ਮੋਗਾ, (ਆਜ਼ਾਦ)- ਮੋਗਾ ਦੇ ਨੇੜਲੇ ਪਿੰਡ ਦੀ ਇਕ ਲੜਕੀ ਨੂੰ ਦਾਜ ਦੀ ਮੰਗ ਪੂਰੀ ਨਾ ਕਰਨ 'ਤੇ ਉਸਦੇ ਸਹੁਰੇ ਪਰਿਵਾਰ ਵਾਲਿਆਂ ਵੱਲੋਂ ਵਿਆਹ ਦੇ ਕੁੱਝ ਸਮੇਂ ਬਾਅਦ ਉਸ ਨੂੰ ਕੁੱਟਮਾਰ ਕਰ ਕੇ ਘਰੋਂ ਬਾਹਰ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਤਲਾਸ਼ ਆਰੰਭ ਕਰ ਦਿੱਤੀ ਹੈ।
ਕੀ ਹੈ ਸਾਰਾ ਮਾਮਲਾ
ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਪੀੜਤਾ ਨੇ ਕਿਹਾ ਕਿ ਉਸਦਾ ਵਿਆਹ 15 ਮਾਰਚ 2015 ਨੂੰ ਅਮਰਜੀਤ ਸਿੰਘ ਨਿਵਾਸੀ ਘੁਮਾਣ ਚੌਕ ਸੁਧਾਰ (ਲੁਧਿਆਣਾ) ਨਾਲ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ। ਉਸਦੇ ਪੇਕੇ ਵਾਲਿਆਂ ਵੱਲੋਂ ਵਿਆਹ ਸਮੇਂ ਆਪਣੀ ਹੈਸੀਅਤ ਅਨੁਸਾਰ ਦਾਜ ਦਿੱਤਾ ਗਿਆ ਪਰ ਵਿਆਹ ਦੇ ਕੁੱਝ ਸਮੇਂ ਬਾਅਦ ਹੀ ਉਸਦਾ ਪਤੀ ਜੋ ਖੇਤੀਬਾੜੀ ਅਤੇ ਟੈਂਟ ਦਾ ਕੰਮ ਕਰਦਾ ਹੈ, ਆਪਣੇ ਪਰਿਵਾਰ ਨਾਲ ਕਥਿਤ ਮਿਲੀਭੁਗਤ ਕਰ ਕੇ ਉਸ ਨੂੰ ਆਪਣੇ ਪੇਕਿਆਂ ਤੋਂ ਨਕਦੀ, ਵ੍ਹੀਕਲ ਅਤੇ ਹੋਰ ਸਾਮਾਨ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਨ ਲੱਗਾ। ਮੈਨੂੰ ਸਹੁਰੇ ਪਰਿਵਾਰ ਵਾਲੇ ਕਹਿਣ ਲੱਗੇ ਕਿ ਸਾਡਾ ਇਕਲੌਤਾ ਬੇਟਾ ਹੈ ਪਰ ਤੇਰੇ ਪੇਕਿਆਂ ਵਾਲਿਆਂ ਨੇ ਸਾਡੀ ਮੰਗ ਪੂਰੀ ਨਹੀਂ ਕੀਤੀ, ਜਿਸ 'ਤੇ ਮੈਂ ਆਪਣੇ ਪੇਕੇ ਵਾਲਿਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਤਿੰਨ ਵਾਰ ਪੰਚਾਇਤੀ ਤੌਰ 'ਤੇ ਮੇਰੇ ਪਤੀ ਅਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਉਨ੍ਹਾਂ ਕੋਈ ਗੱਲਬਾਤ ਨਾ ਸੁਣੀ ਅਤੇ ਕਿਹਾ ਕਿ ਜਦੋਂ ਤੱਕ ਸਾਡੀ ਮੰਗ ਪੂਰੀ ਨਹੀਂ ਹੁੰਦੀ ਉਦੋਂ ਤੱਕ ਅਸੀਂ ਲੜਕੀ ਨੂੰ ਨਹੀਂ ਰੱਖਾਂਗੇ।
ਪੀੜਤਾ ਨੇ ਇਹ ਵੀ ਦੋਸ਼ ਲਾਇਆ ਕਿ ਮੈਂ ਕਰੀਬ ਛੇ ਮਹੀਨੇ ਆਪਣੇ ਸਹੁਰੇ ਘਰ ਰਹੀ ਅਤੇ ਉਨ੍ਹਾਂ ਮੈਨੂੰ ਬੰਧਕ ਦੀ ਤਰ੍ਹਾਂ ਘਰ 'ਚ ਰੱਖਿਆ ਅਤੇ ਘਰ ਤੋਂ ਬਾਹਰ ਵੀ ਨਹੀਂ ਜਾਣ ਦਿੰਦੇ ਸਨ ਅਤੇ ਫੋਨ 'ਤੇ ਵੀ ਉਨ੍ਹਾਂ ਰਿਕਾਰਡਿੰਗ ਲਾ ਰੱਖੀ ਸੀ। ਬੀਤੀ 8 ਮਈ 2016 ਨੂੰ ਉਸਦਾ ਭਰਾ ਹਾਕਮ ਸਿੰਘ ਉਸ ਨੂੰ ਮਿਲਣ ਲਈ ਗਿਆ ਤਾਂ ਉਸਦੇ ਨਾਲ ਝਗੜਾ ਕਰਨ ਲੱਗੇ। ਜਦ ਮੈਂ ਸਮਝਾਉਣ ਦਾ ਯਤਨ ਕੀਤਾ ਤਾਂ ਉਨ੍ਹਾਂ ਮੈਨੂੰ ਅਤੇ ਮੇਰੇ ਭਰਾ ਨੂੰ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰ ਕੇ ਘਰ 'ਚੋਂ ਬਾਹਰ ਕੱਢ ਦਿੱਤਾ। ਉਦੋਂ ਤੋਂ ਮੈਂ ਆਪਣੇ ਪੇਕੇ ਘਰ ਰਹਿਣ ਲਈ ਮਜਬੂਰ ਹਾਂ। ਪੀੜਤਾ ਨੇ ਕਿਹਾ ਕਿ ਮੇਰੇ ਸਹੁਰੇ ਪਰਿਵਾਰ ਨੇ ਮੇਰਾ ਦਾਜ ਦਾ ਸਾਰਾ ਸਾਮਾਨ ਵੀ ਹੜੱਪ ਕਰ ਲਿਆ।
