ਤਪਾ (ਸ਼ਾਮ ਗਰਗ): ਜ਼ਿਲ੍ਹਾ ਬਰਨਾਲਾ ਵਿਚ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਪਰਾਲੀ ਪ੍ਰਬੰਧਨ ਮੁਹਿੰਮ ਲਗਾਤਾਰ ਚਲਾਈ ਜਾ ਰਹੀ ਹੈ। ਇਸੇ ਤਹਿਤ ਐੱਸਡੀਐੱਮ ਤਪਾ ਆਯੂਸ਼ ਗੋਇਲ ਆਈਏਐੱਸ ਨੇ ਪਿੰਡ ਪੱਖੋਂ ਕਲਾਂ ਵਿੱਚ ਸਥਾਪਤ ਪੈਲੇਟ ਯੂਨਿਟ ਦਾ ਦੌਰਾ ਕਰਕੇ ਇਸ ਦੇ ਕੰਮਕਾਜ ਬਾਰੇ ਜਾਣਕਾਰੀ ਹਾਸਲ ਕੀਤੀ।
ਪਿੰਡ ਖੁੱਡੀ ਕਲਾਂ ਦੇ ਕਿਸਾਨ ਬੂਟਾ ਸਿੰਘ ਨੇ ਆਪਣੇ ਚਚੇਰੇ ਭਰਾ ਪਰਵਿੰਦਰ ਸਿੰਘ ਨਾਲ ਮਿਲ ਕੇ ਪਿਛਲੇ ਸਾਲ ਇਹ ਯੂਨਿਟ ਸ਼ੁਰੂ ਕੀਤਾ ਸੀ। ਇਸ ਲਈ ਉਨ੍ਹਾਂ ਨੇ 22 ਏਕੜ ਜ਼ਮੀਨ ਲੀਜ਼ ’ਤੇ ਲਈ, ਜਿਸ ਵਿਚੋਂ 12 ਏਕੜ ਪੰਚਾਇਤੀ ਜ਼ਮੀਨ ਹੈ। ਯੂਨਿਟ ਵਿਚ ਝੋਨੇ ਦੀ ਪਰਾਲੀ ਤੋਂ ਪੈਲੇਟਸ (ਟਿੱਕੀਆਂ) ਤਿਆਰ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਦੀ ਸਪਲਾਈ ਵੱਖ-ਵੱਖ ਥਰਮਲ ਪਾਵਰ ਪਲਾਂਟਾਂ ਅਤੇ ਹੋਰ ਇਕਾਈਆਂ ਨੂੰ ਕੀਤੀ ਜਾਂਦੀ ਹੈ।
ਬੂਟਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਯੂਨਿਟ ਵਿੱਚ ਹਰ ਸਾਲ ਲਗਭਗ ਢਾਈ ਲੱਖ ਕੁਇੰਟਲ ਪਰਾਲੀ ਦੀ ਖਰੀਦ ਕਰਕੇ ਵਰਤੋਂ ਕੀਤੀ ਜਾਂਦੀ ਹੈ। ਬੇਲਰ ਮਾਲਕਾਂ ਰਾਹੀਂ ਇਕੱਠੀ ਕੀਤੀ ਪਰਾਲੀ ਨੂੰ ਪੈਲੇਟਸ ਵਿੱਚ ਬਦਲ ਕੇ ਲਾਭਦਾਇਕ ਉਤਪਾਦ ਤਿਆਰ ਕੀਤਾ ਜਾਂਦਾ ਹੈ। ਇਸ ਉਪਰਾਲੇ ਦਾ ਮੁੱਖ ਮਕਸਦ ਪਰਾਲੀ ਦੀ ਸੁਚੱਜੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਅਤੇ ਰੁਜ਼ਗਾਰ ਤੇ ਆਮਦਨ ਦਾ ਟਿਕਾਊ ਸਾਧਨ ਵਿਕਸਿਤ ਕਰਨਾ ਹੈ।
ਐੱਸ.ਡੀ.ਐੱਮ. ਆਯੂਸ਼ ਗੋਇਲ ਨੇ ਬੂਟਾ ਸਿੰਘ ਅਤੇ ਪਰਵਿੰਦਰ ਸਿੰਘ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਰਾਲੀ ਤੋਂ ਪੈਲੇਟਸ ਤਿਆਰ ਕਰਨਾ ਵਾਤਾਵਰਨ ਦੀ ਸੰਭਾਲ ਅਤੇ ਖੇਤੀਬਾੜੀ ਦੀ ਰਹਿੰਦ-ਖੂੰਹਦ ਦੀ ਸੁਚੱਜੀ ਵਰਤੋਂ ਵੱਲ ਅਹਿਮ ਕਦਮ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਦੇ ਬਦਲਵੇਂ ਅਤੇ ਵਾਤਾਵਰਨ ਪੱਖੀ ਤਰੀਕੇ ਅਪਣਾਉਣ, ਤਾਂ ਜੋ ਪ੍ਰਦੂਸ਼ਣ ਨੂੰ ਘਟਾ ਕੇ ਜ਼ਿਲ੍ਹੇ ਨੂੰ ਸਾਫ਼-ਸੁਥਰਾ ਬਣਾਉਣ ਵਿਚ ਯੋਗਦਾਨ ਪਾਇਆ ਜਾ ਸਕੇ।
ਕਪੂਰਥਲਾ ਜ਼ਿਲ੍ਹੇ 'ਚ ਪਟਾਕੇ ਵੇਚਣ ਲਈ ਥਾਵਾਂ ਨਿਰਧਾਰਿਤ! ਲੱਗੀ ਇਹ ਪਾਬੰਦੀ, 9 ਨਵੰਬਰ ਤੱਕ ਹੁਕਮ ਜਾਰੀ
NEXT STORY