ਲੌਂਗੋਵਾਲ (ਵਸ਼ਿਸ਼ਟ) : ਲੌਂਗੋਵਾਲ 'ਚ ਸ਼ਨੀਵਾਰ ਦੁਪਹਿਰੇ ਵਾਪਰੇ ਦਿਲ ਕੰਬਾਅ ਦੇਣ ਵਾਲੇ ਹਾਦਸੇ ਵਿਚ 4 ਮਾਸੂਮ ਬੱਚਿਆਂ ਨੂੰ ਬਚਾਉਣ ਵਾਲੀ ਨੌਵੀਂ ਜਮਾਤ ਦੀ ਅਮਨਦੀਪ ਕੌਰ ਨੂੰ ਪੰਜਾਬ ਸਰਕਾਰ ਸਨਮਾਨਤ ਕਰੇਗੀ। ਇਸ ਦਾ ਐਲਾਨ ਅੱਜ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਕੀਤਾ ਹੈ। ਬੀਬੀ ਭੱਠਲ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਪੰਜਾਬ ਸਰਕਾਰ ਪੀੜਤ ਪਰਿਵਾਰਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿਚ ਬਹਾਦਰ ਬੱਚੀ ਨੂੰ ਪੰਜਾਬ ਸਰਕਾਰ ਵਲੋਂ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ। ਸਕੂਲ ਵੈਨ ਹਾਦਸੇ 'ਚ ਮਾਰੇ ਗਏ ਮਾਸੂਮਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਪੀੜਤ ਪਰਿਵਾਰਾਂ ਨੂੰ ਹੌਂਸਲਾ ਦਿੰਦਿਆਂ ਕਿਹਾ ਕਿ ਲੌਂਗੋਵਾਲ ਦੀ ਧਰਤੀ ਨਾਲ ਮੇਰੇ ਪਰਿਵਾਰ ਦਾ ਰਿਸ਼ਤਾ ਜੁੜਿਆ ਹੋਇਆ ਹੈ ਅਤੇ ਇੱਥੋਂ ਦਾ ਹਰ ਇਕ ਦੁੱਖ ਮੇਰਾ ਆਪਣਾ ਦੁੱਖ ਹੈ।
ਇਸ ਘਟਨਾ ਨੇ ਸਮੁੱਚੇ ਇਲਾਕੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਬੀਬੀ ਭੱਠਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਬੱਚੀ ਨੇ ਚਾਰ ਬੱਚਿਆਂ ਦੀ ਜਾਨ ਬਚਾਈ ਹੈ, ਉਸ ਨੂੰ ਸਰਕਾਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਹੋਰ ਨਾ ਵਾਪਰਨ ਸਰਕਾਰ ਵੱਲੋਂ ਸਖ਼ਤ ਕਦਮ ਉਠਾਏ ਜਾਣਗੇ।
ਦੱਸਣਯੋਗ ਹੈ ਕਿ ਜਿਸ ਸਮੇਂ ਵੈਨ ਨੂੰ ਅੱਗ ਲੱਗੀ ਉਸ ਸਮੇਂ ਅਮਨਦੀਪ ਕੌਰ ਉਥੋਂ ਲੰਘ ਰਹੀ ਸੀ। ਇਸ ਦੌਰਾਨ ਉਸ ਨੇ ਵੈਨ ਦੀ ਖਿੜ੍ਹਕੀ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਕੋਈ ਖਿੜ੍ਹਕੀ ਨਹੀਂ ਸੀ ਖੁੱਲ੍ਹੀ, ਜਿਸ ਤੋਂ ਬਾਅਦ ਉਸ ਨੇ ਲੋਹੇ ਦੀ ਰਾਡ ਨਾਲ ਸ਼ੀਸ਼ਾ ਤੋੜਿਆ ਅਤੇ ਹਿੰਮਤ ਦਿਖਾਉਂਦੇ ਹੋਏ 4 ਬੱਚਿਆਂ ਨੂੰ ਬਲਦੀ ਵੈਨ 'ਚੋਂ ਬਾਹਰ ਕੱਢਿਆ। ਇਸ ਦੌਰਾਨ ਨੇੜੇ ਖੇਤਾਂ ਵਿਚ ਕੰਮ ਕਰ ਰਹੇ ਲੋਕ ਅਤੇ ਰਾਹਗੀਰ ਮਦਦ ਲਈ ਆ ਗਏ, ਜਿਨ੍ਹਾਂ ਨੇ ਬਾਕੀ ਬੱਚਿਆਂ ਨੂੰ ਜਿਊਂਦਾ ਬਾਹਰ ਕੱਢਿਆ ਪਰ ਅਫਸੋਸ ਦੀ ਗੱਲ ਇਹ ਰਹੀ ਕਿ ਵੈਨ ਦੀ ਵਿਚਕਾਰਲੀ ਸੀਟ 'ਤੇ ਬੈਠੇ 4 ਮਾਸੂਮ ਬੱਚਿਆਂ ਨੂੰ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਬਚਾਇਆ ਨਹੀਂ ਜਾ ਸਕਿਆ। ਲੋਕਾਂ ਨੇ ਜਿੱਥੇ ਇਸ ਬੱਚੀ ਦੀ ਦਲੇਰੀ ਦੀ ਪ੍ਰਸ਼ੰਸਾ ਕੀਤਾ ਹੈ, ਉਥੇ ਹੀ ਪ੍ਰਸ਼ਾਸਨ ਅਤੇ ਸਰਕਾਰ ਪਾਸੋਂ ਮੰਗ ਕੀਤੀ, ਉਥੇ ਹੀ ਸਰਕਾਰ ਪਾਸੋਂ ਵੀ ਇਸ ਨੂੰ ਸਨਮਾਨਿਤ ਕਰਨ ਦੀ ਮੰਗ ਕੀਤੀ ਸੀ।
ਗੁਰੂਹਰਸਹਾਏ ਦੇ ਹਸਪਤਾਲ ’ਚ 2 ਧਿਰਾਂ ਵਿਚਾਲੇ ਹੋਈ ਘਮਾਸਾਨ ਲੜਾਈ
NEXT STORY