ਅੰਮ੍ਰਿਤਸਰ (ਮਮਤਾ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਮੋਗਾ ਦੇ ਪਿੰਡ ਮੋਠਾਂਵਾਲੀ 'ਚ ਗੁਟਕਾ ਸਾਹਿਬ ਦੇ 4 ਅੰਗ ਪਾੜਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਵਨ ਗੁਰਬਾਣੀ ਦਾ ਨਿਰਾਦਰ ਕਰਨ ਵਾਲੇ ਲੋਕ ਦੇਸ਼, ਕੌਮ ਅਤੇ ਸਮਾਜ ਦੇ ਦੁਸ਼ਮਣ ਹਨ ਅਤੇ ਅਜਿਹੇ ਲੋਕਾਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਭਾਈ ਲੌਂਗੋਵਾਲ ਨੇ ਕਿਹਾ ਕਿ ਸਰਕਾਰਾਂ ਇਸ ਪਾਸੇ ਵਿਸ਼ੇਸ਼ ਤਵੱਜੋ ਦੇਣ ਅਤੇ ਜਿਥੇ ਵੀ ਕੋਈ ਅਜਿਹੀ ਘਟਨਾ ਨੂੰ ਅੰਜਾਮ ਦਿੰਦਾ ਹੈ, ਉਸ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਸਜ਼ਾਵਾਂ ਦੇਣ ਵਿਚ ਵੀ ਦੇਰੀ ਨਾ ਕੀਤੀ ਜਾਵੇ।
ਇਸ ਦੇ ਨਾਲ ਹੀ ਭਾਈ ਲੌਂਗੋਵਾਲ ਨੇ ਗੁਰਦਾਸਪੁਰ ਜ਼ਿਲੇ ਦੇ ਪਿੰਡ ਰੰਧਾਵਾ ਕਲੋਨੀ ਦੇ ਇਕ ਗੁਰਦੁਆਰਾ ਸਾਹਿਬ 'ਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਅੱਗ 'ਤੇ ਵੀ ਅਫ਼ਸੋਸ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ਅੰਦਰ ਅੱਗ ਲੱਗਣ ਕਾਰਨ ਹੁੰਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਨਿਰਾਦਰ ਦੇ ਮਾਮਲੇ ਵੀ ਚਿੰਤਾਜਨਕ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਜਗਤ ਨੂੰ ਕਈ ਵਾਰ ਅਪੀਲ ਕੀਤੀ ਜਾ ਚੁੱਕੀ ਹੈ ਕਿ ਉਹ ਗੁਰੂ ਘਰਾਂ ਅੰਦਰ ਸਮੇਂ ਸਮੇਂ ਬਿਜਲੀ ਦੀ ਵਾਇਰਿੰਗ ਦਾ ਨਰੀਖਣ ਕਰਵਾਉਣ ਅਤੇ ਉਦੋਂ ਹੀ ਬਿਜਲੀ ਦੇ ਉਪਕਰਨ ਚਲਾਏ ਜਾਣ ਜਿੰਨਾ ਚਿਰ ਕੋਈ ਨਿਗਰਾਨ ਗੁਰਦੁਆਰਾ ਸਾਹਿਬ ਅੰਦਰ ਮੌਜੂਦ ਰਹੇ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਹੁਣ ਚੱਲ ਰਹੇ ਗਰਮੀ ਅਤੇ ਹਨ੍ਹੇਰੀ ਝੱਖੜ ਦੇ ਮੌਸਮ 'ਚ ਇਸ ਮਾਮਲੇ ਵਿਚ ਸੁਚੇਤ ਹੋਣਾ ਹੋਰ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੀਆਂ ਘਟਨਾਵਾਂ ਕਾਰਨ ਹੁੰਦੀ ਨਿਰਾਦਰੀ ਲਈ ਗੁਰਦੁਆਰਾ ਪ੍ਰਬੰਧਕ ਹੀ ਜ਼ੁੰਮੇਵਾਰ ਹਨ ਕਿਉਂਕਿ ਇਹ ਮਾਮਲੇ ਪ੍ਰਬੰਧਕਾਂ ਦੀ ਅਣਗਹਿਲੀ ਦਾ ਹੀ ਨਤੀਜਾ ਹਨ। ਉਨ੍ਹਾਂ ਇਕ ਵਾਰ ਫਿਰ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਗੁਰੂ ਘਰਾਂ ਅੰਦਰ ਅਤੇ ਸੁਖ-ਆਸਣ ਅਸਥਾਨਾਂ ਵਿਚ ਧੂਫ, ਲਾਈਟਾਂ, ਪੱਖੇ, ਏ.ਸੀ. ਅਤੇ ਬਿਜਲੀ ਦੀਆਂ ਸਜ਼ਾਵਟੀ ਲੜੀਆਂ ਜਿਹੇ ਬਿਜਲੀ ਉਪਕਰਨ ਲੋੜ ਸਮੇਂ ਚਲਾਏ ਜਾਣ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਗੁਰਦੁਆਰਾ ਸਾਹਿਬ ਦੇ ਸਮੁੱਚੇ ਬਿਜਲੀ ਸਰਕਟ ਦਾ ਇਕ ਮੇਨ ਸਵਿੱਚ ਵੀ ਜ਼ਰੂਰ ਲਗਾਇਆ ਜਾਵੇ।
ਮਾਮਲਾ ਗੁਟਕਾ ਸਾਹਿਬ ਦੀ ਬੇਅਦਬੀ ਦਾ, ਪੁਲਸ ਨੇ ਸ਼ੱਕੀ ਵਿਅਕਤੀਆਂ ਤੋਂ ਕੀਤੀ ਪੁੱਛਗਿੱਛ
NEXT STORY