ਸ਼ੇਰਪੁਰ (ਅਨੀਸ਼)— ਪੰਜਾਬ ਦੀ ਕੈਪਟਨ ਸਰਕਾਰ ਅਗਾਮੀ ਲੋਕ ਸਭਾ ਚੋਣਾਂ ਵਿਚ ਸਿਆਸੀ ਲਾਹਾ ਲੈਣ ਲਈ ਬੇਅਦਬੀ ਦੇ ਮੁੱਦੇ 'ਤੇ ਬਾਦਲ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਵਿਚਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਿੰਡ ਕਾਂਝਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਗੋਬਿੰਦ ਸਿੰਘ ਕਾਂਝਲਾ ਜਿਨ੍ਹਾਂ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ ਸੀ, ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬਹਿਬਲ ਕਲਾਂ ਤੇ ਕੋਟਕਪੁਰਾ ਘਟਨਾਵਾਂ ਦੀ ਆੜ ਹੇਠ ਸੂਬੇ ਵਿਚ ਚਲਾਏ ਜਾ ਰਹੇ ਕੋਝੇ ਡਰਾਮੇ ਨੂੰ ਖਤਮ ਕਰਨ ਅਤੇ ਮੈਨੂੰ ਜਦੋਂ ਮਰਜ਼ੀ ਗ੍ਰਿਫਤਾਰ ਕਰ ਲੈਣ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਗਈ ਐਸ.ਆਈ.ਟੀ. 'ਤੇ ਉਨਾਂ ਨੂੰ ਕੋਈ ਭਰੋਸਾ ਨਹੀਂ ਹੈ। ਇਸ ਲਈ ਬੇਅਦਬੀ ਕਾਂਡ ਦੀ ਜਾਂਚ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਈ ਜਾਵੇ। ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੱਤਾਂ ਵਿਚ ਆਉਣ ਤੋਂ ਪਹਿਲਾਂ ਵੱਡੇ-ਵੱਡੇ ਵਾਅਦੇ ਕੀਤੇ ਸੀ, ਜਿਸ ਵਿਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਬਦਲੇ ਜਾਣ ਦੀ ਚੋਣ ਰੱਖਣ ਸਬੰਧੀ ਕਿਹਾ ਕਿ ਜੇਕਰ ਪਾਰਟੀ ਦੇ ਬਹੁਗਿਣਤੀ ਡੈਲੀਗੇਟ ਚਾਹੁਣ ਤਾਂ ਚੋਣ ਰੱਖੀ ਜਾ ਸਕਦੀ ਹੈ। ਕੇਂਦਰ ਸਰਕਾਰ ਵੱਲੋਂ ਸਿੰਧ ਜਲ ਸੰਧੀ ਤਹਿਤ ਆਪਣੇ ਹਿੱਸੇ ਦੇ ਪਾਣੀਆਂ ਨੂੰ ਪਾਕਿਸਤਾਨ ਜਾਣ ਤੋਂ ਰੋਕਣ ਦੇ ਫੈਸਲੇ 'ਤੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆ ਗਿਆ ਇਹ ਫੈਸਲਾ ਸ਼ਲਾਘਾਯੋਗ ਹੈ।
ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਪ੍ਰਤੀ ਚੱਲ ਰਹੀ ਨਾਰਾਜ਼ਗੀ 'ਤੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹ ਸਾਡੀ ਪਾਰਟੀ ਦਾ ਅੰਦਰੂਨੀ ਮਸਲਾ ਹੈ ਅਤੇ ਪਰਿਵਾਰਾਂ ਵਿਚ ਗਿਲੇ-ਸ਼ਿਕਵੇ ਹੁੰਦੇ ਰਹਿੰਦੇ ਹਨ, ਜਿਸ ਨੂੰ ਮਿਲ ਬੈਠ ਕੇ ਹੱਲ ਕਰ ਲਿਆ ਜਾਵੇਗਾ। ਇਸ ਮੌਕੇ ਸਵ. ਗੋਬਿੰਦ ਸਿੰਘ ਕਾਂਝਲਾ ਦੇ ਸਪੁੱਤਰ ਸਰਪੰਚ ਅਮਨਦੀਪ ਸਿੰਘ ਕਾਂਝਲਾ, ਗਗਨਦੀਪ ਸਿੰਘ ਕਾਂਝਲਾ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਤੋਂ ਇਲਾਵਾ ਵੱਡੀ ਗਿਣਤੀ ਪਾਰਟੀ ਵਰਕਰ ਮੌਜੂਦ ਸਨ।
ਬਾਦਲ ਦੇ ਜੇਲ ਭੇਜਣ ਦੇ ਬਿਆਨ 'ਤੇ ਬੋਲੀ ਪ੍ਰਨੀਤ ਕੌਰ (ਵੀਡੀਓ)
NEXT STORY