ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ, ਸੁਖਪਾਲ): ਜ਼ਿਲ੍ਹੇ ਅੰਦਰ ਕੋਰੋਨਾ ਪੀੜ੍ਹਤਾਂ ਨੂੰ ਠੀਕ ਕਰਕੇ ਅਜੇ ਘਰ ਹੀ ਭੇਜਿਆ ਜਾਂਦਾ ਹੈ ਕਿ ਫ਼ਿਰ ਤੋਂ ਕੋਰੋਨਾ ਵਾਇਰਸ ਜ਼ਿਲ੍ਹਾ ਪ੍ਰਸ਼ਾਸ਼ਨ ਤੇ ਸਿਹਤ ਵਿਭਾਗ ਨਾਲ ਦੋ-ਦੋ ਹੱਥ ਕਰਨ ਲਈ ਤਿਆਰ ਹੋ ਜਾਂਦਾ ਹੈ। ਇਹ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਤ੍ਰਾਸਦੀ ਹੀ ਹੈ ਕਿ ਇਕ ਤੋਂ ਬਾਅਦ ਇਕ ਕੇਸਾਂ ਦੀ ਪੁਸ਼ਟੀ ਇੱਥੇ ਹੋ ਰਹੀ ਹੈ। ਇਸ ਵਾਰ ਅਜਿਹਾ ਚੌਥੀ ਵਾਰ ਹੋਇਆ ਹੈ ਕਿ ਸਿਹਤ ਵਿਭਾਗ ਕੋਰੋਨਾ ਮਰੀਜ਼ਾਂ ਨੂੰ ਠੀਕ ਕਰਕੇ ਰਿਲੀਵ ਕਰਨ ਦੀ ਤਿਆਰੀ ’ਚ ਸੀ ਕਿ ਅਚਾਨਕ ਸ੍ਰੀ ਮੁਕਤਸਰ ਸਾਹਿਬ ’ਚ ਇਕੱਠੇ 6 ਕੇਸ ਫ਼ਿਰ ਤੋਂ ਸਾਹਮਣੇ ਆ ਗਏ ਹਨ। ਇਸ ਵਾਰ ਜੋ ਕੋਰੋਨਾ ਕੇਸਾਂ ਦੀ ਪੁਸ਼ਟੀ ਹੋਈ ਹੈ, ਉਸ ’ਚ 2 ਆਦਮੀ, 2 ਔਰਤਾਂ ਅਤੇ 2 ਬੱਚੇ ਸ਼ਾਮਲ ਹਨ। ਇਹ ਜਾਣਕਾਰੀ ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਵਲੋਂ ਦਿੱਤੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਇਹ ਸਾਹਮਣੇ ਆਇਆ ਹੈ ਕਿ ਸਥਾਨਕ ਭੁੱਲਰ ਕਲੋਨੀ ਤੋਂ ਪੀੜ੍ਹਤ ਦੋ ਵਿਅਕਤੀ ਡੇਅਰੀ ਦਾ ਧੰਦਾ ਕਰਦੇ ਹਨ, ਜਿਸ ਤੋਂ ਇਹ ਸਾਫ਼ ਹੁੰਦਾ ਹੈ ਕਿ ਇੰਨ੍ਹਾਂ ਦੇ ਸੰਪਰਕ ’ਚ ਕਈ ਲੋਕ ਆਏ ਹੋਣਗੇ। ਫ਼ਿਲਹਾਲ ਸਿਹਤ ਵਿਭਾਗ ਨੇ ਇੰਨ੍ਹਾਂ ਸਾਰਿਆਂ ਨੂੰ ਕੋਵਿਡ-19 ਹਸਪਤਾਲ ਵਿੱਚ ਆਈਸੋਲੇਟ ਕੀਤਾ ਹੋਇਆ ਹੈ ਅਤੇ ਹੁਣ ਇੰਨ੍ਹਾਂ ਪੀੜਤਾਂ ਦੇ ਸੰਪਰਕ ’ਚ ਆਉਣ ਵਾਲਿਆਂ ਦੀ ਸ਼ਨਾਖਤ ਕੀਤੀ ਜਾਵੇਗੀ।ਜ਼ਿਲ੍ਹੇ ਅੰਦਰ ਕੋਰੋਨਾ ਕੇਸਾਂ ਦੀ ਆਮਦ ਨੇ ਫ਼ਿਰ ਤੋਂ ਜ਼ਿਲ੍ਹਾ ਪ੍ਰਸਾਸ਼ਨ ਤੇ ਸਿਹਤ ਵਿਭਾਗ ’ਚ ਭਾਜੜਾਂ ਪਾ ਦਿੱਤੀਆਂ ਹਨ। ਅਜਿਹਾ ਮੰਜਰ ਪੂਰੇ ਸੂਬੇ ’ਚ ਹੈ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਜੇਕਰ ਗੱਲ ਕਰੀਏ ਤਾਂ ਵੀਰਵਾਰ ਐਕਟਿਵ ਚੱਲ ਰਹੇ ਦੋ ਮਰੀਜ਼ਾਂ ’ਚੋਂ ਇੱਕ ਮਰੀਜ਼ ਨੂੰ ਸਿਹਤ ਵਿਭਾਗ ਨੇ ਠੀਕ
