ਮੋਹਾਲੀ (ਗੁਰਪ੍ਰੀਤ ਸਿੰਘ ਨਿਆਮੀਆਂ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੋਹਾਲੀ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦਿਆਂ 6 ਸਾਲ ਲਈ ਕਾਂਗਰਸ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ। ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਪਹਿਲਾਂ ਹੀ ਆਪਣੇ ਵੱਡੇ ਭਰਾ ਅਤੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ਦੇ ਖੇਮੇ ਵਿੱਚ ਸ਼ਾਮਲ ਹੋ ਚੁੱਕੇ ਹਨ।
ਕੁਲਜੀਤ ਸਿੰਘ ਬੇਦੀ ਅਤੇ ਅਮਰੀਕ ਸਿੰਘ ਸੋਮਲ ਬਲਬੀਰ ਸਿੰਘ ਸਿੱਧੂ ਦੇ ਖ਼ਾਸਮ ਖ਼ਾਸ ਮੰਨੇ ਜਾਂਦੇ ਹਨ। ਇਸ ਲਈ ਇਨ੍ਹਾਂ ਦੋਵਾਂ ਨੇ ਆਪਣੇ ਹੋਰ ਸਾਥੀ ਕੌਂਸਲਰਾਂ ਨਾਲ ਅਮਰਜੀਤ ਸਿੰਘ ਜੀਤੀ ਸਿੱਧੂ ਨੂੰ ਮੇਅਰ ਦੇ ਤੌਰ 'ਤੇ ਸਾਥ ਦੇਣਾ ਜਾਰੀ ਰੱਖਿਆ। ਭਾਵੇਂ ਇਨ੍ਹਾਂ ਦੋਵੇਂ ਆਗੂਆਂ ਨੇ ਇਹ ਗੱਲ ਸਪੱਸ਼ਟ ਕੀਤੀ ਸੀ ਕਿ ਉਹ ਕਾਂਗਰਸ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਨਹੀਂ ਹੋਣਗੇ ਪਰ ਸ਼ਹਿਰ ਦੀ ਬਿਹਤਰੀ ਦੇ ਲਈ ਉਹ ਮੇਅਰ ਨੂੰ ਸਾਥ ਦੇਣਾ ਜਾਰੀ ਰੱਖਣਗੇ ਪਰ ਕਾਂਗਰਸ ਪ੍ਰਧਾਨ ਨੂੰ ਇਹ ਗੱਲ ਪਸੰਦ ਨਹੀਂ ਆਈ। ਜਿਸ ਕਰਕੇ ਉਨ੍ਹਾਂ ਨੇ ਇਨ੍ਹਾਂ ਦੋਵੇਂ ਆਗੂਆਂ ਨੂੰ ਪਾਰਟੀ ਵਿਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ।
ਇਹ ਵੀ ਪੜ੍ਹੋ: ਨਵਾਂਸ਼ਹਿਰ: ਨਸ਼ੇ ਨੇ ਉਜਾੜਿਆ ਇਕ ਹੋਰ ਪਰਿਵਾਰ, ਨੌਜਵਾਨ ਦੀ ਲਾਸ਼ ਕੋਲੋਂ ਮਿਲੀ ਸਰਿੰਜ
ਇਸ ਸਬੰਧ ਵਿਚ ਜਦੋਂ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਪ੍ਰਧਾਨ ਦੀ ਮਰਜ਼ੀ ਹੈ ਕਿ ਉਨ੍ਹਾਂ ਨੇ ਸਾਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਹੈ ਉਨ੍ਹਾਂ ਕਿਹਾ ਕਿ ਵੈਸੇ ਕਿਸੇ ਵੀ ਪਾਰਟੀ ਦਾ ਇੱਕ ਅਨੁਸ਼ਾਸਨ ਅਤੇ ਕਾਇਦਾ ਕਾਨੂੰਨ ਹੁੰਦਾ ਹੈ, ਜਿਸ ਦੇ ਤਹਿਤ ਕਿਸੇ ਵੀ ਵਿਅਕਤੀ ਨੂੰ ਪਾਰਟੀ ਵਿੱਚੋਂ ਕੱਢਣ ਤੋਂ ਪਹਿਲਾਂ ਉਸ ਨੂੰ ਨੋਟਿਸ ਜਾਰੀ ਕੀਤਾ ਜਾਂਦਾ ਹੈ ਪਰ ਕਾਂਗਰਸ ਪ੍ਰਧਾਨ ਨੇ ਅਜਿਹਾ ਨਹੀਂ ਕੀਤਾ ਇਹ ਉਨ੍ਹਾਂ ਦੀ ਮਰਜ਼ੀ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਕਾਂਗਰਸ ਪਾਰਟੀ ਦਾ ਕੋਈ ਵੀ ਅਹੁਦਾ ਨਹੀਂ ਸੀ। ਨਗਰ ਨਿਗਮ ਦੀ ਸੀਨੀਅਰ ਡਿਪਟੀ ਮੇਅਰ ਦਾ ਅਹੁਦਾ ਉਨ੍ਹਾਂ ਨੂੰ ਚੁਣੇ ਹੋਏ ਨੁਮਾਇੰਦਿਆਂ ਅਤੇ ਪਾਰਟੀ ਵੱਲੋਂ ਦਿੱਤਾ ਗਿਆ ਸੀ, ਜੋਕਿ ਅਜੇ ਵੀ ਉਨ੍ਹਾਂ ਦੇ ਕੋਲ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਬਾਕੀ ਦੇ ਕੌਂਸਲਰ ਵੀ ਉਨ੍ਹਾਂ ਦੇ ਨਾਲ ਹਨ ਅਤੇ ਸਾਰਿਆਂ ਦੀ ਇਕ ਸਾਂਝੀ ਮੀਟਿੰਗ ਵੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੁਣ ਤਕ ਤਾਂ ਕਾਂਗਰਸ ਪਾਰਟੀ ਕੋਲ ਇਹ ਗੱਲ ਕਹਿਣ ਨੂੰ ਸੀ ਕਿ ਨਗਰ ਨਿਗਮ ਦਾ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਕਾਂਗਰਸ ਪਾਰਟੀ ਨਾਲ ਸਬੰਧਤ ਹਨ ਪਰ ਹੁਣ ਤਾਂ ਕਾਂਗਰਸ ਪ੍ਰਧਾਨ ਨੇ ਆਪਣੇ ਆਪ ਹੀ ਸਾਨੂੰ ਦੋਵਾਂ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਹੈ, ਇਹ ਪ੍ਰਧਾਨ ਦੀ ਮਰਜ਼ੀ ਹੈ।
ਦੂਜੇ ਪਾਸੇ ਜਦੋਂ ਕੁਲਜੀਤ ਸਿੰਘ ਬੇਦੀ ਨਾਲ ਇਸ ਸਬੰਧ ਵਿੱਚ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਮੋਹਾਲੀ ਸ਼ਹਿਰ ਵਿਚੋਂ ਇਕੱਲੇ ਅਜਿਹੇ ਕਾਂਗਰਸੀ ਨੇਤਾ ਰਹੇ ਹਨ, ਜੋ ਭਾਰਤੀ ਜਨਤਾ ਪਾਰਟੀ ਅਤੇ ਹੋਰ ਵਿਰੋਧੀ ਪਾਰਟੀਆਂ ਦੀਆਂ ਗਲਤ ਨੀਤੀਆਂ ਦੇ ਵਿਰੁੱਧ ਡਟ ਕੇ ਬੋਲਦੇ ਰਹੇ ਹਨ ਅਤੇ ਸ਼ਹਿਰ ਦੇ ਵਿਕਾਸ ਦੀ ਗੱਲ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਕਾਂਗਰਸ ਪ੍ਰਧਾਨ ਨੂੰ ਮੁਹਾਲੀ ਵਿੱਚ ਕੋਈ ਵੀ ਕਾਂਗਰਸੀ ਚੰਗਾ ਨਹੀਂ ਲੱਗਦਾ ਜਿਸ ਕਰਕੇ ਉਹ ਸਾਰਿਆਂ ਨੂੰ ਹੌਲੀ-ਹੌਲੀ ਕਾਂਗਰਸ ਪਾਰਟੀ ਚੋਂ ਬਾਹਰ ਕੱਢਦੇ ਜਾ ਰਹੇ ਹਨ।
ਇਹ ਵੀ ਪੜ੍ਹੋ: CM ਮਾਨ ਦੇ ਵਿਆਹ ਦੀ ਕਵਰੇਜ ਕਰ ਰਹੇ ਪੱਤਰਕਾਰਾਂ ਨੂੰ ਕੁਝ ਇਸ ਤਰ੍ਹਾਂ ਦਿੱਤਾ ਗਿਆ ਸਨਮਾਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਚੰਡੀਗੜ੍ਹ ਦਾ ਬਰਡ ਪਾਰਕ ਘੁੰਮਣ ਵਾਲਿਆਂ ਦੇ ਹੁਣ ਮੀਂਹ 'ਚ ਵੀ ਨਜ਼ਾਰੇ, ਮੁਫ਼ਤ ਮਿਲੇਗੀ ਇਹ ਸਹੂਲਤ (ਤਸਵੀਰਾਂ)
NEXT STORY