ਪਟਿਆਲਾ (ਜੋਸਨ)—ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਨੂੰ ਪੁੱਛਿਆ ਕਿ ਉਹ ਚੋਣ ਕਮਿਸ਼ਨ ਵੱਲੋਂ ਕੁੰਵਰ ਵਿਜੇ ਪ੍ਰਤਾਪ ਨੂੰ ਸਿਟ ਤੋਂ ਹਟਾਏ ਜਾਣ 'ਤੇ ਇੰਨੇ ਪ੍ਰੇਸ਼ਾਨ ਅਤੇ ਨਾਰਾਜ਼ ਕਿਉਂ ਹਨ? ਜਦਕਿ ਸਿਟ ਵਿਚ ਇਸ ਦੇ ਚੇਅਰਮੈਨ ਸਮੇਤ ਚਾਰ ਮੈਂਬਰ ਹੋਰ ਹਨ, ਜਿਨ੍ਹਾਂ ਖ਼ਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ?
ਉਨ੍ਹਾਂ ਕਿਹਾ ਕਿ ਸਿਰਫ ਇਕ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਬਾਰੇ ਇੰਨੀ ਫਿਕਰਮੰਦੀ ਕਿਉਂ ਜ਼ਾਹਿਰ ਕੀਤੀ ਜਾ ਰਹੀ ਹੈ? ਸਿਟ ਦੀ ਅਗਵਾਈ ਇਕ ਡੀ.ਜੀ.ਪੀ. ਕਰ ਰਿਹਾ ਹੈ। ਕੀ ਮੁੱਖ ਮੰਤਰੀ ਅਤੇ ਕਾਂਗਰਸ ਪਾਰਟੀ ਨੂੰ ਇਨ੍ਹਾਂ ਬਾਕੀ ਅਧਿਕਾਰੀਆਂ 'ਤੇ ਭਰੋਸਾ ਨਹੀਂ ਹੈ? ਸ. ਬਾਦਲ ਨੇ ਇਹ ਟਿੱਪਣੀਆਂ ਕਈ ਥਾਵਾਂ 'ਤੇ ਅਕਾਲੀ-ਭਾਜਪਾ ਦੀ ਚੋਣ ਰੈਲੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤੀਆਂ।
ਕੁੰਵਰ ਵਿਜੇ ਪ੍ਰਤਾਪ ਦੇ ਤਬਾਦਲੇ ਸਬੰਧੀ ਚੋਣ ਕਮਿਸ਼ਨ ਦੇ ਹੁਕਮਾਂ ਬਾਰੇ ਅਮਰਿੰਦਰ ਦੀ ਪ੍ਰਤੀਕਿਰਿਆ 'ਤੇ ਟਿੱਪਣੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰਕੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੀ ਵੀ ਬਦਲੀ ਕਰਵਾਈ ਹੈ ਪਰ ਉਸ ਦੇ ਤਬਾਦਲੇ ਤੋਂ ਕੈਪਟਨ ਅਤੇ ਕਾਂਗਰਸ ਪਾਰਟੀ ਨੂੰ ਕੋਈ ਤਕਲੀਫ਼ ਨਹੀਂ ਹੋਈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਸਿਟ ਦੇ ਹੋਰ ਕਿਸੇ ਵੀ ਮੈਂਬਰ ਖ਼ਿਲਾਫ ਕੋਈ ਇਤਰਾਜ਼ ਨਹੀਂ ਕੀਤਾ ਅਤੇ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਹੈ, ਉਨ੍ਹਾਂ ਕੋਲ ਬਿਆਨ ਦਰਜ ਕਰਵਾਏ ਹਨ ਅਤੇ ਹੋਰ ਜੋ ਵੀ ਸਿਟ ਮੈਂਬਰਾਂ ਨੇ ਕਿਹਾ, ਅਸੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਿਟ ਦੇ ਚੇਅਰਮੈਨ ਸਮੇਤ ਇਸ ਦੇ ਕਿਸੇ ਵੀ ਹੋਰ ਮੈਂਬਰ ਬਾਰੇ ਇਕ ਵੀ ਸ਼ਬਦ ਨਹੀਂ ਕਿਹਾ ਪਰ ਇਹ ਅਧਿਕਾਰੀ ਕਾਂਗਰਸ ਦਾ ਏਜੰਟ ਬਣ ਕੇ ਕੰਮ ਕਰ ਰਿਹਾ ਸੀ ਅਤੇ ਆਪਣੇ ਪੇਸ਼ੇ ਨੂੰ ਕਲੰਕ ਲਾ ਰਿਹਾ ਸੀ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਦੋਸ਼ੀ ਸਿਟ ਮੈਂਬਰ ਸਬੰਧੀ ਚੋਣ ਕਮਿਸ਼ਨ ਨੂੰ ਆਪਣੇ ਫੈਸਲੇ ਦੀ ਨਜ਼ਰਸਾਨੀ ਕਰਨ ਲਈ ਲਿਖੀ ਚਿੱਠੀ ਬਾਰੇ ਆਪਣਾ ਪ੍ਰਤੀਕਰਮ ਦਿੰਦਿਆਂ ਬਾਦਲ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਵਿਜੇ ਪ੍ਰਤਾਪ ਵੱਲੋਂ ਅਕਾਲੀ ਆਗੂਆਂ ਬਾਰੇ ਕੀਤੀਆਂ ਸਿਆਸੀ ਅਤੇ ਪੱਖਪਾਤੀ ਟਿੱਪਣੀਆਂ ਨੂੰ ਘੋਖਣ ਮਗਰੋਂ ਆਪਣਾ ਫੈਸਲਾ ਸੁਣਾਇਆ ਹੈ। ਕੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਟਿੱਪਣੀਆਂ ਨੂੰ ਵੀ ਸਹੀ ਠਹਿਰਾ ਸਕਦਾ ਹੈ? ਉਨ੍ਹਾਂ ਕਿਹਾ ਕਿ ਕੈਪਟਨ ਨੇ ਅਧਿਕਾਰੀ ਦੀਆਂ ਚੋਣ ਜ਼ਾਬਤੇ ਦੌਰਾਨ ਮੁੱਖ ਮੰਤਰੀ ਦੇ ਸਿਆਸੀ ਵਿਰੋਧੀਆਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਸਬੰਧੀ ਕੋਈ ਵੀ ਹਵਾਲਾ ਨਾ ਦੇ ਕੇ ਚੋਣ ਕਮਿਸ਼ਨ ਨਾਲ ਚਲਾਕੀ ਕਰਨ ਦੀ ਕੋਸ਼ਿਸ਼ ਕੀਤੀ ਹੈ।
ਉਨ੍ਹਾਂ ਕੈਪਟਨ ਦੀ ਘਬਰਾਹਟ ਅਤੇ ਗੁੱਸੇ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਇਸ ਲਈ ਪ੍ਰੇਸ਼ਾਨ ਅਤੇ ਨਰਾਜ਼ ਹੈ, ਕਿਉਂਕਿ ਉਸ ਦੀ ਇਸ ਅਧਿਕਾਰੀ ਰਾਹੀਂ ਚੋਣਾਂ ਦਾ ਮਾਹੌਲ ਖਰਾਬ ਕਰਕੇ ਕਾਂਗਰਸ ਨੂੰ ਫਾਇਦਾ ਪਹੁੰਚਾਉਣ ਦੀ ਸਾਰੀ ਖੇਡ ਚੌਪਟ ਹੋ ਗਈ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਕਿਹਾ ਕਿ ਚੋਣ ਕਮਿਸ਼ਨ ਦਾ ਹੁਕਮ ਆਉਣ ਮਗਰੋਂ ਅਖੌਤੀ ਬਰਗਾੜੀ ਮੋਰਚੇ ਦੇ ਮੈਂਬਰਾਂ ਦਾ ਵੀ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ, ਕਿਉਂਕਿ ਸਾਰਿਆਂ ਨੇ ਕੁੰਵਰ ਵਿਜੇ ਪ੍ਰਤਾਪ ਬਾਰੇ ਕਾਂਗਰਸੀ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਹੈ।
ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਦਰਸ਼ਨ ਕਰਨ ਵਾਲਿਆਂ ਲਈ ਅਹਿਮ ਖਬਰ
NEXT STORY