ਲੁਧਿਆਣਾ (ਰਾਜ)- ਸਿਵਲ ਹਸਪਤਾਲ ਵਿਚ ਜਿੱਥੇ ਲੋਕ ਆਪਣਿਆਂ ਦੀ ਜਾਨ ਬਚਾਉਣ ਤੇ ਬਿਹਤਰ ਇਲਾਜ ਦੀ ਆਸ ਲੈ ਕੇ ਪਹੁੰਚਦੇ ਹਨ, ਉੱਥੇ ਐਮਰਜੈਂਸੀ ਵਾਰਡ ਦੇ ਬਾਹਰ ਲਾਸ਼ਾਂ ’ਤੇ ਸੌਦੇਬਾਜ਼ੀ ਦਾ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਦੇ ਦਰਜਾ ਚਾਰ ਮੁਲਾਜ਼ਮਾਂ 'ਤੇ ਇਕ ਗ਼ਰੀਬ ਅਤੇ ਬੇਵੱਸ ਪ੍ਰਵਾਸੀ ਪਤੀ ਨੂੰ ਮਰਡਰ ਕੇਸ ਵਿਚ ਫਸਾ ਕੇ ਜੇਲ ਭੇਜਣ ਦਾ ਖ਼ੌਫ਼ ਦਿਖਾ ਕੇ ਉਸ ਦੀ ਮ੍ਰਿਤਕ ਪਤਨੀ ਦੀ ਲਾਸ਼ ਸੌਂਪਣ ਦੇ ਬਦਲੇ 5000 ਰੁਪਏ ਦੀ ਨਜਾਇਜ਼ ਵਸੂਲੀ ਕਰਨ ਦਾ ਬੇਹੱਦ ਸੰਗੀਨ ਦੋਸ਼ ਲੱਗਾ ਹੈ।
ਇਸ ਸ਼ਰਮਨਾਕ ਘਟਨਾ ਨੇ ਸਿਹਤ ਵਿਭਾਗ ਦੀ ਕਾਰਜਪ੍ਰਣਾਲੀ ਤੇ ਸਰਕਾਰੀ ਹਸਪਤਾਲਾਂ ਵਿਚ ਫ਼ੈਲੇ ਕਥਿਤ ਭ੍ਰਿਸ਼ਟਾਚਾਰ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਪੀੜਤ ਨੇ ਮਾਮਲੇ ਦੀ ਲਿਖਤੀ ਸ਼ਿਕਾਇਤ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਨੂੰ ਸੌਂਪ ਦਿੱਤੀ ਹੈ, ਜਿਸ ਤੋਂ ਬਾਅਦ ਪ੍ਰਸ਼ਾਸਨਿਕ ਹਲਕਿਆਂ ਵਿਚ ਹੜਕੰਪ ਮਚ ਗਿਆ ਹੈ।
ਮੂਲ ਰੂਪ ਵਿਚ ਬਿਹਾਰ ਦੇ ਰਹਿਣ ਵਾਲੇ ਤੇ ਹਾਲ ਵਾਸੀ ਦਸ਼ਮੇਸ਼ ਨਗਰ ਪੀੜਤ ਉਦੇ ਕੁਮਾਰ ਨੇ ਦੱਸਿਆ ਕਿ ਉਸ ਦੀ ਪਤਨੀ ਬੀਮਾਰ ਚੱਲ ਰਹੀ ਸੀ, ਜੋ ਕਿ ਖਾਣਾ ਬਣਾਉਣ ਦੀ ਸਥਿਤੀ ਵਿੱਚ ਨਹੀਂ ਸੀ। ਇਸ ਲਈ ਉਹ ਬਾਹਰ ਖਾਣਾ ਖਾਣ ਲਈ ਗਿਆ ਸੀ। ਪਿੱਛੋਂ ਉਸ ਦੀ ਪਤਨੀ ਨੇ ਸਟੋਵ ਬਾਲਣ ਦਾ ਯਤਨ ਕੀਤਾ। ਇਸੇ ਦੌਰਾਨ ਅਚਾਨਕ ਭੜਕੀ ਅੱਗ ਦੀ ਲਪੇਟ ਵਿਚ ਆਉਣ ਨਾਲ ਉਹ ਬੁਰੀ ਤਰ੍ਹਾਂ ਝੁਲਸ ਗਈ।
ਗੰਭੀਰ ਹਾਲਤ ਵਿੱਚ ਉਸ ਨੂੰ ਤੁਰੰਤ ਸਿਵਲ ਹਸਪਤਾਲ ਦੀ ਐਮਰਜੈਂਸੀ ਵਿਚ ਲਿਆਂਦਾ ਗਿਆ, ਜਿੱਥੇ ਸ਼ੁਰੂਆਤੀ ਸਾਹਾਂ ਚੱਲਣ ਤੋਂ ਕੁੱਝ ਸਮੇਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਦੇ ਕੁਮਾਰ ਦਾ ਦੋਸ਼ ਹੈ ਕਿ ਉਸ ਦੀ ਪਤਨੀ ਦੀ ਲਾਸ਼ ਦਾ ਪੋਸਟਮਾਰਟਮ ਹੋ ਗਿਆ। ਇਸ ਤੋਂ ਬਾਅਦ ਹਸਪਤਾਲ ਦੇ ਮੁਲਾਜ਼ਮਾਂ ਨੇ ਲਾਸ਼ ਸੌਂਪਣ ਦੀ ਪ੍ਰਕਿਰਿਆ ਦੇ ਨਾਂ ''ਤੇ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਤੇ ਪੀੜਤ ਤੋਂ 5 ਤੋਂ 7 ਹਜ਼ਾਰ ਰੁਪਏ ਦੀ ਨਜਾਇਜ਼ ਮੰਗ ਰੱਖ ਦਿੱਤੀ। ਜਦੋਂ ਪੀੜਤ ਨੇ ਅਸਮਰਥਤਾ ਜਤਾਈ ਤਾਂ ਮੁਲਾਜ਼ਮਾਂ ਨੇ ਧਮਕਾਉਂਦਿਆਂ ਕਿਹਾ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਤੈਨੂੰ ਪਤਨੀ ਦੇ ਕਤਲ ਵਿਚ ਫਸਾ ਦਿਆਂਗੇ ਤੇ ਤੂੰ ਸਿੱਧਾ ਜੇਲ ਅੰਦਰ ਚੱਕੀ ਪੀਸੇਂਗਾ। ਪੁਲਸ ਤੇ ਜੇਲ੍ਹ ਦੇ ਨਾਂ ਤੋਂ ਬੁਰੀ ਤਰ੍ਹਾਂ ਸਹਿਮੇ ਬੇਵੱਸ ਪਤੀ ਨੇ ਇੱਧਰੋਂ-ਓਧਰੋਂ ਜੋੜ-ਤੋੜ ਕਰ ਕੇ 5000 ਰੁਪਏ ਮੁਲਜ਼ਮਾਂ ਦੇ ਹੱਥ ਵਿਚ ਥਮਾ ਦਿੱਤੇ।
ਪੀੜਤ ਉਦੇ ਕੁਮਾਰ ਅਨੁਸਾਰ ਵਸੂਲੀ ਦੇ ਇਸ ਘਿਨਾਉਣੇ ਖੇਡ ਵਿੱਚ ਦੋ ਮੁਲਾਜ਼ਮ ਮੁੱਖ ਰੂਪ ਵਿਚ ਸ਼ਾਮਲ ਸਨ। ਸਭ ਤੋਂ ਪਹਿਲਾਂ ਇੱਕ ਕਾਲੇ-ਸਾਂਵਲੇ ਰੰਗ ਦੇ ਮੋਟੇ ਵਿਅਕਤੀ ਨੇ ਪੈਸਿਆਂ ਦੀ ਮੰਗ ਕਰ ਕੇ ਦਬਾਅ ਬਣਾਇਆ। ਇਸ ਤੋਂ ਬਾਅਦ ਅਸਲ ਵਿੱਚ 5000 ਰੁਪਏ ਦੀ ਨਗਦ ਵਸੂਲੀ ਇੱਕ ਛੋਟੇ ਕੱਦ ਦੇ ਭਾਰੀ ਸਰੀਰ ਅਤੇ ਗੋਰੇ ਰੰਗ ਦੇ ਮੁਲਾਜ਼ਮ ਨੇ ਕੀਤੀ।
ਲਿਖਤੀ ਸ਼ਿਕਾਇਤ ਮਿਲਣ ਤੋਂ ਬਾਅਦ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਨੇ ਜਾਂਚ ਬਿਠਾ ਦਿੱਤੀ ਹੈ। ਐੱਸ.ਐੱਮ.ਓ. ਅਖਿਲ ਸਰੀਨ ਨੇ ਦੱਸਿਆ ਕਿ ਬੀਤੀ ਰਾਤ ਦੀ ਡਿਊਟੀ ਦੌਰਾਨ ਸਟਾਫ਼ ਵੱਲੋਂ ਪੈਸੇ ਮੰਗਣ ਦੀ ਲਿਖਤੀ ਸ਼ਿਕਾਇਤ ਪ੍ਰਾਪਤ ਹੋਈ ਹੈ, ਜਿਸ ’ਤੇ ਤੁਰੰਤ ਅੰਦਰੂਨੀ ਜਾਂਚ ਕਮੇਟੀ ਗਠਿਤ ਕਰ ਦਿੱਤੀ ਗਈ ਹੈ। ਐੱਸ.ਐੱਮ.ਓ. ਨੇ ਆਮ ਜਨਤਾ ਤੋਂ ਵੀ ਅਪੀਲ ਕੀਤੀ ਹੈ ਕਿ ਹਸਪਤਾਲ ਵਿੱਚ ਕਿਸੇ ਵੀ ਕੰਮ ਲਈ ਕਿਸੇ ਵੀ ਮੁਲਾਜ਼ਮ ਨੂੰ ਇੱਕ ਰੁਪਿਆ ਵੀ ਰਿਸ਼ਵਤ ਨਾ ਦੇਣ ਤੇ ਅਜਿਹੀ ਕੋਈ ਵੀ ਮੰਗ ਸਾਹਮਣੇ ਆਉਣ ''ਤੇ ਤੁਰੰਤ ਉੱਚ ਅਧਿਕਾਰੀਆਂ ਨਾਲ ਸੰਪਰਕ ਕਰਨ।
ਕਤਲ ਮਾਮਲੇ 'ਚ ਔਰਤ ਸਮੇਤ ਪਰਿਵਾਰ ਦੇ ਚਾਰ ਜੀਆਂ ਖ਼ਿਲਾਫ਼ ਮਾਮਲਾ ਦਰਜ
NEXT STORY