ਲੁਧਿਆਣਾ (ਰਾਜ/ਗੌਤਮ)- ਸੱਸ ਅਤੇ ਨਨਾਣ ਤੋਂ ਪ੍ਰੇਸ਼ਾਨ ਇਕ ਵਿਆਹੁਤਾ ਵੱਲੋਂ ਫਾਹਾ ਲਾ ਕੇ ਜਾਨ ਦੇਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਤਾ ਲੱਗਦਿਆਂ ਹੀ ਉਸ ਦੇ ਪਤੀ ਨੇ ਦਰਵਾਜ਼ਾ ਤੋੜ ਕੇ ਉਸ ਨੂੰ ਬਚਾਇਆ ਅਤੇ ਹਸਪਤਾਲ ਪਹੁੰਚਾਇਆ। ਹਸਪਤਾਲ ਪਹੁੰਚਣ ਤੋਂ ਬਾਅਦ ਵਿਆਹੁਤਾ ਕੋਮਾ ’ਚ ਚਲੀ ਗਈ ਅਤੇ ਪਿਛਲੇ 5 ਮਹੀਨਿਆਂ ਤੋਂ ਜ਼ਿੰਦਗੀ ਅਤੇ ਮੌਤ ਵਿਚਾਲੇ ਜੂਝ ਰਹੀ ਹੈ। ਕਾਰਵਾਈ ਕਰਦੇ ਹੋਏ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਵਿਆਹੁਤਾ ਦੀ ਮਾਂ ਦੇ ਬਿਆਨਾਂ ’ਤੇ ਉਸ ਦੀ ਸੱਸ ਅਤੇ ਨਨਾਣ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪੁਲਸ ਨੇ ਅਮਨ ਪਾਰਕ ਫੇਸ-4 ਦੀ ਰਹਿਣ ਵਾਲੀ ਪਿੰਕੀ ਧੀਰ ਪਤਨੀ ਸਵਰਗੀ ਪਵਨ ਕੁਮਾਰ ਧੀਰ ਦੇ ਬਿਆਨਾਂ ’ਤੇ ਅਮਨ ਪਾਰਕ ਦੀ ਰਹਿਣ ਵਾਲੀ ਪ੍ਰੋਮਿਲਾ ਵਰਮਾ ਅਤੇ ਉਸ ਦੀ ਬੇਟੀ ਨਿਸ਼ੀ ਅਰੋੜਾ ਖਿਲਾਫ ਸਰੀਰਕ ਅਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਫਿਲਹਾਲ ਮੁਲਜ਼ਮ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ। ਪੁਲਸ ਨੂੰ ਦਿੱਤੇ ਬਿਆਨਾਂ ’ਚ ਪਿੰਕੀ ਧੀਰ ਨੇ ਦੱਸਿਆ ਕਿ ਉਸ ਦੀ ਬੇਟੀ ਰਿਸ਼ੂ ਦਾ ਵਿਆਹ ਮੁਲਜ਼ਮ ਪ੍ਰੋਮਿਲਾ ਦੇ ਬੇਟੇ ਮਨੋਜ ਨਾਲ ਹੋਇਆ ਸੀ। ਪਤੀ ਦੀ ਮੌਤ ਤੋਂ ਬਾਅਦ ਉਹ ਇਕੱਲੀ ਰਹਿੰਦੀ ਸੀ, ਜਿਸ ਕਾਰਨ ਉਸ ਦਾ ਜਵਾਈ ਉਸ ਨੂੰ ਆਪਣੇ ਘਰ ਲੈ ਗਿਆ ਪਰ ਵਿਆਹ ਤੋਂ ਬਾਅਦ ਹੀ ਰਿਸ਼ੂ ਦੀ ਸੱਸ ਅਤੇ ਨਨਾਣ ਨੇ ਉਸ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਹ ਦੋਵੇਂ ਕੋਈ ਨਾ ਕੋਈ ਬਹਾਨਾ ਬਣਾ ਕੇ ਝਗੜਾ ਕਰਦੀਆਂ ਸਨ।
