ਮੋਗਾ (ਕਸ਼ਿਸ਼) : ਜ਼ਿਲ੍ਹਾ ਪੁਲਸ ਮੁਖੀ ਅਜੇ ਗਾਂਧੀ ਨੇ ਦੱਸਿਆ ਕਿ ਡੀ. ਜੀ. ਪੀ. ਪੰਜਾਬ ਦੇ ਨਿਰਦੇਸ਼ਾਂ ’ਤੇ ਨਸ਼ਾ ਤਸਕਰਾਂ ਦੇ ਖ਼ਿਲਾਫ਼ ਉਨ੍ਹਾਂ ਦੀ ਬਣਾਈ ਗਈ ਨਸ਼ਾ ਤਸਕਰੀ ਤੋਂ ਜਾਇਦਾਦ ਨੂੰ ਫਰੀਜ਼ ਕਰਨ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਅੱਜ ਮੋਗਾ ਜ਼ਿਲ੍ਹੇ ਦੇ ਪਿੰਡ ਦੋਲੇਵਾਲਾ ਵਿਖੇ ਦੋ ਨਸ਼ਾ ਤਸਕਰਾਂ ਦੀ ਜਾਇਦਾਦ ਫਰੀਜ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਡੀਐੱਸਪੀ ਰਮਨਦੀਪ ਸਿੰਘ ਧਰਮਕੋਟ ਅਤੇ ਥਾਣਾ ਕੋਟ ਈਸੇ ਖਾਂ ਦੀ ਮੁੱਖ ਅਫਸਰ ਸੁਨੀਤਾ ਰਾਣੀ ਵੱਲੋਂ ਅੱਜ ਪਿੰਡ ਦੋਲੇਵਾਲਾ ਵਿਚ ਪੁੱਜ ਕੇ ਕਥਿਤ ਸਮੱਗਲਰਾਂ ਠਾਕੁਰ ਸਿੰਘ ਅਤੇ ਰਾਜਵਿੰਦਰ ਕੌਰ ਉਰਫ ਰੱਜੀ ਦੋਵਾਂ ਦੀ ਜਾਇਦਾਦ ਫਰੀਜ਼ ਕੀਤੀ ਗਈ ਅਤੇ ਉਨ੍ਹਾਂ ਦੇ ਘਰਾਂ ’ਤੇ ਪੋਸਟਰ ਚਿਪਕਾਏ ਗਏ। ਜ਼ਿਲ੍ਹਾ ਪੁਲਸ ਮੁਖੀ ਅਜੇ ਗਾਂਧੀ ਨੇ ਦੱਸਿਆ ਕਿ ਕਥਿਤ ਸਮੱਗਲਰਾਂ ਖਿਲਾਫ਼ 22 ਸਤੰਬਰ 2024 ਨੂੰ ਥਾਣਾ ਕੋਟ ਈਸੇ ਖਾਂ ਵਿਚ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਇਸ ਸਬੰਧ ਵਿਚ ਜਾਂਚ ਉਪਰੰਤ ਪਤਾ ਲੱਗਾ ਕਿ ਇਨ੍ਹਾਂ ਨੇ ਨਸ਼ਾ ਸਮੱਗਲਿੰਗ ਦੇ ਪੈਸਿਆਂ ਰਾਹੀਂ ਆਪਣੀ ਜਾਇਦਾਦ ਗੈਰ ਕਾਨੂੰਨੀ ਤਰੀਕੇ ਨਾਲ ਖਰੀਦ ਕਰ ਕੇ ਆਪਣੇ ਨਾਮ ਲਗਵਾਈ ਹੋਈ ਸੀ।
ਇਸ ਨੂੰ ਐੱਨਡੀਪੀਐੱਸ ਐਕਟ ਦੀ ਧਾਰਾ 68 ਐਫ਼ 2 ਤਹਿਤ ਮਾਣਯੋਗ ਭਾਰਤ ਸਰਕਾਰ ਦੇ ਵਿੱਤ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਮਨਜ਼ੂਰੀ ਲਈ ਭੇਜਿਆ ਗਿਆ ਸੀ, ਮਨਜ਼ੂਰੀ ਮਿਲਣ ਤੋਂ ਬਾਅਦ ਦੋਵਾਂ ਦੀ ਜਾਇਦਾਦ ਫਰੀਜ਼ ਕੀਤੀ ਗਈ, ਜਿਨ੍ਹਾਂ ਦੀ ਕੀਮਤ 1 ਕਰੋੜ 35 ਲੱਖ 54 ਹਜ਼ਾਰ ਬਣਦੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਨਸ਼ਾ ਤਸਕਰਾਂ ਖ਼ਿਲਾਫ਼ ਇਸੇ ਤਰ੍ਹਾਂ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ।
ਵਿਆਹ ਦੀਆਂ ਖੁਸ਼ੀਆਂ ਗਮ 'ਚ ਬਦਲੀਆਂ, ਬਾਰਾਤ ਲੈ ਕੇ ਨਹੀਂ ਪੁੱਜਿਆ NRI ਲਾੜਾ, ਫਿਰ....
NEXT STORY