ਜਲੰਧਰ (ਮਹੇਸ਼ ਖੋਸਲਾ)–ਆਦਮਪੁਰ ਵਿਧਾਨ ਸਭਾ ਹਲਕੇ ਤੋਂ 2012 ਅਤੇ 2017 ਵਿਚ 2 ਵਾਰ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਚੁਣੇ ਗਏ ਪਵਨ ਕੁਮਾਰ ਟੀਨੂੰ ਦੇ ਲੋਕ ਸਭਾ ਚੋਣਾਂ ਦੌਰਾਨ ਵਿਸਾਖੀ ਮੌਕੇ 14 ਅਪ੍ਰੈਲ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਜਾਣ ਤੋਂ ਬਾਅਦ ਆਦਮਪੁਰ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਕਮਜ਼ੋਰ ਪੈਣਾ ਸ਼ੁਰੂ ਹੋ ਗਿਆ, ਜਿਸ ਦਾ ਵੱਡਾ ਕਾਰਨ ਇਹ ਰਿਹਾ ਕਿ ਪਾਰਟੀ ਹਾਈਕਮਾਨ ਨੇ ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਕਿਸੇ ਹੋਰ ਨੇਤਾ ਨੂੰ ਨਹੀਂ ਸੌਂਪੀ। ਪਵਨ ਟੀਨੂੰ ਦੀ ਥਾਂ ’ਤੇ ਕੋਈ ਨਵਾਂ ਹਲਕਾ ਇੰਚਾਰਜ ਨਾ ਲਗਾਏ ਜਾਣ ਦਾ ਪਾਰਟੀ ਨੂੰ ਇੰਨਾ ਵੱਡਾ ਨੁਕਸਾਨ ਝੱਲਣਾ ਪਿਆ ਕਿ ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਤੋਂ ਪਿੱਛੇ ਰਹਿ ਗਿਆ। ਕਹਿਣ ਦਾ ਭਾਵ ਕਿ ਅਕਾਲੀ ਦਲ ਨੂੰ ਪੂਰੇ ਹਲਕੇ ਤੋਂ ਸਿਰਫ਼ 6490 ਵੋਟਾਂ ਮਿਲੀਆਂ ਅਤੇ 5ਵੇਂ ਨੰਬਰ ’ਤੇ ਰਿਹਾ, ਜਦਕਿ ਚੌਥੇ ਨੰਬਰ ’ਤੇ ਆਈ ਬਹੁਜਨ ਸਮਾਜ ਪਾਰਟੀ ਨੂੰ 10372 ਵੋਟਾਂ ਮਿਲੀਆਂ।
ਮਿਲੀ ਜਾਣਕਾਰੀ ਮੁਤਾਬਕ ਪਵਨ ਟੀਨੂੰ ਜਦੋਂ 2012 ਵਿਚ ਪਹਿਲੀ ਵਾਰ ਚੋਣ ਜਿੱਤੇ ਸਨ ਤਾਂ ਉਨ੍ਹਾਂ ਨੂੰ ਉਸ ਸਮੇਂ ਲਗਭਗ 50 ਹਜ਼ਾਰ ਵੋਟਾਂ ਮਿਲੀਆਂ ਸਨ ਅਤੇ ਦੂਜੀ ਵਾਰ 2017 ਵਿਚ ਵਿਧਾਇਕ ਬਣੇ ਤਾਂ ਫਿਰ ਉਨ੍ਹਾਂ ਦਾ ਪ੍ਰਦਰਸ਼ਨ ਬਹੁਤ ਚੰਗਾ ਰਿਹਾ ਅਤੇ ਉਹ ਸੂਬੇ ਵਿਚ ਕਾਂਗਰਸ ਦੀ ਚੱਲ ਰਹੀ ਲਹਿਰ ਵਿਚ ਵੀ ਕਾਂਗਰਸੀ ਉਮੀਦਵਾਰ ਮਹਿੰਦਰ ਸਿੰਘ ਕੇ. ਪੀ. ਨੂੰ ਵੋਟਾਂ ਦੇ ਵੱਡੇ ਫਰਕ ਨਾਲ ਹਰਾਉਣ ਵਿਚ ਕਾਮਯਾਬ ਰਹੇ। 2022 ਦੀਆਂ ਚੋਣਾਂ ਵਿਚ ਪਵਨ ਟੀਨੂੰ ਬੇਸ਼ੱਕ ਪੰਜਾਬ ਵਿਚ ਚੱਲ ਰਹੀ 'ਆਪ' ਦੀ ਲਹਿਰ ਵਿਚ ਚੋਣ ਹਾਰ ਗਏ ਸਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ 40 ਹਜ਼ਾਰ ਤੋਂ ਜ਼ਿਆਦਾ ਵੋਟਾਂ ਮਿਲੀਆਂ ਸਨ। ਇਹ ਚੋਣ ਉਹ ਕਾਂਗਰਸ ਦੇ ਸੁਖਵਿੰਦਰ ਸਿੰਘ ਕੋਟਲੀ ਤੋਂ ਲਗਭਗ 5 ਹਜ਼ਾਰ ਵੋਟਾਂ ਨਾਲ ਹਾਰੇ ਸਨ ਪਰ ਹਾਰਨ ਤੋਂ ਬਾਅਦ ਵੀ ਉਹ ਆਦਮਪੁਰ ਹਲਕੇ ਨਾਲ ਜੁੜੇ ਰਹੇ ਅਤੇ ਉਨ੍ਹਾਂ ਨੇ ਅਕਾਲੀ ਦਲ ਦੇ ਵਰਕਰਾਂ ਦੇ ਨਾਲ-ਨਾਲ ਹਰ ਕਿਸੇ ਦੇ ਦੁੱਖ਼-ਸੁੱਖ ਵਿਚ ਸ਼ਰੀਕ ਹੋ ਕੇ ਆਮ ਲੋਕਾਂ ਵਿਚ ਵੀ ਆਪਣੀ ਚੰਗੀ ਪਕੜ ਬਣਾਈ ਹੋਈ ਸੀ।
ਇਹ ਵੀ ਪੜ੍ਹੋ- 'ਸ਼ਾਨ-ਏ-ਪੰਜਾਬ' 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, 9 ਦਿਨ ਜਲੰਧਰ ਰੇਲਵੇ ਸਟੇਸ਼ਨ 'ਤੇ ਨਹੀਂ ਆਵੇਗੀ ਟਰੇਨ
ਮਈ 2023 ਵਿਚ ਜਦੋਂ ਲੋਕ ਸਭਾ ਦੀ ਉਪ ਚੋਣ ਹੋਈ ਤਾਂ ਉਨ੍ਹਾਂ ਨੂੰ ਅਕਾਲੀ ਦਲ ਦੇ ਉਮੀਦਵਾਰ ਡਾ. ਸੁੱਖੀ ਦੇ ਹੱਕ ਵਿਚ ਆਦਮਪੁਰ ਹਲਕੇ ਤੋਂ 21 ਹਜ਼ਾਰ ਵੋਟਾਂ ਮਿਲੀਆਂ ਸਨ, ਜਦਕਿ ਕਾਂਗਰਸ ਨੂੰ ਇਸ ਚੋਣ ਵਿਚ ਕਰਮਜੀਤ ਕੌਰ ਚੌਧਰੀ ਦੇ ਪੱਖ ਵਿਚ 20 ਹਜ਼ਾਰ ਤੋਂ ਜ਼ਿਆਦਾ ਵੋਟਾਂ ਮਿਲੀਆਂ ਸਨ। ਟੀਨੂੰ ਨੇ ਜਦੋਂ ਹੁਣ ਅਕਾਲੀ ਦਲ ਛੱਡਿਆ ਤਾਂ ਆਦਮਪੁਰ ਹਲਕੇ ਵਿਚ 5ਵੇਂ ਨੰਬਰ ’ਤੇ ਆਇਆ ਸ਼੍ਰੋਮਣੀ ਅਕਾਲੀ ਦਲ ਇਕ ਤਰ੍ਹਾਂ ਖਤਮ ਹੀ ਹੋ ਗਿਆ, ਹਾਲਾਂਕਿ ਲੋਕਾਂ ਵਿਚ ਚਰਚਾ ਇਸ ਗੱਲ ਦੀ ਸੀ ਕਿ ਟੀਨੂੰ ਦਾ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪਵੇਗਾ ਅਤੇ ਇਸ ਹਲਕੇ ਤੋਂ ਅਕਾਲੀ ਦਲ ਨੂੰ ਬਹੁਤ ਵੱਡੀ ਲੀਡ ਹਾਸਲ ਹੋਵੇਗੀ ਪਰ ਜਿੰਨੀ ਸ਼ਰਮਨਾਕ ਹਾਰ ਅਕਾਲੀ ਦਲ ਨੂੰ ਇਸ ਹਲਕੇ ਵਿਚ ਮਿਲੀ ਹੈ, ਇਸਦਾ ਕਿਸੇ ਨੇ ਅੰਦਾਜ਼ਾ ਤਕ ਨਹੀਂ ਲਗਾਇਆ ਸੀ।
ਗੁਰਪ੍ਰਤਾਪ ਵਡਾਲਾ ਦੀ ਮਿਹਨਤ ਵੀ ਕੰਮ ਨਹੀਂ ਆਈ
ਜ਼ਿਲ੍ਹਾ ਅਕਾਲੀ ਦਲ ਜਥਾ ਦਿਹਾਤੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਵਡਾਲਾ ਨੇ ਪਵਨ ਟੀਨੂੰ ਦੇ ‘ਆਪ’ ਵਿਚ ਸ਼ਾਮਲ ਹੋਣ ਤੋਂ ਬਾਅਦ ਦਿਹਾਤੀ ਜ਼ਿਲੇ ਵਿਚ ਆਦਮਪੁਰ ਹਲਕਾ ਪੈਂਦਾ ਹੋਣ ਕਾਰਨ ਇਸ ਹਲਕੇ ਵਿਚ ਲਗਾਤਾਰ ਮਹਿੰਦਰ ਸਿੰਘ ਕੇ. ਪੀ. ਲਈ ਕੰਮ ਕੀਤਾ ਪਰ ਉਨ੍ਹਾਂ ਦੀ ਮਿਹਨਤ ਵੀ ਕਿਸੇ ਕੰਮ ਨਹੀਂ ਆਈ। ਉਹ ਆਦਮਪੁਰ ਹਲਕੇ ਤੋਂ ਪਾਰਟੀ ਉਮੀਦਵਾਰ ਨੂੰ 10 ਹਜ਼ਾਰ ਵੋਟਾਂ ਵੀ ਨਹੀਂ ਦਿਵਾ ਸਕੇ। ਇਸ ਤੋਂ ਇਲਾਵਾ ਸਾਬਕਾ ਐੱਸ. ਜੀ. ਪੀ. ਸੀ. ਪ੍ਰਧਾਨ ਬੀਬੀ ਜਗੀਰ ਕੌਰ ਵੀ ਆਦਮਪੁਰ ਹਲਕੇ ਦੇ ਪਿੰਡਾਂ ਵਿਚ ਐਕਟਿਵ ਰਹੀ ਪਰ ਉਨ੍ਹਾਂ ਦਾ ਵੀ ਅਕਾਲੀ ਵਰਕਰਾਂ ਅਤੇ ਆਮ ਲੋਕਾਂ ’ਤੇ ਕੋਈ ਪ੍ਰਭਾਵ ਨਹੀਂ ਪਿਆ। ਗੁਰਪ੍ਰਤਾਪ ਸਿੰਘ ਵਡਾਲਾ ਅਤੇ ਬੀਬੀ ਜਗੀਰ ਕੌਰ ਵੀ ਆਦਮਪੁਰ ਹਲਕੇ ਤੋਂ ਅਕਾਲੀ ਦਲ ਦਾ ਸਾਹਮਣੇ ਆਇਆ ਵੋਟ ਬੈਂਕ ਦੇਖ ਕੇ ਹੈਰਾਨ ਰਹੇ ਗਏ।
