ਬਰਨਾਲਾ, (ਸਿੰਧਵਾਨੀ, ਰਵੀ)– ਡੀ. ਐੱਮ. ਦਫਤਰ ਮਾਰਕਫੈੱਡ ਬਰਨਾਲਾ ਦੇ ਸੀਨੀਅਰ ਅਕਾਊਂਟੈਂਟ ਵੱਲੋਂ ਕਥਿਤ ਤੌਰ ’ਤੇ ਰਿਸ਼ਵਤ ਦੀ ਮੰਗ ਕਰ ਕੇ ਸ਼ੈਲਰ ਮਾਲਕਾਂ ਨੂੰ ਪ੍ਰੇਸ਼ਾਨ ਕਰਨ ’ਤੇ ਉਨ੍ਹਾਂ ਦੇ ਦਫਤਰ ਬਾਹਰ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ ਗਈ।
ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਅਜੈਬ ਸਿੰਘ ਜਵੰਧਾ, ਸੋਹਨ ਲਾਲ ਮਿੱਤਲ, ਕੁਲਦੀਪ ਸਹੌਰੀਆ, ਰਘੁਵੀਰ ਪ੍ਰਕਾਸ਼ ਸੰਘੇਡ਼ੇ ਵਾਲੇ ਅਤੇ ਪ੍ਰਵੀਨ ਬਾਂਸਲ ਸੰਘੇਡ਼ਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ 2013-14 ਅਤੇ 2014-15 ਸੀ-ਕਲਾਸ ਬਾਰਦਾਨੇ ਦੀ ਪੇਮੈਂਟ ਕਈ ਸਾਲਾਂ ਤੋਂ ਬਕਾਇਆ ਸੀ, ਜੋ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਅਾਸ਼ੂ, ਡਾਇਰੈਕਟਰ ਅਨੰਦਿਤਾ ਮਿੱਤਰਾ ਅਤੇ ਸੈਕਟਰੀ ਕੇ. ਪੀ. ਐੱਸ. ਸਿਨਹਾ ਦੇ ਯਤਨਾਂ ਨਾਲ ਫੂਡ ਕਾਰਪੋਰੇਸ਼ਨ ਆਫ ਇੰਡੀਆ (ਐੱਫ. ਸੀ. ਆਈ.) ਦੇ ਦਫਤਰ ’ਚ ਆ ਚੁੱਕੀ ਹੈ। ਐੱਫ. ਸੀ. ਆਈ. ਦੇ ਅਧਿਕਾਰੀਆਂ ਨੇ ਸਟੇਟ ਏਜੰਸੀਆਂ ਤੋਂ ਅੰਡਰ ਟੇਕਿੰਗ ਰਾਹੀਂ ਪੇਮੈਂਟ ਐੱਫ. ਸੀ. ਆਈ. ਤੋਂ ਲੈ ਕੇ ਸ਼ੈਲਰ ਮਾਲਕਾਂ ਨੂੰ ਦੇਣ ਲਈ ਕਿਹਾ ਹੈ। ਸਾਰੀਆਂ ਸਟੇਟ ਏਜੰਸੀਆਂ ਨੇ ਐੱਫ. ਸੀ. ਆਈ. ਨੂੰ ਅੰਡਰ ਟੇਕਿੰਗ ਦੇ ਕੇ ਐੱਫ. ਸੀ. ਆਈ. ਤੋਂ ਪੇਮੈਂਟ ਲੈ ਕੇ ਸ਼ੈਲਰ ਮਾਲਕਾਂ ਨੂੰ ਦੇ ਦਿੱਤੀ ਹੈ ਪਰ ਡੀ. ਐੱਮ. ਦਫਤਰ ਮਾਰਕਫੈੱਡ ਬਰਨਾਲਾ ’ਚ ਤਾਇਨਾਤ ਸੀਨੀਅਰ ਅਕਾਊਂਟੈਂਟ ਕਥਿਤ ਤੌਰ ’ਤੇ ਉਨ੍ਹਾਂ ਤੋਂ ਰਿਸ਼ਵਤ ਦੀ ਮੰਗ ਕਰ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੀ ਪੇਮੈਂਟ ਮਾਰਕਫੈੱਡ ਵੱਲ ਲਟਕ ਰਹੀ ਹੈ। ਇਸ ਮਸਲੇ ਨੂੰ ਹੱਲ ਕਰਵਾਉਣ ਲਈ ਉਹ 5 ਦਿਨ ਪਹਿਲਾਂ ਡੀ. ਐੱਮ. ਮਾਰਕਫੈੱਡ ਬਰਨਾਲਾ ਗੁਰਬੀਰ ਸਿੰਘ ਨੂੰ ਮਿਲੇ ਸਨ, ਜਿਨ੍ਹਾਂ ਨੇ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦੀ ਪੇਮੈਂਟ ਸੋਮਵਾਰ ਤੱਕ ਰਿਲੀਜ਼ ਕਰ ਦਿੱਤੀ ਜਾਵੇਗੀ। ਜਦੋਂ ਅੱਜ ਉਹ ਡੀ.ਐੱਮ. ਮਾਰਕਫੈੱਡ ਦੇ ਦਫਤਰ ’ਚ ਆਪਣੀ ਪੇਮੈਂਟ ਸਬੰਧੀ ਸੀਨੀਅਰ ਅਕਾਊਂਟੈਂਟ ਨੂੰ ਮਿਲਣ ਆਏ ਤਾਂ ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਉਸ ਦੀ ਜੇਬ ਗਰਮ ਨਹੀਂ ਹੁੰਦੀ ਉਦੋਂ ਤੱਕ ਉਹ ਅੰਡਰ ਟੇਕਿੰਗ ਨਹੀਂ ਦੇਵੇਗਾ, ਜਿਸ ਕਾਰਨ ਉਨ੍ਹਾਂ ਨੂੰ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ।
ਸ਼ੈਲਰ ਮਾਲਕ ਸਾਡੇ ’ਤੇ ਦਬਾਅ ਪਾਉਣਾ ਚਾਹੁੰਦੇ ਨੇ : ਡੀ. ਐੱਮ.
®ਜਦੋਂ ਇਸ ਸਬੰਧੀ ਡੀ. ਐੱਮ. ਮਾਰਕਫੈੱਡ ਗੁਰਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਧਰਨੇ ਸੰਬਧੀ ਉਨ੍ਹਾਂ ਨੂੰ ਕੁਝ ਪਤਾ ਨਹੀਂ ਹੈ। ਉਹ ਅੱਜ ਸੰਗਰੂਰ ’ਚ ਹਨ। ਸ਼ੈਲਰ ਮਾਲਕਾਂ ਵੱਲੋਂ ਜੋ ਸੀਨੀਅਰ ਅਕਾਊਂਟੈਂਟ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਗਏ ਹਨ, ਉਹ ਸਰਾਸਰ ਗ਼ਲਤ ਹਨ। ਉਨ੍ਹਾਂ ਦਾ ਉਦੇਸ਼ ਸਾਡੇ ’ਤੇ ਦਬਾਅ ਪਾਉਣ ਦਾ ਹੈ। ਸ਼ੈਲਰ ਮਾਲਕਾਂ ਨੂੰ ਪੇਮੈਂਟ ਐੱਫ. ਸੀ. ਆਈ. ਨੇ ਦੇਣੀ ਹੈ। ਅਸੀਂ ਬਿੱਲ ਅਤੇ ਰਿਪੋਰਟ ਤਿਆਰ ਕਰ ਕੇ ਐੱਫ. ਸੀ. ਆਈ. ਨੂੰ ਭੇਜ ਦਿੱਤੀ ਹੈ ਸਾਡਾ ਕੰਮ ਸਿਸਟਮ ਅਨੁਸਾਰ ਹੋ ਰਿਹਾ ਹੈ। ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਕੋਈ ਵੀ ਅਧਿਕਾਰੀ ਪੈਸੇ ਦੀ ਮੰਗ ਕਰ ਰਿਹਾ ਹੈ ਤਾਂ ਉਹ ਵਿਜੀਲੈਂਸ ਵਿਭਾਗ ਦੀ ਮਦਦ ਲੈ ਸਕਦਾ ਹੈ। ਇਸ ਮੌਕੇ ਨਰਿੰਦਰ ਬਾਂਸਲ, ਕਮਲ ਗੋਇਲ ਸ਼ਹਿਣੇ ਵਾਲੇ, ਰਾਮਪਾਲ ਗੋਇਲ, ਪ੍ਰਿੰਸ ਧਨੌਲਾ, ਰਜਿੰਦਰ ਕੁਮਾਰ, ਠੇਕੇਦਾਰ ਅਸ਼ੋਕ ਸਿੰਗਲਾ, ਦੀਪਕ ਮਿੱਤਲ ਅਤੇ ਸੰਜੀਵ ਸ਼ਹਿਣੇ ਵਾਲੇ ਤੋਂ ਇਲਾਵਾ ਭਾਰੀ ਗਿਣਤੀ ’ਚ ਸ਼ੈਲਰ ਮਾਲਕ ਇਸ ਰੋਸ ਧਰਨੇ ’ਚ ਹਾਜ਼ਰ ਸਨ।
