ਚੰਡੀਗੜ੍ਹ (ਅਸ਼ਵਨੀ) - ਸ਼ਗਨ ਸਕੀਮ 'ਤੇ ਵਿਰੋਧੀ ਧਿਰਾਂ ਦੇ ਵਿਧਾਇਕਾਂ ਨੇ ਪੰਜਾਬ ਸਰਕਾਰ ਨੂੰ ਖੂਬ ਘੇਰਿਆ। ਪ੍ਰਸ਼ਨਕਾਲ ਦੌਰਾਨ ਵਿਧਾਇਕ ਬਲਦੇਵ ਸਿੰਘ ਨੇ ਸ਼ਗਨ ਸਕੀਮ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਮੌਜੂਦਾ ਸਮੇਂ 'ਚ ਸ਼ਗਨ ਸਕੀਮ ਦੀ ਹਾਲਤ ਇਹ ਹੋ ਗਈ ਹੈ ਕਿ ਵਿਆਹੁਤਾ ਦੇ ਬੱਚੇ ਤੱਕ ਹੋ ਜਾਂਦੇ ਹਨ ਪਰ ਸ਼ਗਨ ਸਕੀਮ ਦਾ ਪੈਸਾ ਨਹੀਂ ਮਿਲਦਾ। ਇਸ 'ਤੇ ਕਲਿਆਣ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਕਿਹਾ ਕਿ ਪਿਛਲੀ ਸਰਕਾਰ ਦੇ ਪੈਂਡਿੰਗ ਮਾਮਲਿਆਂ ਕਾਰਨ ਸ਼ਗਨ ਸਕੀਮ ਦਾ ਪੈਸਾ ਰਿਲੀਜ਼ ਕਰਨ 'ਚ ਦੇਰੀ ਹੋਈ ਹੈ ਪਰ ਹੁਣ ਸਰਕਾਰ ਨੇ ਖਜ਼ਾਨੇ 'ਚ ਸਾਰੇ ਬਿੱਲ ਭੇਜ ਦਿੱਤੇ ਹਨ ਅਤੇ ਦਸੰਬਰ 'ਚ ਸਾਰੀ ਰਾਸ਼ੀ ਵੰਡ ਦਿੱਤੀ ਜਾਏਗੀ।
ਇਸ 'ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਸਵਾਲ ਉਠਾਉਂਦਿਆਂ ਕਿਹਾ ਕਿ ਕਾਂਗਰਸ ਨੇ ਆਪਣੇ ਮੈਨੀਫੈਸਟੋ 'ਚ ਸ਼ਗਨ ਸਕੀਮ ਦੀ ਰਾਸ਼ੀ 51 ਹਜ਼ਾਰ ਰੁਪਏ ਕਰਨ ਦੀ ਗੱਲ ਕਹੀ ਸੀ, ਸਰਕਾਰ ਦੱਸੇ ਕਿ ਇਹ ਕਦੋਂ ਤੱਕ ਸੰਭਵ ਹੋ ਸਕੇਗਾ। ਇਸ 'ਤੇ ਮੰਤਰੀ ਨੇ ਜਵਾਬ ਦਿੰਦਿਆਂ ਕਿਹਾ ਕਿ ਪਹਿਲਾਂ ਜਦੋਂ 2002 ਦੌਰਾਨ ਕਾਂਗਰਸ ਸੱਤਾ 'ਚ ਸੀ ਤਾਂ ਕਾਂਗਰਸ ਨੇ ਹੀ ਇਸ ਸਕੀਮ ਦੀ ਰਾਸ਼ੀ ਨੂੰ 21 ਹਜ਼ਾਰ ਕੀਤਾ ਸੀ ਅਤੇ ਹੁਣ ਜਲਦ ਹੀ 51 ਹਜ਼ਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 10 ਸਾਲ ਸੁੱਤੀ ਰਹੀ ਅਕਾਲੀ-ਭਾਜਪਾ ਸਰਕਾਰ : ਪ੍ਰਸ਼ਨਕਾਲ ਦੌਰਾਨ ਅਕਾਲੀ ਵਿਧਾਇਕ ਐੱਨ. ਕੇ. ਸ਼ਰਮਾ ਨੇ ਅੱਗ ਬੁਝਾਉਣ ਵਾਲੇ ਵਾਹਨਾਂ 'ਤੇ ਸਵਾਲ ਉਠਾਇਆ, ਜਿਸ ਦੇ ਜਵਾਬ 'ਚ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਰਕਾਰ ਨੇ ਅੱਗ ਦੀਆਂ ਘਟਨਾਵਾਂ 'ਤੇ ਕਾਬੂ ਪਾਉਣ ਲਈ ਕਈ ਠੋਸ ਕਦਮ ਉਠਾਏ ਹਨ। ਇਹ ਬੇਹੱਦ ਗੰਭੀਰ ਮਾਮਲਾ ਹੈ, ਪਿਛਲੇ 10 ਸਾਲਾਂ 'ਚ ਅਕਾਲੀ-ਭਾਜਪਾ ਦੀ ਸਰਕਾਰ ਸੀ ਪਰ ਉਹ ਸੁੱਤੀ ਰਹੀ। ਹੁਣ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੀ ਅਗਵਾਈ 'ਚ ਸਰਕਾਰ ਲਗਾਤਾਰ ਨਵੇਂ ਅੱਗ ਬੁਝਾਉਣ ਵਾਲੇ ਵਾਹਨ ਖਰੀਦ ਰਹੀ ਹੈ। ਨਾਲ ਹੀ ਫਾਇਰ ਸੂਟਾਂ ਦੀ ਖਰੀਦਦਾਰੀ ਨੂੰ ਵੀ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਗਈ ਹੈ।
ਪੰਜਾਬ ਸਰਕਾਰ ਆਪਣੇ ਪੱਧਰ 'ਤੇ ਵੱਖ ਤੋਂ ਬੀ. ਪੀ. ਐੱਲ. ਸਰਵੇ ਦੀਆਂ ਸੰਭਾਵਨਾਵਾਂ ਲੱਭੇਗੀ : ਪੰਜਾਬ ਸਰਕਾਰ ਭਵਿੱਖ 'ਚ ਆਪਣੇ ਪੱਧਰ 'ਤੇ ਸੂਬਾ ਪੱਧਰੀ ਬੀ. ਪੀ. ਐੱਲ. ਸਰਵੇ ਕਰ ਸਕਦੀ ਹੈ। ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੇ ਸਵਾਲ ਦਾ ਜਵਾਬ ਦਿੰਦਿਆਂ ਪੰਚਾਇਤ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਬੀ. ਪੀ. ਐੱਲ. ਦਾ ਸਰਵੇ ਕੇਂਦਰ ਸਰਕਾਰ ਦੇ ਪੱਧਰ 'ਤੇ ਕਰਵਾਇਆ ਜਾਂਦਾ ਹੈ। ਇਸ 'ਤੇ ਵਿਧਾਇਕ ਬਲਬੀਰ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਪੱਧਰ 'ਤੇ ਬੀ. ਪੀ. ਐੱਲ. ਦੇ ਨਿਯਮ ਇੰਨੇ ਉਲਝਣ ਭਰੇ ਹਨ ਕਿ ਪੰਜਾਬ 'ਚ ਉਹ ਫਿਟ ਨਹੀਂ ਬੈਠਦੇ।
ਧਾਗੇ 'ਤੇ ਟੈਕਸ ਸਲੈਬ ਘੱਟ ਹੋਣ ਨਾਲ ਕਾਰੋਬਾਰੀਆਂ ਦੇ ਹਾਲਾਤ ਦੁਚਿੱਤੀ ਵਾਲੇ
NEXT STORY