ਸਮਰਾਲਾ (ਵਿਪਨ) : ਸਮਰਾਲਾ 'ਚ ਉਸ ਵੇਲੇ ਹੈਰਾਨ ਕਰਨ ਵਾਲੀ ਘਟਨਾ ਘਟੀ, ਜਦੋਂ ਬੱਚਿਆਂ ਨੂੰ ਸਕੂਲ ਲਿਜਾ ਰਹੀ ਵੈਨ 'ਚ ਇਕ ਔਰਤ ਪਿਸਤੌਲ ਸਣੇ ਚੜ੍ਹ ਗਈ ਅਤੇ ਬੱਚਿਆਂ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਵੈਨ 'ਚ ਬੈਠੇ ਬੱਚੇ ਬੁਰੀ ਤਰ੍ਹਾਂ ਡਰ ਗਏ। ਫਿਲਹਾਲ ਇਹ ਸਾਰਾ ਮਾਮਲਾ ਪੁਲਸ ਤੱਕ ਪਹੁੰਚ ਚੁੱਕਾ ਹੈ। ਜਾਣਕਾਰੀ ਮੁਤਾਬਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਸਵਾਤੀ ਘਈ ਨੇ ਦੱਸਿਆ ਕਿ ਸਕੂਲ ਵੈਨ ਸਵੇਰ ਦੇ ਸਮੇਂ ਬੱਚਿਆਂ ਨੂੰ ਸਕੂਲ ਲਿਆ ਰਹੀ ਸੀ। ਇਸ ਦੌਰਾਨ ਵੈਨ 'ਚ 14 ਵਿਦਿਆਰਥੀ ਮੌਜੂਦ ਸਨ। ਇਹ ਵੈਨ ਜਦੋਂ ਸਮਰਾਲਾ ਬਾਈਪਾਸ ਸਕੂਲ ਨੇੜੇ ਪੁੱਜਣ ਵਾਲੀ ਸੀ ਤਾਂ ਇਕ ਫਾਰਚੀਊਨਰ ਗੱਡੀ ਵੈਨ ਮੂਹਰੇ ਆ ਕੇ ਖੜ੍ਹੀ ਹੋ ਗਈ ਅਤੇ ਵੈਨ ਨੂੰ ਰੋਕ ਲਿਆ।
ਇਹ ਵੀ ਪੜ੍ਹੋ : ਪੰਜਾਬ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪ੍ਰੀਖਿਆਵਾਂ ਦੌਰਾਨ ਜਾਰੀ ਹੋ ਗਏ ਨਵੇਂ ਹੁਕਮ
ਗੱਡੀ 'ਚੋਂ ਇਕ ਔਰਤ ਉਤਰੀ, ਜਿਸ ਦੇ ਹੱਥ 'ਚ ਪਿਸਤੌਲ ਸੀ। ਉਹ ਸਕੂਲ ਵੈਨ ਅੰਦਰ ਵੜੀ ਅਤੇ ਬੱਚਿਆਂ ਨੂੰ ਪਿਸਤੌਲ ਨਾਲ ਡਰਾਉਂਦੇ ਹੋਏ ਕਹਿਣ ਲੱਗੀ ਕਿ ਜਿਹੜੀ ਵੀਡੀਓ ਤੁਸੀਂ ਬਣਾ ਰਹੇ ਹੋ, ਉਸ ਨੂੰ ਤੁਰੰਤ ਡਿਲੀਟ ਕਰੋ। ਇਸ ਦੌਰਾਨ ਵੈਨ ਅੰਦਰ ਬੈਠੇ ਬੱਚੇ ਬੁਰੀ ਤਰ੍ਹਾਂ ਸਹਿਮ ਗਏ। ਦਰਅਸਲ ਕੁੱਝ ਵਿਦਿਆਰਥੀ ਆਪਸ 'ਚ ਹਾਸਾ-ਮਖ਼ੌਲ ਕਰਦੇ ਹੋਏ ਫਾਰਚੀਊਨਰ ਗੱਡੀ ਦੀ ਵੀਡੀਓ ਬਣਾ ਰਹੇ ਸੀ, ਜਿਸ ਤੋਂ ਗੱਡੀ ਚਲਾ ਰਹੀ ਔਰਤ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਵੈਨ ਅੰਦਰ ਵੜ ਕੇ ਪਿਸਤੌਲ ਨਾਲ ਬੱਚਿਆਂ ਨੂੰ ਬੁਰੀ ਤਰ੍ਹਾਂ ਡਰਾਇਆ। ਜਦੋਂ ਸਕੂਲ ਪ੍ਰਿੰਸੀਪਲ ਤੋਂ ਪੁੱਛਿਆ ਗਿਆ ਕਿ ਸਕੂਲ 'ਚ ਬੱਚਿਆਂ ਵਲੋਂ ਮੋਬਾਇਲ ਲੈ ਕੇ ਆਉਣ ਦੀ ਮਨਜ਼ੂਰੀ ਹੈ ਤਾਂ ਉਨ੍ਹਾਂ ਕਿਹਾ ਕਿ ਸਕੂਲ ਲੱਗਣ ਤੋਂ ਪਹਿਲਾਂ ਮੋਬਾਇਲ ਜਮ੍ਹਾਂ ਕਰਵਾ ਲਏ ਜਾਂਦੇ ਹਨ ਪਰ ਸਕੂਲ ਛੱਡਣ ਸਮੇਂ ਵਿਦਿਆਰਥੀਆਂ ਨੂੰ ਵਾਪਸ ਦੇ ਦਿੱਤੇ ਜਾਂਦੇ ਹਨ ਕਿਉਂਕਿ ਮਾਪੇ ਕਹਿੰਦੇ ਹਨ ਕਿ ਜਦੋਂ ਬੱਚਾ ਸਕੂਲ ਤੋਂ ਨਿਕਲਦਾ ਹੈ ਤਾਂ ਉਨ੍ਹਾਂ ਨੂੰ ਬੱਚਿਆਂ ਦੀ ਫ਼ਿਕਰ ਹੁੰਦੀ ਹੈ, ਇਸ ਲਈ ਬੱਚਿਆਂ ਨੂੰ ਸਕੂਲ ਅੰਦਰ ਮੋਬਾਇਲ ਲਿਜਾਣ ਦਿੱਤੇ ਜਾਣ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਹਾਈਕੋਰਟ ਨੇ ਸ਼ੰਭੂ ਬਾਰਡਰ ਖੋਲ੍ਹਣ ਦੇ ਦਿੱਤੇ ਹੁਕਮ, ਪੜ੍ਹੋ ਪੂਰੀ ਖ਼ਬਰ
ਫਿਲਹਾਲ ਸਕੂਲ ਪ੍ਰਸ਼ਾਸਨ ਨੇ ਪੁਲਸ ਤੋਂ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਦੀ ਹਰਕਤ ਕਰਨ ਵਾਲੀ ਔਰਤ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਥਾਣਾ ਮੁਖੀ ਦਵਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਪੁਲਸ ਨੂੰ ਇਹ ਮਾਮਲਾ ਸ਼ੱਕੀ ਲੱਗ ਰਿਹਾ ਹੈ ਅਤੇ ਬਣਦੀ ਤਫ਼ਤੀਸ਼ ਮਗਰੋਂ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਸ ਨੂੰ ਦਿੱਤੀ ਦਰਖ਼ਾਸਤ 'ਚ ਇਨਡੈਵਰ ਗੱਡੀ ਦਾ ਜ਼ਿਕਰ ਕੀਤਾ ਗਿਆ ਹੈ ਪਰ ਹੁਣ ਉਨ੍ਹਾਂ ਵਲੋਂ ਫਾਰਚੀਊਨਰ ਗੱਡੀ ਦੇ ਬਿਆਨ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਗੱਡੀ ਨੂੰ ਟਰੇਸ ਕਰਕੇ ਅਣਪਛਾਤੀ ਔਰਤ ਨੂੰ ਥਾਣੇ ਲਿਆ ਕੇ ਫਿਰ ਅਗਲੀ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੇਲ੍ਹ 'ਚ ਬਾਹਰੋਂ ਸੁੱਟੇ ਗਏ 5 ਪੈਕਟਾਂ 'ਚੋਂ ਵੱਡੀ ਮਾਤਰਾ 'ਚ ਪਾਬੰਦੀਸ਼ੁਦਾ ਸਾਮਾਨ ਬਰਾਮਦ
NEXT STORY