬੱਸ ਜਿੱਥੇ ਬਿਨਾਂ ਨੰਬਰ ਤੋਂ ਸੀ ਉੱਥੇ ਨਾਲ ਹੈਲਪਰ ਵੀ ਮੌਜੂਦ ਨਹੀਂ ਸੀ ਜੋ ਕਿ ਨਿਯਮਾਂ ਅਨੁਸਾਰ ਚਾਹੀਦਾ ਹੈ ਜਿਸ ਕਾਰਨ ਸਕੂਲ ਪ੍ਰਬੰਧਕ ਕਮੇਟੀ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਪੁਲਸ ਵਲੋਂ ਇਸ ਬੱਸ ਚਾਲਕ ਨਵਦੀਪ ਸਿੰਘ ਵਾਸੀ ਗਰਚਾ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਨਾਲ ਹੀ ਸਕੂਲ ਦੀ ਪ੍ਰਬੰਧਕ ਕਮੇਟੀ ਖਿਲਾਫ਼ ਵੀ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਮਧੂ ਬਾਲਾ ਨੇ ਦੱਸਿਆ ਕਿ ਇਸ ਮਾਮਲੇ ਵਿਚ ਵਾਹਨ ਚਾਲਕ ਨਵਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਸਕੂਲ ਪ੍ਰਬੰਧਕ ਕਮੇਟੀ ਦੀ ਜਾਂਚ ਕੀਤੀ ਜਾਵੇਗੀ ਕਿ ਉਸ ਵਿਚ ਕਿਹੜੇ-ਕਿਹੜੇ ਵਿਅਕਤੀ ਸ਼ਾਮਲ ਹਨ, ਉਨ੍ਹਾਂ ਨੂੰ ਵੀ ਇਸ ਲਾਪ੍ਰਵਾਹੀ ਦੇ ਕਥਿਤ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਜਾਵੇਗਾ। ਥਾਣਾ ਮੁਖੀ ਨੇ ਇਲਾਕੇ ਦੀਆਂ ਸਮੂਹ ਸਕੂਲ ਪ੍ਰਬੰਧਕ ਕਮੇਟੀਆਂ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਉਹ ਵਿਦਿਆਰਥੀਆਂ ਨੂੰ ਸਕੂਲ ਲਿਜਾਣ ਲਈ ਰੱਖੀਆਂ ਬੱਸਾਂ ਦੀ ਚੈਕਿੰਗ ਕਰਨਗੇ ਅਤੇ ਜੇਕਰ ਕੋਈ ਵੀ ਨਿਯਮਾਂ ਦੀ ਕੁਤਾਹੀ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
SIT ਵਲੋਂ ਤਲਬ ਕੀਤੇ ਜਾਣ ਮਗਰੋਂ ਸੁਖਬੀਰ ਬਾਦਲ ਦਾ ਵੱਡਾ ਬਿਆਨ (ਵੀਡੀਓ)
NEXT STORY