ਚੰਡੀਗੜ੍ਹ (ਬਿਊਰੋ)-ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸੁਖਬੀਰ ਬਾਦਲ ਦੀਆਂ ਟਿੱਪਣੀਆਂ ’ਤੇ ਸਖ਼ਤ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿਚਾਰਧਾਰਕ ਤੌਰ ’ਤੇ ਪੂਰੀ ਤਰ੍ਹਾਂ ਕੰਗਾਲ ਹੋ ਚੁੱਕੀ ਹੈ। ਇਹ ਪਾਰਟੀ ਡੁੱਬੇ ਹੋਏ ਬੈਂਕ ਵਰਗੀ ਹੈ, ਜਿਸ ਨੇ ਆਪਣੀ ਵਿਚਾਰਧਾਰਾ ਗਹਿਣੇ ਰੱਖੀ ਹੋਈ ਹੈ ਅਤੇ ਹੁਣ ਬਾਊਂਸ ਚੈੱਕ ਜਾਰੀ ਕਰ ਰਹੀ ਹੈ। ਅੱਜ ਇੱਥੇ ਜਾਰੀ ਪ੍ਰੈੱਸ ਬਿਆਨ ’ਚ ਵਿੱਤ ਮੰਤਰੀ ਨੇ ਕਿਹਾ, “ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਡੇ ਦਰਮਿਆਨ ਵਿਚਾਰਧਾਰਕ ਮੱਤਭੇਦ ਬਾਰੇ ਬੇਤੁਕੀ ਟਿੱਪਣੀ ਕੀਤੀ ਹੈ ਪਰ ਦੂਜਿਆਂ ’ਤੇ ਉਂਗਲ ਚੁੱਕਣ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੇ ਅੰਦਰ ਝਾਤੀ ਮਾਰ ਲੈਣੀ ਚਾਹੀਦੀ ਹੈ।’’ ਬਾਦਲ ਨੇ ਕਿਹਾ, “ਅਕਾਲੀ ਦਲ ਉਨ੍ਹਾਂ ਦੋ ਅਹਿਮ ਮੁੱਦਿਆਂ ’ਤੇ ਬੁਰੀ ਤਰ੍ਹਾਂ ਅਸਫ਼ਲ ਰਿਹਾ ਹੈ, ਜਿਨ੍ਹਾਂ ਦਾ ਉਹ ਆਪਣੇ ਆਪ ਨੂੰ ਚੈਂਪੀਅਨ ਕਹਿੰਦਾ ਆ ਰਿਹਾ ਸੀ।”
ਇਹ ਵੀ ਪੜ੍ਹੋ : ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਦਾ ਕਸ਼ਮੀਰ ਨੂੰ ਲੈ ਕੇ ਬਿਆਨ ਬਹੁਤ ਮੰਦਭਾਗਾ : ਇਕਬਾਲ ਸਿੰਘ ਲਾਲਪੁਰਾ
ਉਨ੍ਹਾਂ ਕਿਹਾ ਕਿ ਮੁਲਕ ਦੀ ਖੇਤੀਬਾੜੀ ਦੀ ਰੀੜ੍ਹ ਦੀ ਹੱਡੀ ਤੋੜਨ ਵਾਲੀ ਭਾਜਪਾ ਨਾਲ ਭਾਈਵਾਲੀ ਦੌਰਾਨ ਅਕਾਲੀ ਦਲ ਨੇ ਤਿੰਨ ਖੇਤੀ ਬਿੱਲ ਪਾਸ ਕਰਵਾ ਕੇ ਦੇਸ਼ ਦੇ ਕਿਸਾਨਾਂ ਨਾਲ ਧ੍ਰੋਹ ਕਮਾਇਆ ਹੈ। ਦੂਜਾ, ਅਕਾਲੀ ਦਲ ਵੱਲੋਂ ਸਿੱਖਾਂ ਦੀ ਨੁਮਾਇੰਦਾ ਜਮਾਤ ਹੋਣ ਦੀ ਡੌਂਡੀ ਪਿੱਟੀ ਜਾਂਦੀ ਹੈ ਪਰ ਇਸ ਪਾਰਟੀ ਨੇ ਸਿੱਖ ਭਾਈਚਾਰੇ ਨਾਲ ਹਮੇਸ਼ਾ ਦਗਾ ਕਮਾਇਆ ਅਤੇ ਉਸ ਨੂੰ ਨਿਰਾਸ਼ ਕੀਤਾ ਹੈ- ਭਾਵੇਂ ਇਹ 1979 ’ਚ ਅੰਮਿ੍ਤਸਰ ਵਿਖੇ ਵਾਪਰੀ ਘਟਨਾ ਹੋਵੇ, ਜਿਸ ਨੇ ਪੰਜਾਬ ਸੰਕਟ ਪੈਦਾ ਕੀਤਾ ਜਾਂ ਸਾਲ 2015 ’ਚ ਬਰਗਾੜੀ ਤੇ ਹੋਰ ਥਾਵਾਂ ’ਤੇ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਹੋਣ। ਵਿੱਤ ਮੰਤਰੀ ਨੇ ਕਿਹਾ, “ਮੈਂ ਅਕਾਲੀ ਦਲ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ ਪਰ ਲੋਕ ਭਲੀਭਾਂਤ ਜਾਣਦੇ ਹਨ ਕਿ ਅਕਾਲੀ ਦਲ ਵੇਲਾ ਵਿਹਾਅ ਚੁੱਕੀ ਅਤੇ ਵਿਚਾਰਧਾਰਕ ਤੌਰ ’ਤੇ ਦੀਵਾਲੀਆ ਹੋ ਚੁੱਕੀ ਪਾਰਟੀ ਹੈ, ਜੋ ਫੇਲ੍ਹ ਹੋ ਚੁੱਕੇ ਬੈਂਕ ਵਾਂਗ ਬਾਊਂਸ ਚੈੱਕ ਜਾਰੀ ਕਰ ਰਹੀ ਹੈ।’’
ਅਫ਼ਗਾਨਿਸਤਾਨ ਦੇ ਵਿਗੜ ਰਹੇ ਹਾਲਾਤ ‘ਤੇ ਰਵੀ ਸਿੰਘ ਖ਼ਾਲਸਾ ਨੇ ਜਤਾਈ ਚਿੰਤਾ
NEXT STORY