ਮਾਨਸਿਕ ਪ੍ਰੇਸ਼ਾਨੀ ਕਾਰਨ ਹੋਈ ਮਾਂ ਦੀ ਮੌਤ
ਪੀੜਤਾ ਨੇ ਕਿਹਾ ਕਿ ਉਹ ਪੰਜ ਭੈਣਾਂ ਹਨ ਅਤੇ ਇਕ ਛੋਟਾ ਭਰਾ ਹੈ। ਮੈਨੂੰ ਸਹੁਰੇ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੇ ਇਲਾਵਾ ਕੁੱਟਮਾਰ ਕਰ ਕੇ ਘਰ 'ਚੋਂ ਬਾਹਰ ਕੱਢਣ ਨੂੰ ਲੈ ਕੇ ਮੇਰੀ ਮਾਤਾ ਸੁਰਿੰਦਰ ਕੌਰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗੀ ਅਤੇ ਇਸੇ ਪ੍ਰੇਸ਼ਾਨੀ ਕਾਰਨ ਉਸਦੀ 2016 'ਚ ਮੌਤ ਹੋ ਗਈ।
ਵੂਮੈਨ ਸੈੱਲ 'ਚ ਵੀ ਨਹੀਂ ਹੋਈ ਸੁਣਵਾਈ
ਪੀੜਤਾ ਨੇ ਕਿਹਾ ਕਿ ਮੈਂ ਇਨਸਾਫ ਲੈਣ ਲਈ ਵੂਮੈਨ ਸੈੱਲ ਮੋਗਾ 'ਚ ਵੀ ਸ਼ਿਕਾਇਤ ਪੱਤਰ ਦਿੱਤਾ ਅਤੇ ਕਾਫੀ ਸਮੇਂ ਤੱਕ ਮੈਂ ਅਤੇ ਮੇਰਾ ਪਰਿਵਾਰ ਭਟਕਦਾ ਰਿਹਾ ਅਤੇ ਵੂਮੈਨ ਸੈੱਲ ਦੇ ਚੱਕਰ ਲਾਉਂਦੇ ਰਹੇ, ਤਾਂਕਿ ਸਾਨੂੰ ਇਨਸਾਫ ਮਿਲ ਸਕੇ ਅਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਹੋ ਸਕੇ। ਇਸ ਕਾਰਨ ਮੈਂ ਵੀ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗੀ ਪਰ ਕੋਈ ਸੁਣਵਾਈ ਨਹੀਂ ਹੋਈ। ਆਖਿਰ ਅਸੀਂ ਜ਼ਿਲਾ ਪੁਲਸ ਮੁਖੀ ਮੋਗਾ ਨੂੰ ਸ਼ਿਕਾਇਤ ਪੱਤਰ ਦੇ ਕੇ ਇਨਸਾਫ ਦੀ ਗੁਹਾਰ ਲਾਈ।
ਕੀ ਹੋਈ ਪੁਲਸ ਕਾਰਵਾਈ
ਜ਼ਿਲਾ ਪੁਲਸ ਮੁਖੀ ਮੋਗਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਦੀ ਜਾਂਚ ਡੀ. ਐੱਸ. ਪੀ. (ਐੱਸ) ਨੂੰ ਕਰਨ ਦਾ ਆਦੇਸ਼ ਦਿੱਤਾ। ਜਾਂਚ ਸਮੇਂ ਅਧਿਕਾਰੀ ਨੇ ਦੋਵਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ। ਜਾਂਚ ਦੇ ਬਾਅਦ ਸ਼ਿਕਾਇਤ ਕਰਤਾ ਪੀੜਤਾ ਦੇ ਬਿਆਨ ਸਹੀ ਹੋਣ 'ਤੇ ਉਸਦੇ ਪਤੀ ਅਮਰਜੀਤ ਸਿੰਘ, ਸਹੁਰਾ ਸੁਰਿੰਦਰ ਸਿੰਘ, ਸੱਸ ਬਲਜੀਤ ਕੌਰ ਖਿਲਾਫ ਦਾਜ ਖਾਤਰ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ।
ਯੂਥ ਅਕਾਲੀ ਦਲ ਨੇ ਖਹਿਰਾ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ
NEXT STORY