ਕਰਕੇ ਘਰ ਭੇਜ ਦਿੱਤਾ ਸੀ ਤੇ ਸਿਰਫ਼ ਇਕ ਮਰੀਜ਼ ਦੇ ਐਕਟਿਵ ਹੋਣ ਦੀ ਪੁਸ਼ਟੀ ਸੀ, ਜਦੋਂਕਿ ਇਹ ਉਮੀਦ ਵੀ ਜਤਾਈ ਜਾ ਰਹੀ ਸੀ ਕਿ ਜਲਦੀ ਹੀ ਬਾਕੀ ਰਹਿੰਦੇ ਇਕ ਮਰੀਜ਼ ਨੂੰ ਘਰ ਰਵਾਨਾ ਕਰਕੇ ਸ੍ਰੀ ਮੁਕਤਸਰ ਸਾਹਿਬ ਨੂੰ ਕੋਰੋਨਾ ਮੁਕਤ ਐਲਾਨ ਦਿੱਤਾ ਜਾਵੇਗਾ, ਪਰ ਸ਼ੁੱਕਰਵਾਰ ਦੀ ਸਵੇਰ ਨੇ ਜ਼ਿਲ੍ਹੇ ਦੀ ਜਿਵੇਂ ਤਸਵੀਰ ਹੀ ਪਲਟ ਦਿੱਤੀ ਹੈ। ਕੋਰੋਨਾ ਕੇਸਾਂ ਦੀ ਪੁਸ਼ਟੀ ਤੋਂ ਬਾਅਦ ਸਿਹਤ ਵਿਭਾਗ ਦੀਆਂ ਚਿੰਤਾਵਾਂ ’ਚ ਵਾਧਾ ਹੋਣ ਲੱਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਵਲੋਂ ਵਾਰ-ਵਾਰ ਲੋਕਾਂ ’ਚ ਜਾਗਰੂਕਤਾ ਫੈਲਾਈ ਜਾ ਰਹੀ ਹੈ, ਪਰ ਕਿਤੇ ਨਾ ਕਿਤੇ ਕੁਆਰੀਟਾਈਨ, ਆਈਸੂਲੇਟ ਜਾਂ ਬਦਨਾਮੀ ਦੇ ਡਰੋਂ ਲੋਕ ਆਪਣੇ ਆਪ ਨੂੰ ਅੱਗੇ ਨਹੀਂ ਲਿਆ ਰਹੇ, ਜਦੋਂਕਿ ਸਿਹਤ ਟੀਮਾਂ ਦੀ ਬਦੌਲਤ ਅਜਿਹੇ ਮਰੀਜ਼ਾਂ ਦੀ ਸਨਾਖ਼ਤ ਹੋ ਹੀ ਜਾਂਦੀ ਹੈ। ਜ਼ਿਲ੍ਹੇ ਅੰਦਰ ਅੱਜ ਕੋਰੋਨਾ ਕੇਸਾਂ ਦੀ ਪੁਸ਼ਟੀ ਤੋਂ ਬਾਅਦ ਐਕਟਿਵ ਕੇਸਾਂ ਦੀ ਗਿਣਤੀ 7 ਹੋ ਗਈ ਹੈ। ਫ਼ਿਲਹਾਲ ਇਸ ਸਮੇਂ ਜ਼ਿਲ੍ਹੇ ‘ਤੇ ਕੋਰੋਨਾ ਪੂਰੀ ਤਰ੍ਹਾਂ ਹਾਵੀ ਹੈ, ਸਿਹਤ ਵਿਭਾਗ ਭਾਵੇਂ ਆਪਣੇ ਪੱਧਰ ‘ਤੇ ਲੱਖ ਕੋਸ਼ਿਸ਼ਾਂ ਕਰ ਰਿਹਾ ਹੈ, ਪਰ ਲੋਕਾਂ ਦੀ ਕਥਿਤ ਲਾਪਰਵਾਹੀ ਆਖ਼ਰਕਾਰ ਪ੍ਰਸ਼ਾਸ਼ਨ ਤੇ ਸਿਹਤ ਵਿਭਾਗ ਦੀ ਚਿੰਤਾ ਵਧਾ ਹੀ ਦਿੰਦੀ ਹੈ।
ਵਾਹਨ ਦੇ ਚਲਾਨ ਤੋਂ ਬਚਣਾ ਹੈ ਤਾਂ ਕਰੋ ਇਹ ਕੰਮ, ਆਖਰੀ ਤਰੀਕ 31 ਜੁਲਾਈ ਤੱਕ ਵਧੀ
NEXT STORY