ਭ੍ਰਿਸ਼ਟਾਚਾਰ ਦੇ ਦੋਸ਼ ਸਰਾਸਰ ਗਲਤ : ਸੀਨੀਅਰ ਅਕਾਊਂਟੈਂਟ
ਜਦੋਂ ਇਸ ਸਬੰਧੀ ਡੀ.ਐੱਮ. ਮਾਰਕਫੈੱਡ ਬਰਨਾਲਾ ’ਚ ਸੀਨੀਅਰ ਅਕਾਊਂਟੈਂਟ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਮਾਰਕਫੈੱਡ ਦਾ ਮੁਲਾਜ਼ਮ ਹਾਂ ਅਤੇ ਦਫਤਰ ਦੀਅਾਂ ਹਦਾਇਤਾਂ ਤੇ ਨਿਯਮਾਂ ਅਨੁਸਾਰ ਹੀ ਕੰਮ ਕਰ ਰਿਹਾ ਹਾਂ। ਅਸੀਂ ਸ਼ੈਲਰ ਮਾਲਕਾਂ ਦੀ ਪੇਮੈਂਟ ਤੋਂ ਇਲਾਵਾ ਐੱਫ. ਸੀ. ਆਈ. ਤੋਂ ਮਾਰਕਫੈੱਡ ਏਜੰਸੀ ਦੀ ਵੀ ਪੇਮੈਂਟ ਲੈਣੀ ਹੈ, ਜਿਸ ਦਾ ਇਕੱਠਾ ਬਿੱਲ ਬਣਾ ਕੇ ਐੱਫ. ਸੀ. ਆਈ. ਨੂੰ ਭੇਜਣਾ ਹੈ। ਸ਼ੈਲਰ ਮਾਲਕ ਚਾਹੁੰਦੇ ਹਨ ਕਿ ਇਕੱਲਾ ਉਨ੍ਹਾਂ ਦਾ ਬਿੱਲ ਬਣਾ ਕੇ ਐੱਫ. ਸੀ. ਆਈ. ਨੂੰ ਭੇਜ ਕੇ ਪੇਮੈਂਟ ਰਿਲੀਜ਼ ਕਰਵਾ ਕੇ ਉਨ੍ਹਾਂ ਨੂੰ ਦਿੱਤੀ ਜਾਵੇ। ਸਾਡੀ ਏਜੰਸੀ ਦੇ ਨਿਯਮਾਂ ਅਨੁਸਾਰ ਇਕੱਠਾ ਬਿੱਲ ਬਣਾ ਕੇ ਹੀ ਐੱਫ. ਸੀ. ਆਈ. ਨੂੰ ਦਿੱਤਾ ਜਾਵੇਗਾ। ਜਦੋਂ ਸਾਨੂੰ ਪੇਮੈਂਟ ਮਿਲ ਜਾਵੇਗੀ ਤਾਂ ਅਸੀਂ ਸ਼ੈਲਰ ਮਾਲਕਾਂ ਨੂੰ ਰਿਲੀਜ਼ ਕਰ ਦਿਆਂਗੇ। ਅੱਜ ਸਾਰੀ ਰਿਪੋਰਟ ਤਿਆਰ ਹੋ ਚੁੱਕੀ ਹੈ, ਅਸੀਂ ਜਲਦੀ ਹੀ ਐੱਫ. ਸੀ. ਆਈ. ਨੂੰ ਭੇਜ ਰਹੇ ਹਾਂ। ਇਕ ਪ੍ਰਸ਼ਨ ਦੇ ਉਤਰ ’ਚ ਉਨ੍ਹਾਂ ਕਿਹਾ ਕਿ ਹੋਰ ਏਜੰਸੀਆਂ ਨੇ ਜੋ ਪੇਮੈਂਟ ਰਿਲੀਜ਼ ਕੀਤੀ ਹੈ, ਉਸ ਦੇ ਬਾਰੇ ਉਹ ਹੀ ਦੱਸ ਸਕਦੇ ਹਨ। ਆਪਣੇ ’ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਇਲਜ਼ਾਮ ਸਰਾਸਰ ਗ਼ਲਤ ਹਨ।
ਗੈਂਗਸਟਰ ਦਿਲਪ੍ਰੀਤ ਢਾਹਾਂ ਹੁਣ ਨੂਰਪੁਰਬੇਦੀ ਪੁਲਸ ਦੇ ਹਵਾਲੇ
NEXT STORY