ਇਹ ਵੀ ਪੜ੍ਹੋ- ਚੋਣਾਂ 'ਚ ਮਿਲੀ ਹਾਰ ਮਗਰੋਂ ਗਾਇਕ ਹੰਸ ਰਾਜ ਹੰਸ ਦਾ ਵੱਡਾ ਬਿਆਨ, 27 ਦੀਆਂ ਚੋਣਾਂ ਸਬੰਧੀ ਕਹੀਆਂ ਅਹਿਮ ਗੱਲਾਂ
ਧੜਾਧੜ ਵੰਡੀਆਂ ਗਈਆਂ ਨਿਯੁਕਤੀਆਂ ਵੀ ਕੰਮ ਨਹੀਂ ਆਈਆਂ
ਆਦਮਪੁਰ ਹਲਕੇ ਵਿਚ ਬੇਸ਼ੱਕ ਪਾਰਟੀ ਨੇ ਕੋਈ ਨਵਾਂ ਹਲਕਾ ਇੰਚਾਰਜ ਨਹੀਂ ਲਗਾਇਆ ਪਰ ਪਾਰਟੀ ਨੂੰ ਮਜ਼ਬੂਤ ਕਰਨ ਲਈ ਪਾਰਟੀ ਵਰਕਰਾਂ ਦਾ ਉਤਸ਼ਾਹ ਵਧਾਉਣ ਲਈ ਪਾਰਟੀ ਵੱਲੋਂ ਉਨ੍ਹਾਂ ਨੂੰ ਧੜਾਧੜ ਨਿਯੁਕਤੀਆਂ ਵੰਡਣ ਵਿਚ ਕੋਈ ਕਸਰ ਨਹੀਂ ਛੱਡੀ ਗਈ। ਕੋਰ ਕਮੇਟੀ ਮੈਂਬਰ, ਪਾਰਟੀ ਸਲਾਹਕਾਰ ਅਤੇ ਪੀ. ਏ. ਸੀ. ਦੇ ਮੈਂਬਰ ਵੱਡੀ ਗਿਣਤੀ ਵਿਚ ਬਣਾ ਦਿੱਤੇ ਗਏ। ਇਹ ਸਾਰੇ ਆਪਣੀ ਨਿਯੁਕਤੀ ਪੱਤਰ ਲੈ ਕੇ ਤਾਂ ਖੁਸ਼ ਹੋ ਗਏ ਪਰ ਕੇ. ਪੀ. ਲਈ ਕੰਮ ਕਿਸੇ ਨੇ ਨਹੀਂ ਕੀਤਾ। ਵੱਡੀ ਗੱਲ ਇਹ ਵੀ ਰਹੀ ਕਿ ਇਕ ਹੀ ਪਿੰਡ ਦੇ 2-2 ਅਕਾਲੀ ਆਗੂਆਂ ਨੂੰ ਪੀ. ਏ. ਸੀ. ਤਕ ਦਾ ਮੈਂਬਰ ਬਣਾ ਦਿੱਤਾ ਗਿਆ।
ਲੇਸੜੀਵਾਲ ਅਤੇ ਗੜ੍ਹਦੀਵਾਲਾ ਹਲਕਾ ਇੰਚਾਰਜ ਲੱਗਣ ਦੇ ਇੱਛੁਕ
ਦਲਿਤ ਅਕਾਲੀ ਨੇਤਾ ਧਰਮਪਾਲ ਲੇਸੜੀਵਾਲ ਅਤੇ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਗੜ੍ਹਦੀਵਾਲਾ ਦੇ ਬੇਟੇ ਜਰਨੈਲ ਿਸੰਘ ਗੜ੍ਹਦੀਵਾਲਾ ਆਦਮਪੁਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਲੱਗਣ ਦੇ ਇੱਛੁਕ ਹਨ। ਇਨ੍ਹਾਂ ਦੋਵਾਂ ਨੇ ਕੇ. ਪੀ. ਦੇ ਚੋਣ ਪ੍ਰਚਾਰ ਦੌਰਾਨ ਵੀ ਇਸ ਅਹੁਦੇ ਨੂੰ ਹਾਸਲ ਕਰਨ ਲਈ ਕਾਫੀ ਯਤਨ ਕੀਤੇ ਪਰ ਪਾਰਟੀ ਹਾਈਕਮਾਨ ਨੇ ਕੋਈ ਫ਼ੈਸਲਾ ਨਹੀਂ ਸੁਣਾਇਆ। ਆਦਮਪੁਰ ਬਲਾਕ ਸੰਮਤੀ ਦੇ ਮੈਂਬਰ ਰਹੇ ਧਰਮਪਾਲ ਲੇਸੜੀਵਾਲ ਨੂੰ ਪਾਰਟੀ ਨੇ ਹਲਕਾ ਇੰਚਾਰਜ ਤਾਂ ਨਹੀਂ ਲਗਾਇਆ ਪਰ ਉਨ੍ਹਾਂ ਨੂੰ ਪਾਰਟੀ ਦੇ ਐੱਸ. ਸੀ. ਵਿੰਗ ਦਾ 2 ਵਿਧਾਨ ਸਭਾ ਹਲਕਿਆਂ ਆਦਮਪੁਰ ਅਤੇ ਜਲੰਧਰ ਕੈਂਟ ਵਿਚ ਇੰਚਾਰਜ ਲਗਾ ਦਿੱਤਾ। ਧਰਮਪਾਲ ਲੇਸੜੀਵਾਲ ਪਹਿਲਾਂ ਪਵਨ ਟੀਨੂੰ ਦੇ ਕਾਫੀ ਨੇੜੇ ਹੋਇਆ ਕਰਦੇ ਸਨ ਪਰ ਜਦੋਂ ਟੀਨੂੰ ਅਕਾਲੀ ਦਲ ਛੱਡ ਕੇ ‘ਆਪ’ ਵਿਚ ਚਲੇ ਗਏ ਤਾਂ ਧਰਮਪਾਲ ਨੇ ਅਕਾਲੀ ਦਲ ਪ੍ਰਤੀ ਆਪਣੀ ਵਫਾਦਾਰੀ ਨਿਭਾਉਂਦੇ ਹੋਏ ਪਵਨ ਟੀਨੂੰ ਤੋਂ ਦੂਰੀ ਬਣਾ ਲਈ। ਹੁਣ ਲੇਸਡ਼ੀਵਾਲ ਨੂੰ ਲੱਗਦਾ ਹੈ ਕਿ ਪਾਰਟੀ ਉਨ੍ਹਾਂ ਨੂੰ ਹੀ ਆਦਮਪੁਰ ਹਲਕੇ ਦੀ ਕਮਾਨ ਸੰਭਾਲੇਗੀ।
ਇਹ ਵੀ ਪੜ੍ਹੋ- ਪੰਜਾਬ ’ਚ ‘ਆਪ’ ਅਤੇ ਕਾਂਗਰਸ ਦਾ ਵੋਟ ਸ਼ੇਅਰ 26-26 ਫ਼ੀਸਦੀ ’ਤੇ ਪੁੱਜਾ, ਭਾਜਪਾ ਤੀਜੇ ਸਥਾਨ ’ਤੇ ਰਹੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
'ਸ਼ਾਨ-ਏ-ਪੰਜਾਬ' 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, 9 ਦਿਨ ਜਲੰਧਰ ਰੇਲਵੇ ਸਟੇਸ਼ਨ 'ਤੇ ਨਹੀਂ ਆਵੇਗੀ ਟਰੇਨ
NEXT STORY