ਜਲੰਧਰ (ਰਵਿੰਦਰ)— ਜਲੰਧਰ ਭਾਵੇਂ ਕੂੜੇ ਦੇ ਢੇਰ 'ਚ ਬਦਲ ਰਿਹਾ ਹੋਵੇ, ਭਾਵੇਂ ਜਲੰਧਰ ਦੀਆਂ ਸੜਕਾਂ ਦੀ ਹਾਲਤ ਬੇਹੱਦ ਖਸਤਾ ਹੋਵੇ, ਭਾਵੇਂ ਜਲੰਧਰ 'ਚ ਹਰ ਵਿਕਾਸ ਦਾ ਕੰਮ ਰੁਕਿਆ ਹੋਇਆ ਹੈ ਪਰ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਜਲੰਧਰ ਨੇ ਹੀ ਛਾਲ ਮਾਰੀ ਹੈ। 14 ਨੰਬਰਾਂ ਦੇ ਸੁਧਾਰ ਨਾਲ ਜਲੰਧਰ ਰਾਸ਼ਟਰੀ ਰੈਂਕਿੰਗ 'ਚ 74ਵੇਂ ਨੰਬਰ 'ਤੇ ਪਹੁੰਚ ਗਿਆ ਹੈ, ਜਦਕਿ ਇਸ ਤੋਂ ਪਹਿਲਾਂ ਜਲੰਧਰ ਦੀ ਰਾਸ਼ਟਰੀ ਰੈਂਕਿੰਗ 88 ਸੀ।
ਇਹ ਰੈਂਕਿੰਗ ਹਰ ਮਹੀਨੇ ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਗਏ ਕੁਲ ਟੈਂਡਰ, ਕੁਲ ਜਾਰੀ ਕੀਤੇ ਗਏ ਵਰਕ ਆਰਡਰ ਅਤੇ ਪੂਰੇ ਹੋਏ ਕੰਮਾਂ ਦੀ ਕੀਮਤ ਅਤੇ ਉਨ੍ਹਾਂ ਵੱਲੋਂ ਜਮ੍ਹਾ ਕਰਵਾਏ ਗਏ ਯੂਟੀਲਾਈਜ਼ੇਸ਼ਨ ਸਰਟੀਫਿਕੇਟ ਦੇ ਆਧਾਰ 'ਤੇ ਕੀਤੀ ਜਾਂਦੀ ਹੈ। ਇਸ ਪ੍ਰਾਜੈਕਟ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਕਾਰਨ ਜਲੰਧਰ ਨੇ ਆਪਣੀ ਰੈਂਕਿੰਗ 'ਚ ਸੁਧਾਰ ਕਰਦੇ ਹੋਏ ਇੰਫਾਲ, ਬੈਂਗਲੁਰੂ, ਦੇਹਰਾ ਘਾਟੀ, ਸ਼੍ਰੀਨਗਰ, ਪੁੱਡੂਚੇਰੀ, ਤ੍ਰਿਵੇਂਦਰਮ, ਅੰਮ੍ਰਿਤਸਰ, ਗੰਗਟੋਕ, ਨਯਾ ਕੋਲਕਾਤਾ, ਪੋਰਟ ਬਲੇਅਰ, ਕਰਨਾਲ, ਸਹਾਰਨਪੁਰ, ਮੁਰਾਦਾਬਾਦ ਤੇ ਹੋਰ ਸ਼ਹਿਰਾਂ ਨੂੰ ਪਿੱਛੇ ਛੱਡ ਦਿੱਤਾ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਮਾਰਟ ਸਿਟੀ ਪ੍ਰਾਜੈਕਟ ਦੇ ਸੀ. ਈ. ਓ. ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਰੈਂਕਿੰਗ 'ਚ ਸੁਧਾਰ ਸਾਰੀ ਟੀਮ ਵੱਲੋਂ ਕੀਤੀਆਂ ਗਈਆਂ ਲੋੜੀਂਦੀਆਂ ਅਤੇ ਸਾਰਥਕ ਕੋਸ਼ਿਸ਼ਾਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਟੀਮ ਹੋਰ ਬਿਹਤਰ ਕੋਸ਼ਿਸ਼ਾਂ ਕਰੇਗੀ, ਜਿਸ ਨਾਲ ਰੈਂਕਿੰਗ 'ਚ ਹੋਰ ਸੁਧਾਰ ਆਵੇਗਾ ਅਤੇ ਇਹ ਕੰਮ ਪੂਰੇ ਪੇਸ਼ੇਵਰ ਢੰਗ ਨਾਲ ਨੇਪੜੇ ਚਾੜ੍ਹਿਆ ਜਾਵੇਗਾ।
ਆਖਰ ਅਕਸ਼ੈ ਕੁਮਾਰ ਨੂੰ ਕਿਉਂ ਜਾਰੀ ਹੋਏ ਸੰਮਨ!
NEXT STORY