ਲੁਧਿਆਣਾ - ਲੋਕ ਇਨਸਾਫ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਸੂਬੇ ਵਿਚ ਸੱਚਾਈ ਦੇ ਰਸਤੇ ’ਤੇ ਚੱਲਣ ਵਾਲਿਆਂ ਅਤੇ ਈਮਾਨਦਾਰ ਅਧਿਕਾਰੀਆਂ ਦੇ ਨਾਲ ਉਹ ਛਾਤੀ ਠੋਕ ਕੇ ਖਡ਼੍ਹੇ ਹਨ ਬੇਸ਼ੱਕ ਉਹ ਅਧਿਕਾਰੀ ਰਿਟਾਇਰ ਹੋ ਚੁੱਕਾ ਹੋਵੇ ਜਾਂ ਨੌਕਰੀ ਕਰ ਵੀ ਰਿਹਾ ਹੋਵੇ ਪਰ ਸ਼ਰਤ ਇਹੋ ਹੈ ਕਿ ਉਹ ਈਮਾਨਦਾਰ ਹੋਵੇ ਤੇ ਫਿਰ ਭਾਵੇਂ ਸੂਬਾ ਸਰਕਾਰ ਜਿਹਡ਼ੇ ਮਰਜ਼ੀ ਹਥਕੰਡੇ ਅਪਣਾ ਲਵੇ। ਉਹ ਕਿਸੇ ਦੀ ਪਿੱਠ ਨਹੀਂ ਲੱਗਣ ਦੇਣਗੇ। ਵਿਧਾਇਕ ਬੈਂਸ ਕੋਟ ਮੰਗਲ ਸਿੰਘ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਵਿਧਾਇਕ ਬੈਂਸ ਸਿਟੀ ਸੈਂਟਰ ਘੋਟਾਲੇ ਵਿਚ ਸਰਕਾਰੀ ਧਿਰ ਵਲੋਂ ਆਪਣਾ ਜਵਾਬ ਦੇਣ ਸਬੰਧੀ ਵਿਸ਼ੇਸ਼ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਾਬਕਾ ਵਿਜੀਲੈਂਸ ਐੱਸ.ਐੱਸ.ਪੀ. ਕੰਵਰਜੀਤ ਸਿੰਘ ਸੰਧੂ ਵਲੋਂ ਦਾਇਰ ਕੀਤੀ ਗਈ ਅਰਜ਼ੀ ਤੇ ਸਰਕਾਰੀ ਧਿਰ ਨੇ ਬੇਸ਼ੱਕ ਇਸ ਨੂੰ ਰਾਜਨੀਤੀ ਤੋਂ ਪ੍ਰੇਰਿਤ ਅਤੇ ਪਬਲੀਸਿਟੀ ਸਟੰਟ ਕਰਾਰ ਦਿੰਦੇ ਹੋਏ ਸਿੱਧੇ ਤੌਰ ’ਤੇ ਉਨ੍ਹਾਂ (ਬੈਂਸ) ’ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਹੀ ਇਹ ਅਰਜ਼ੀ ਦਾਇਰ ਕਰਵਾਈ ਹੈ। ਵਿਧਾਇਕ ਬੈਂਸ ਨੇ ਕਿਹਾ ਕਿ ਉਹ ਅਜਿਹੀਆਂ ਹੋਛੀਆਂ ਹਰਕਤਾਂ ਨਹੀਂ ਕਰਦੇ ਪਰ ਹਰ ਉਸ ਈਮਾਨਦਾਰ ਅਧਿਕਾਰੀ ਦੇ ਨਾਲ ਜ਼ਰੂਰ ਖਡ਼੍ਹਨਗੇ ਜੋ ਸੱਚਾਈ ਦੀ ਗੱਲ ਕਰੇਗਾ। ਸਿਟੀ ਸੈਂਟਰ ਘੋਟਾਲੇ ਵਿਚ ਉਨ੍ਹਾਂ ਨੂੰ ਬੇਸ਼ੱਕ ਹਾਈਕੋਰਟ ਜਾਂ ਸੁਪਰੀਮ ਕੋਰਟ ਤੱਕ ਵੀ ਕਿਓਂ ਨਾ ਜਾਣਾ ਪਵੇ, ਉਹ ਪਿੱਛੇ ਨਹੀਂ ਹਟਣਗੇ। ਵਿਧਾਇਕ ਬੈਂਸ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਗ੍ਰਹਿ ਵਿਭਾਗ ਵੀ ਹੈ ਅਤੇ ਵਿਜੀਲੈਂਸ ਮੁੱਖ ਮੰਤਰੀ ਦੇ ਥੱਲੇ ਹੀ ਕੰਮ ਕਰਦੀ ਹੈ ਅਤੇ ਅੱਜ ਅਕਾਲੀ ਦਲ ਵਲੋਂ ਕਾਂਗਰਸ ਨਾਲ ਮਿਲੀਭੁਗਤ ਕਰਕੇ ਹੀ ਵਿਜੀਲੈਂਸ ਤੋਂ ਕਲੋਜ਼ਰ ਰਿਪੋਰਟ ਬਣਵਾਈ ਗਈ ਹੈ। ਬੈਂਸ ਨੇ ਚੁਟਕੀ ਲੈਂਦਿਆਂ ਕਿਹਾ ਕਿ ਅੱਜ ਬੇਸ਼ੱਕ ਅਕਾਲੀ ਦਲ ਤੇ ਕਾਂਗਰਸ ਇੱਕੋ ਥਾਲੀ ਦੇ ਚੱਟੇ ਵੱਟੇ ਹੋ ਕੇ ਅਦਾਲਤ ਨੂੰ ਵੀ ਗੁੰਮਰਾਹ ਕਰਕੇ ਸਾਜਜ਼ਸ਼ ਤਹਿਤ ਕੈਪਟਨ ਨੂੰ ਬਚਾਉਣ ਵਿਚ ਲੱਗੇ ਹੋਏ ਹਨ ਪਰ ਆਉਣ ਵਾਲੇ ਸਮੇਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਦਾ ਹਾਲ ਵੀ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਵਰਗਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਜੇਕਰ ਕੈਪਟਨ ਬਰੀ ਹੁੰਦੇ ਹਨ ਤਾਂ ਪੰਜਾਬ ਸਰਕਾਰ ਨੂੰ 12,000 ਕਰੋਡ਼ ਰੁਪਏ ਜੁਰਮਾਨਾ ਅਦਾ ਕਰਨਾ ਪਵੇਗਾ ਪਰ ਉਹ ਪੰਜਾਬ ਵਾਸੀਆਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਅਜਾਈਂ ਨਹੀਂ ਜਾਣ ਦੇਣਗੇ ਅਤੇ ਜਿੱਥੋਂ ਤੱਕ ਵੀ ਹੋਇਆ ਉਹ ਅਖੀਰ ਤੱਕ ਇਸ ਦਾ ਪਿੱਛਾ ਕਰਨਗੇ। ਵਿਧਾਇਕ ਬੈਂਸ ਨੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਵਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਰਾਹਤ ਦੇਣ ਸਬੰਧੀ ਕੀਤੇ ਗਏ ਸਵਾਲ ’ਤੇ ਕਿਹਾ ਕਿ ਉਹ ਅਤੇ ਆਪ ਆਗੂ ਸੁਖਪਾਲ ਸਿੰਘ ਖਹਿਰਾ ਪਹਿਲਾਂ ਹੀ ਇਸ ਸਬੰਧੀ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਸੱਚਾਈ ਦੱਸ ਚੁੱਕੇ ਹਨ ਅਤੇ ਇਹ ਹੋਣਾ ਹੀ ਸੀ।
ਵਿਦੇਸ਼ ਭੇਜਣ ਦੇ ਨਾਂ ’ਤੇ 18 ਲੱਖ ਦੀ ਠੱਗੀ, ਮਾਮਲਾ ਦਰਜ
NEXT STORY