ਬਾਬਾ ਬਕਾਲਾ ਸਾਹਿਬ,(ਰਾਕੇਸ਼)- ਬਿਆਸ 'ਚ ਬੱਚੀ ਨਾਲ ਹੋਏ ਜਬਰ-ਜ਼ਨਾਹ ਦਾ ਮੁੱਦਾ ਠੰਡਾ ਹੋਣ ਦਾ ਨਾਂ ਨਹੀਂ ਲੈ ਰਿਹਾ ਕਿਉਂਕਿ ਇਸ ਹਾਦਸੇ ਤੋਂ ਬਾਅਦ ਇਨਸਾਫ ਲੈਣ ਲਈ ਇਕ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜੋ ਇਸ ਕੇਸ ਦੀ ਪੈਰਵੀ ਕਰ ਕੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ 'ਚ ਹੈ।
ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਜ਼ਿਲਾ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਲਈ ਵੱਖ-ਵੱਖ 'ਸਿਟ' ਕਾਇਮ ਕੀਤੀਆਂ ਜਾ ਚੁੱਕੀਆਂ ਹਨ ਅਤੇ ਉਨ੍ਹਾਂ ਵੱਲੋਂ ਤੈਅ ਕੀਤੇ ਗਏ ਫੈਸਲੇ ਅਨੁਸਾਰ ਸੋਮਵਾਰ ਨੂੰ 15 ਦਿਨ ਬੀਤ ਜਾਣਗੇ, ਜਿਨ੍ਹਾਂ ਵੱਲੋਂ ਇਸ ਰੇਪ ਕਾਂਡ ਸਬੰਧੀ ਸਹੀ ਤੱਥ ਭਲਕੇ ਜਨਤਕ ਕੀਤੇ ਜਾਣ ਦੀ ਪੂਰੀ ਸੰਭਾਵਨਾ ਬਣੀ ਹੋਈ ਹੈ ਪਰ ਇਸ ਦੇ ਨਾਲ ਹੀ 21 ਮੈਂਬਰੀ ਕਮੇਟੀ ਨੇ ਦੋਸ਼ ਲਾਇਆ ਹੈ ਕਿ ਜਾਂਚ ਵਿਚ ਉਨ੍ਹਾਂ ਦੀ ਕਮੇਟੀ ਦੇ ਕਿਸੇ ਵੀ ਮੈਂਬਰ ਅਤੇ ਬੱਚਿਆਂ ਦੇ ਮਾਪਿਆਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ, ਜਿਸ ਕਾਰਣ ਉਨ੍ਹਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਸਿਆਸਤਦਾਨਾਂ ਵੱਲੋਂ ਇਸ ਮਾਮਲੇ ਨੂੰ ਰਫਾ-ਦਫਾ ਕਰਨ ਲਈ ਵਿਚੋਲਗੀ ਵਜੋਂ ਭੂਮਿਕਾ ਨਿਭਾਈ ਜਾਂਦੀ ਰਹੀ ਹੈ, ਜਿਸ 'ਤੇ ਉਨ੍ਹਾਂ ਮੰਗ ਕੀਤੀ ਕਿ ਅਜਿਹੇ ਲੋਕਾਂ ਦੀ ਕਾਲ ਡਿਟੇਲ ਕਢਵਾ ਕੇ ਜਨਤਾ ਨੂੰ ਇਸ ਅਸਲੀਅਤ ਤੋਂ ਜਾਣੂ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਸਿਵਲ ਜਾਂ ਪੁਲਸ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਉਨ੍ਹਾਂ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ ਗਿਆ, ਜਿਸ ਤੋਂ ਸਿੱਧ ਹੁੰਦਾ ਹੈ ਕਿ ਉਹ ਇਸ ਸੰਸਥਾ ਨੂੰ ਬਚਾਉਣ ਦੀ ਤਾਕ 'ਚ ਹਨ।
ਇਸ ਮੌਕੇ ਪ੍ਰਦੀਪ ਕੁਮਾਰ, ਰਾਜਵਿੰਦਰ ਸਿੰਘ ਗੋਲਡਨ, ਰੇਸ਼ਮ ਸਿੰਘ, ਵਰਿੰਦਰ ਸ਼ਰਮਾ, ਸੁਸ਼ੀਲ ਕੁਮਾਰ, ਰਣਜੋਤ ਸਿੰਘ ਚਾਹਲ, ਹਰਮਿੰਦਰਪਾਲ ਸਿੰਘ, ਨਰਜਿੰਦਰ ਸਿੰਘ ਲਾਲੀ, ਨਵਲ ਕਿਸ਼ੋਰ, ਵਿਸ਼ਾਲ ਠਾਕੁਰ, ਅਮਰਜੀਤ ਸਿੰਘ, ਸਰਵਣ ਸਿੰਘ, ਲੱਕੀ, ਨਰਿੰਦਰ ਸਿੰਘ ਆਦਿ ਹਾਜ਼ਰ ਸਨ।
ਪ੍ਰੇਮ ਸਬੰਧ ਪਏ ਮਹਿੰਗੇ, ਕਰੰਟ ਲਗਾ ਕੇ ਨੌਜਵਾਨ ਉਤਾਰਿਆ ਮੌਤ ਦੇ ਘਾਟ
NEXT STORY