1 ਦਸੰਬਰ 2025 ਨੂੰ ਉਸ ਦਾ ਜਵਾਈ ਕੰਮ ’ਤੇ ਗਿਆ ਹੋਇਆ ਸੀ ਅਤੇ ਉਹ ਖੁਦ ਮਾਤਾ ਚਿੰਤਪੂਰਨੀ ਗਈ ਹੋਈ ਸੀ। ਇਸੇ ਦੌਰਾਨ ਰਿਸ਼ੂ ਨੇ ਆਪਣੀ ਮਾਂ ਅਤੇ ਪਤੀ ਨੂੰ ਫੋਨ ਕਰ ਕੇ ਦੱਸਿਆ ਕਿ ਉਹ ਦੋਵੇਂ ਉਸ ਨੂੰ ਬਹੁਤ ਪ੍ਰੇਸ਼ਾਨ ਕਰ ਰਹੀਆਂ ਹਨ ਅਤੇ ਉਹ ਦੁਖੀ ਹੋ ਕੇ ਫਾਹਾ ਲਾ ਲਵੇਗੀ। ਪਤਾ ਲੱਗਦਿਆਂ ਹੀ ਜਦੋਂ ਜਵਾਈ ਘਰ ਪਹੁੰਚਿਆ ਤਾਂ ਰਿਸ਼ੂ ਦੇ ਕਮਰੇ ਦਾ ਦਰਵਾਜ਼ਾ ਬੰਦ ਸੀ। ਉਸ ਨੇ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਰਿਸ਼ੂ ਪੱਖੇ ਨਾਲ ਫਾਹੇ ’ਤੇ ਲਟਕ ਰਹੀ ਸੀ, ਜਿਸ ਨੂੰ ਤੁਰੰਤ ਹੇਠਾਂ ਉਤਾਰ ਕੇ ਹਸਪਤਾਲ ਪਹੁੰਚਾਇਆ ਗਿਆ।
ਪਿਛਲੇ 5 ਮਹੀਨਿਆਂ ਤੋਂ ਕੋਮਾ ’ਚ
ਇਲਾਜ ਦੌਰਾਨ ਰਿਸ਼ੂ ਕੋਮਾ ’ਚ ਚਲੀ ਗਈ, ਜੋ ਅਜੇ ਵੀ ਉਸੇ ਹਾਲਤ ’ਚ ਹੈ। ਰਿਸ਼ੂ ਦੇ ਭਰਾ ਰਿਪਨ ਧੀਰ ਨੇ ਦੱਸਿਆ ਕਿ ਵਾਰ-ਵਾਰ ਚੱਕਰ ਲਾਉਣ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪਿਛਲੇ 5 ਮਹੀਨਿਆਂ ਤੋਂ ਉਸ ਦੀ ਭੈਣ ਮੌਤ ਨਾਲ ਲੜ ਰਹੀ ਹੈ। ਉਸ ਨੇ ਮੰਗ ਕੀਤੀ ਕਿ ਮੁਲਜ਼ਮਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਉਸ ਨੇ ਦੱਸਿਆ ਕਿ ਉਹ ਇਸ ਸਬੰਧੀ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਸਖਤ ਧਾਰਾਵਾਂ ਲਾਉਣ ਦੀ ਗੁਹਾਰ ਲਾਉਣਗੇ।
ਪੰਜਾਬ ਵਿਚ ਕਣਕ ਦੀ ਖਰੀਦ ਠੱਪ! ਖਰੀਦ ਏਜੰਸੀਆਂ ਦੇ ਫੀਲਡ ਸਟਾਫ ਵੱਲੋਂ ਹੜਤਾਲ ਦਾ ਐਲਾਨ
NEXT STORY