ਮੋਗਾ, (ਆਜ਼ਾਦ)- ਜਲੰਧਰ ਜ਼ਿਲੇ ਦੇ ਪਿੰਡ ਕੰਗ ਸਾਹਿਬ ਰਾਏ ਹਾਲ ਆਬਾਦ ਪ੍ਰੇਮ ਨਗਰ ਮੋਗਾ ਨਿਵਾਸੀ ਮਹਿਲਾ ਨੇ ਆਪਣੇ ਪਤੀ 'ਤੇ ਸਹੁਰੇ ਪਰਿਵਾਰ ਨਾਲ ਕਥਿਤ ਮਿਲੀਭੁਗਤ ਕਰ ਕੇ ਉਸ ਨੂੰ ਦਾਜ ਦੀ ਮੰਗ ਪੂਰੀ ਨਾ ਕਰਨ 'ਤੇ ਕੁੱਟ-ਮਾਰ ਕਰ ਕੇ ਘਰੋਂ ਕੱਢਣ ਦਾ ਦੋਸ਼ ਲਾਇਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਮਾਮਲਾ : ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਪੀੜਤਾ ਸਾਕਸ਼ੀ ਆਹੂਜਾ ਨੇ ਕਿਹਾ ਕਿ ਉਸ ਦਾ ਵਿਆਹ ਨਿੰਦਰਜੀਤ ਸਿੰਘ ਪੁੱਤਰ ਸਾਗਰ ਸਿੰਘ ਨਿਵਾਸੀ ਪਿੰਡ ਕੰਗ ਸਾਹਿਬ ਰਾਏ ਨਕੋਦਰ, (ਜਲੰਧਰ) ਜੋ ਅਮਰੀਕਾ ਦਾ ਸਿਟੀਜ਼ਨ ਹੈ, ਨਾਲ 31 ਦਸੰਬਰ, 2011 ਨੂੰ ਹੋਇਆ ਸੀ। ਵਿਆਹ ਸਮੇਂ ਮੇਰੇ ਪਰਿਵਾਰ ਵਾਲਿਆਂ ਨੇ ਕਰੀਬ 7 ਲੱਖ ਰੁਪਏ ਖਰਚ ਕੀਤਾ। 22 ਨਵੰਬਰ, 2011 ਨੂੰ ਮੈਂ ਇਕ ਲੜਕੇ ਨੂੰ ਜਨਮ ਦਿੱਤਾ। ਇਸ ਦੇ ਬਾਅਦ ਮੈਨੂੰ ਸਹੁਰੇ ਪਰਿਵਾਰ ਵਾਲੇ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਲੱਗੇ। ਵਿਆਹ ਤੋਂ ਤਿੰਨ ਮਹੀਨਿਆਂ ਬਾਅਦ ਮੇਰਾ ਪਤੀ ਨਿੰਦਰਜੀਤ ਸਿੰਘ ਅਮਰੀਕਾ ਵਾਪਸ ਚਲਾ ਗਿਆ ਅਤੇ ਉਸ ਨੇ ਮੈਨੂੰ ਕਿਹਾ ਕਿ ਉਹ ਜਲਦ ਹੀ ਮੈਨੂੰ ਅਮਰੀਕਾ ਬੁਲਾਉਣ ਲਈ ਕਾਰਵਾਈ ਸ਼ੁਰੂ ਕਰੇਗਾ। ਉਸ ਦੇ ਬਾਅਦ ਮੇਰੇ ਸਹੁਰੇ ਪਰਿਵਾਰ ਵਾਲੇ ਮੇਰੇ 'ਤੇ ਜ਼ੁਲਮ ਕਰਨ ਲੱਗੇ, ਜਿਸ 'ਤੇ ਮੈਂ ਆਪਣੀ ਮਾਂ-ਭਰਾ ਨੂੰ ਇਸ ਬਾਰੇ ਦੱਸਿਆ, ਜਿਨ੍ਹਾਂ ਨੇ ਪੰਚਾਇਤ ਰਾਹੀਂ ਮੇਰੇ ਸਹੁਰੇ ਪਰਿਵਾਰ ਨੂੰ ਸਮਝਾਉਣ ਦਾ ਯਤਨ ਕੀਤਾ। ਮੈਂ ਆਪਣੇ ਪਤੀ ਨਾਲ ਵੀ ਸਹੁਰੇ ਪਰਿਵਾਰ ਦੀ ਬਦਸਲੂਕੀ ਬਾਰੇ ਦੱਸਿਆ ਪਰ ਮੇਰੀ ਕਿਸੇ ਨੇ ਗੱਲ ਨਾ ਸੁਣੀ ਅਤੇ ਆਖਿਰ 2015 ਨੂੰ ਮੇਰੇ ਸਹੁਰੇ ਪਰਿਵਾਰ ਵਾਲਿਆਂ ਨੇ ਮੈਨੂੰ ਅਤੇ ਮੇਰੇ ਪਰਿਵਾਰਕ ਮੈਂਬਰਾਂ ਨੂੰ ਧੱਕੇ ਮਾਰ ਕੇ ਘਰ 'ਚੋਂ ਬਾਹਰ ਕੱਢ ਦਿੱਤਾ ਅਤੇ ਕੁੱਟ-ਮਾਰ ਕੀਤੀ, ਜਦ ਅਸੀਂ ਉਨ੍ਹਾਂ ਨੂੰ ਸਾਡੇ ਵੱਲੋਂ ਦਿੱਤਾ ਗਿਆ ਦਾਜ ਦਾ ਸਾਮਾਨ ਵਾਪਸ ਕਰਨ ਲਈ ਕਿਹਾ ਤਾਂ ਉਨ੍ਹਾਂ ਉਹ ਵੀ ਹੜੱਪ ਕਰ ਲਿਆ। ਮੇਰੇ ਸਹੁਰੇ ਨੇ ਮੇਰੇ ਪਤੀ ਤੇ ਮੇਰੇ ਜੁਆਇੰਟ ਖਾਤੇ 'ਚੋਂ ਪੈਸੇ ਕੱਢਣ ਲਈ ਮੇਰੇ ਤੋਂ ਖਾਲੀ ਚੈੱਕਾਂ 'ਤੇ ਦਸਤਖਤ ਕਰਵਾ ਕੇ ਪੈਸੇ ਕਢਵਾ ਲਏ। ਇਸ ਤਰ੍ਹਾਂ ਮੇਰੇ ਨਾਲ ਮੇਰੇ ਪਤੀ ਨੇ ਆਪਣੇ ਪਰਿਵਾਰ ਨਾਲ ਕਥਿਤ ਮਿਲੀਭੁਗਤ ਕਰ ਕੇ ਧੋਖਾਦੇਹੀ ਕੀਤੀ ਹੈ।
ਕੀ ਹੋਈ ਪੁਲਸ ਕਾਰਵਾਈ : ਜ਼ਿਲਾ ਪੁਲਸ ਮੁਖੀ ਦੇ ਹੁਕਮਾਂ 'ਤੇ ਐੱਸ. ਪੀ. ਐੱਸ. ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ। ਜਾਂਚ ਸਮੇਂ ਸ਼ਿਕਾਇਤਕਰਤਾ ਤੇ ਦੂਸਰੀ ਧਿਰ ਦੇ ਲੋਕਾਂ ਨੂੰ ਆਪਣਾ ਪੱਖ ਰੱਖਣ ਲਈ ਬੁਲਾਇਆ ਗਿਆ। ਜਾਂਚ ਤੋਂ ਬਾਅਦ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਗਏ। ਇਸ ਮਾਮਲੇ 'ਚ ਕਾਨੂੰਨੀ ਰਾਏ ਹਾਸਲ ਕਰਨ ਦੇ ਬਾਅਦ ਥਾਣਾ ਸਿਟੀ ਮੋਗਾ ਵੱਲੋਂ ਪੀੜਤਾ ਦੇ ਪਤੀ ਨਿੰਦਰਜੀਤ ਸਿੰਘ ਹਾਲ ਆਬਾਦ ਅਮਰੀਕਾ, ਸਹੁਰਾ ਸਾਗਰ ਸਿੰਘ ਤੇ ਸੱਸ ਨਿਰਮਲ ਕੌਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਅਮਰੀਕ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ, ਜਿਨ੍ਹਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੁਲਸ ਵੱਲੋਂ ਵੱਡੇ ਪੱਧਰ 'ਤੇ ਭਾਲ, ਅਜੇ ਨਹੀਂ ਮਿਲੀ ਲਾਸ਼
NEXT STORY