ਜਗਰਾਓਂ(ਜਸਬੀਰ ਸ਼ੇਤਰਾ)–ਲੋਕ ਇਨਸਾਫ਼ ਪਾਰਟੀ ਵੱਲੋਂ ਪਿੰਡ ਪੱਬੀਆਂ 'ਚ ਅੱਜ ਨਸ਼ਿਆਂ ਖ਼ਿਲਾਫ਼ ਪਾਰਟੀ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਹੇਠ ਜਾਗਰੂਕਤਾ ਰੈਲੀ ਕੱਢੀ ਗਈ । ਕਾਲੀਆਂ ਝੰਡੀਆਂ ਲੈ ਕੇ ਸਰਕਾਰ ਤੇ ਪੁਲਸ ਵਿਰੋਧੀ ਨਾਅਰਿਆਂ ਹੇਠ ਰੈਲੀ ਕਰਨ ਤੋਂ ਪਹਿਲਾਂ ਪਿੰਡ 'ਚ ਇਕ ਭਰਵਾਂ ਇਕੱਠ ਕੀਤਾ ਗਿਆ । ਇਸ 'ਚ ਸਿਮਰਜੀਤ ਬੈਂਸ ਨੇ ਨਸ਼ਿਆਂ ਖ਼ਿਲਾਫ਼ ਸਾਰਥਕ ਸਿੱਟੇ ਲੈਣ ਲਈ ਲੋਕ ਮੰਚ ਨੂੰ ਏਕਤਾ ਬਣਾਈ ਰੱਖਣ ਦਾ ਸੱਦਾ ਦਿੱਤਾ । ਉਨ੍ਹਾਂ ਕਿਹਾ ਕਿ ਇੱਛਾ ਸ਼ਕਤੀ ਤੇ ਈਮਾਨਦਾਰੀ ਨੂੰ ਮਿਲਾ ਕੇ ਹੀ ਇਹ 'ਜੰਗ' ਜਿੱਤੀ ਜਾ ਸਕਦੀ ਹੈ । ਉਹ ਤਿੰਨ ਹਫ਼ਤੇ ਅੰਦਰ ਨਸ਼ਾ ਸਮੱਗਲਰਾਂ ਦੀਆਂ ਤਿੰਨ ਸੂਚੀਆਂ ਸਰਕਾਰ ਨੂੰ ਸੌਂਪ ਚੁੱਕੇ ਹਨ ਤੇ ਹੁਣ ਚੌਥੇ ਹਫ਼ਤੇ ਚੌਥੀ ਸੂਚੀ ਦੇ ਨਾਲ ਹੀ ਹੋਈ ਕਾਰਵਾਈ ਸਬੰਧੀ ਜਵਾਬ ਮੰਗਣਗੇ। ਸਰਕਾਰ ਤੇ ਪੁਲਸ ਵੱਲੋਂ ਇਸ ਦਿਸ਼ਾ 'ਚ ਠੋਸ ਕਾਰਵਾਈ ਨਾ ਕਰਨ 'ਤੇ ਆਗਾਮੀ ਵਿਧਾਨ ਸਭਾ ਦੇ ਸੈਸ਼ਨ 'ਚ ਮੁੱਦਾ ਉਭਾਰਿਆ ਜਾਵੇਗਾ । ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ 'ਚਿੱਟੇ' ਵਾਂਗ ਅਫ਼ਸਰਸ਼ਾਹੀ ਵੀ ਬੇਲਗ਼ਾਮ ਹੋ ਚੁੱਕੀ ਹੈ । ਜਦੋਂ ਉਨ੍ਹਾਂ ਇਹ ਮੁੱਦਾ ਉਭਾਰਿਆ ਤਾਂ ਸਰਕਾਰ ਨੂੰ ਪਿੱਸੂ ਪੈ ਗਏ ਤੇ ਪਰਚੇ ਦਰਜ ਕੀਤੇ ਪਰ ਹੁਣ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਖ਼ੁਦ ਮੁੱਖ ਮੰਤਰੀ ਦੀ ਮੌਜੂਦਗੀ 'ਚ ਸਰਕਾਰੀ ਮੀਟਿੰਗਾਂ 'ਚ ਗੱਜ-ਵੱਜ ਕੇ ਇਹ ਮਾਮਲਾ ਉਭਾਰ ਰਹੇ ਹਨ । ਕੈਪਟਨ ਅਮਰਿੰਦਰ ਸਿੰਘ 'ਤੇ ਬਾਦਲਾਂ ਨਾਲ ਮਿਲੇ ਹੋਣ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲਿਆਂ 'ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਨਤਕ ਕਰਨ ਦੀ ਥਾਂ ਵਿਧਾਨ ਸਭਾ 'ਚ ਪੇਸ਼ ਕਰਨ ਦੀ ਗੱਲ ਹੋ ਰਹੀ ਹੈ । ਉਨ੍ਹਾਂ ਪੰਜਾਬ ਪੁਲਸ ਦੇ ਮੁਖੀ ਨੂੰ ਵੀ ਨਾਲ ਹੀ ਲਪੇਟਦਿਆਂ ਕਿਹਾ ਕਿ ਸੁਰੇਸ਼ ਅਰੋੜਾ ਦੇ ਇਸ ਅਹੁਦੇ 'ਤੇ ਰਹਿੰਦਿਆਂ ਨਸ਼ਿਆਂ ਤੇ ਪੁਲਸ ਪ੍ਰਬੰਧਾਂ 'ਚ ਸੁਧਾਰ ਅਸੰਭਵ ਹੈ । ਇਸ ਪ੍ਰਸੰਗ 'ਚ ਉਨ੍ਹਾਂ ਹਾਈ ਕੋਰਟ ਦੇ ਹੁਕਮਾਂ 'ਤੇ ਹੋਈ ਜਾਂਚ ਦਾ ਹਵਾਲਾ ਦਿੱਤਾ ਤੇ ਐੱਸ. ਟੀ. ਐੱਫ. ਨੂੰ ਹੁਣ ਪੰਜਾਬ ਪੁਲਸ ਦੇ ਮੁਖੀ ਅਧੀਨ ਕਰਨ ਨੂੰ ਗ਼ਲਤ ਫ਼ੈਸਲਾ ਦੱਸਿਆ। ਸ਼੍ਰੀ ਬੈਂਸ ਨੇ ਕਿਹਾ ਕਿ ਕੈਪਟਨ ਸਰਕਾਰ ਤੋਂ ਲੋਕਾਂ ਦਾ ਸਵਾ ਸਾਲ ਅੰਦਰ ਹੀ ਮੋਹ ਭੰਗ ਹੋ ਗਿਆ ਹੈ। ਇਕੱਠ ਨੂੰ ਹਲਕਾ ਇੰਚਾਰਜ ਸੁਖਦੇਵ ਸਿੰਘ ਚੱਕ ਤੇ ਹੋਰ ਅਹੁਦੇਦਾਰਾਂ ਨੇ ਵੀ ਸੰਬੋਧਨ ਕੀਤਾ।
ਸੁਖਪਾਲ ਖਹਿਰਾ ਨੂੰ 'ਲਿਫਾਫਾ ਕਲਚਰ' ਰਾਹੀਂ ਹਟਾਉਣਾ ਮੰਦਭਾਗਾ
ਸਿਮਰਜੀਤ ਸਿੰਘ ਬੈਂਸ ਜਦੋਂ ਨਸ਼ਿਆਂ ਖ਼ਿਲਾਫ਼ ਰੈਲੀ ਕਰ ਰਹੇ ਸਨ ਤਾਂ ਐਨ ਉਸੇ ਸਮੇਂ 'ਆਪ' ਵੱਲੋਂ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾਉਣ ਦੀ ਆਈ ਖ਼ਬਰ 'ਤੇ ਪ੍ਰਤੀਕਰਮ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਖਹਿਰਾ ਦੀ ਵਿਰੋਧੀ ਧਿਰ ਦੇ ਨੇਤਾ ਵਜੋਂ ਇਕ ਸਾਲ ਦੀ ਕਾਰਗੁਜ਼ਾਰੀ ਹੁਣ ਤੱਕ ਵਿਰੋਧੀ ਧਿਰ 'ਚ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਦੀ ਸਮੁੱਚੀ ਕਾਰਗੁਜ਼ਾਰੀ 'ਤੇ ਭਾਰੂ ਪੈਂਦੀ ਹੈ। 'ਆਪ' ਜਿਸ ਲਿਫਾਫਾ ਕਲਚਰ ਦਾ ਵਿਰੋਧ ਕਰਦੀ ਸੀ ਅੱਜ ਉਸ ਨੇ ਖ਼ੁਦ ਇਸੇ ਮਾੜੇ ਰੁਝਾਨ ਰਾਹੀਂ ਇਹ ਗ਼ਲਤ ਫ਼ੈਸਲਾ ਲਿਆ ਹੈ।
ਰਾਫੇਲ ਜਹਾਜ਼ ਡੀਲ 'ਚ ਮੋਦੀ ਸਰਕਾਰ ਨੇ ਕੀਤਾ 41 ਹਜ਼ਾਰ ਕਰੋੜ ਦਾ ਘਪਲਾ : ਜਾਖੜ
NEXT STORY