ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਪੁਲਸ ਵਲੋਂ ਨਸ਼ੇ ਦੀ ਵੱਡੀ ਸਪਲਾਈ ਕਰਨ ਵਾਲੇ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਜਸਦੇਵ ਸਿੰਘ ਉਰਫ਼ ਜੱਸਾ ਵਾਸੀ ਮਾਛੀਵਾੜਾ ਵਜੋਂ ਹੋਈ ਹੈ। ਅੱਜ ਡੀ.ਐੱਸ.ਪੀ. ਸਮਰਾਲਾ ਤਰਲੋਚਨ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਸ ਨੂੰ ਪਿਛਲੇ ਕਾਫ਼ੀ ਸਮੇਂ ਤੋਂ ਸੂਚਨਾ ਮਿਲ ਰਹੀ ਸੀ ਕਿ ਜਸਦੇਵ ਸਿੰਘ ਜੱਸਾ ਕੂੰਮਕਲਾਂ ਥਾਣਾ ਅਧੀਨ ਪੈਂਦੇ ਪਿੰਡ ਚੌਂਤਾ ਤੋਂ ਨਸ਼ਾ ਲਿਆ ਕੇ ਮਾਛੀਵਾੜਾ ਇਲਾਕੇ 'ਚ ਸਪਲਾਈ ਕਰਦਾ ਹੈ। ਪੁਲਸ ਜ਼ਿਲ੍ਹਾ ਖੰਨਾ ਦੇ ਐੱਸ. ਐੱਸ. ਪੀ. ਡਾ. ਜੋਤੀ ਯਾਦਵ ਦੇ ਨਿਰਦੇਸ਼ਾਂ ਤਹਿਤ ਇਸ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਵਲੋਂ ਕਾਫ਼ੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਡੀ.ਐੱਸ.ਪੀ. ਤਰਲੋਚਨ ਸਿੰਘ ਨੇ ਦੱਸਿਆ ਕਿ ਥਾਣਾ ਮੁਖੀ ਹਰਵਿੰਦਰ ਸਿੰਘ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਜਗਤਾਰ ਸਿੰਘ ਵਲੋਂ ਪੁਲਸ ਪਾਰਟੀ ਸਮੇਤ ਗਸ਼ਤ ਕੀਤੀ ਜਾ ਰਹੀ ਸੀ ਕਿ ਚੌਰਸਤਾ ਰਤੀਪੁਰ ਰੋਡ ਮਾਛੀਵਾੜਾ ਸਾਹਿਬ ਵਿਖੇ ਜਸਦੇਵ ਸਿੰਘ ਨੂੰ ਕਾਬੂ ਕਰ ਲਿਆ ਗਿਆ। ਜਦੋਂ ਪੁਲਸ ਪਾਰਟੀ ਵਲੋਂ ਇਸ ਨੂੰ ਕਾਬੂ ਕੀਤਾ ਜਾ ਰਿਹਾ ਸੀ ਤਾਂ ਇਸ ਨੇ ਮੁਲਾਜ਼ਮਾਂ ਨਾਲ ਹੱਥੋਪਾਈ ਵੀ ਕੀਤੀ ਗਈ ਅਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਇਆ। ਪੁਲਸ ਪਾਰਟੀ ਨੂੰ ਤਲਾਸ਼ੀ ਦੌਰਾਨ ਇਸ ਕੋਲੋਂ 21 ਗ੍ਰਾਮ ਹੈਰੋਇਨ ਅਤੇ 4100 ਰੁਪਏ ਡਰੱਗ ਮਨੀ ਬਰਾਮਦ ਹੋਈ। ਡੀ. ਐੱਸ. ਪੀ. ਤਰਲੋਚਨ ਸਿੰਘ ਨੇ ਦੱਸਿਆ ਕਿ ਜਿੱਥੋਂ ਇਹ ਨਸ਼ਾ ਲੈ ਕੇ ਆ ਰਿਹਾ ਸੀ, ਪੁੱਛਗਿੱਛ ਦੌਰਾਨ ਉਨ੍ਹਾਂ ਵਿਅਕਤੀਆਂ ਨੂੰ ਇਸ ਮਾਮਲੇ ਵਿਚ ਨਾਮਜ਼ਦ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਿਨ੍ਹਾਂ ਵਿਅਕਤੀਆਂ ਨੂੰ ਇਹ ਨਸ਼ਾ ਸਪਲਾਈ ਕਰਦਾ ਸੀ, ਉਨ੍ਹਾਂ ਦੀ ਵੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਅਤੇ ਜੋ ਪੀਣ ਦੇ ਆਦੀ ਹੋਣਗੇ, ਉਨ੍ਹਾਂ ਨੂੰ ਨਸ਼ਾ ਛੁਡਾਓ ਕੇਂਦਰ ਵਿਚ ਭਰਤੀ ਕਰਵਾਇਆ ਜਾਵੇਗਾ ਅਤੇ ਜੋ ਵੇਚਦੇ ਹੋਣਗੇ, ਉਨ੍ਹਾਂ ਨੂੰ ਕਾਬੂ ਕੀਤਾ ਜਾਵੇਗਾ। ਮਾਛੀਵਾੜਾ ਪੁਲਸ ਵਲੋਂ ਜਸਦੇਵ ਸਿੰਘ ਖ਼ਿਲਾਫ਼ ਨਸ਼ਾ ਅਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਨਸ਼ਾ ਤਸਕਰ ਜਸਦੇਵ ਸਿੰਘ ’ਤੇ ਪਹਿਲਾਂ ਵੀ 8 ਅਪਰਾਧਿਕ ਮਾਮਲੇ ਦਰਜ
ਡੀ.ਐੱਸ.ਪੀ. ਤਰਲੋਚਨ ਸਿੰਘ ਨੇ ਦੱਸਿਆ ਕਿ ਨਸ਼ਿਆਂ ਦੇ ਮਾਮਲੇ ਵਿਚ ਸਰਗਰਮ ਜਸਦੇਵ ਸਿੰਘ ਉੱਪਰ ਪਹਿਲਾਂ ਵੀ 8 ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਇਸ ’ਤੇ ਪਹਿਲਾ ਮਾਮਲਾ 2015 ਵਿਚ 12 ਕਿੱਲੋ ਭੁੱਕੀ ਦਾ ਦਰਜ ਹੋਇਆ, 2017 ਵਿਚ 250 ਗ੍ਰਾਮ ਅਫ਼ੀਮ ਤੇ 8 ਕਿੱਲੋ ਭੁੱਕੀ, 2017 ਵਿਚ ਫਿਰ 315 ਬੋਰ ਤੇ 2 ਕਾਰਤੂਸ ਬਰਾਮਦ ਹੋਏ, 2021 ਵਿਚ 2 ਅਪਰਾਧਿਕ ਮਾਮਲੇ ਦਰਜ ਹੋਏ, 2022 ਵਿਚ 4 ਕੁਇੰਟਲ ਭੁੱਕੀ ਬਰਾਮਦ ਹੋਈ, 2023 ਵਿਚ ਲੁਧਿਆਣਾ ਡਵੀਜ਼ਨ ਨੰਬਰ 7 ਵਿਚ ਅਪਰਾਧਿਕ ਮਾਮਲਾ ਦਰਜ ਹੋਇਆ। 2025 ਵਿਚ ਨਸ਼ੇ ਦਾ ਮਾਮਲਾ ਦਰਜ ਹੋਇਆ ਅਤੇ ਹੁਣ ਇਸ ’ਤੇ 2 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਡੀ.ਐੱਸ.ਪੀ. ਤਰਲੋਚਨ ਸਿੰਘ ਨੇ ਦੱਸਿਆ ਕਿ ਜਸਦੇਵ ਸਿੰਘ 2015 ਤੋਂ ਨਸ਼ਾ ਤਸਕਰੀ ਵਿਚ ਸਰਗਰਮ ਸੀ ਅਤੇ ਹੁਣ ਤੱਕ ਇਸ ਨੇ ਜੋ ਜਾਇਦਾਦ ਬਣਾਈ ਜਾਂ ਪਤਨੀ/ਭਰਾ ਦੇ ਨਾਮ ’ਤੇ ਜਾਇਦਾਦ ਖ਼ਰੀਦੀ, ਉਸ ਨੂੰ ਅਟੈਚ ਕਰਨ ਦੀ ਪ੍ਰਕਿਰਿਆ ਵੀ ਅਮਲ ਵਿਚ ਲਿਆਂਦੀ ਜਾ ਰਹੀ ਹੈ। ਡੀ.ਐੱਸ.ਪੀ. ਨੇ ਕਿਹਾ ਕਿ ਮਾਣਯੋਗ ਐੱਸ.ਐੱਸ.ਪੀ. ਡਾ. ਜੋਤੀ ਯਾਦਵ ਦੀਆਂ ਹਦਾਇਤਾਂ ਹਨ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਾ ਜਾਵੇ।
'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਜਨਮਦਿਨ 'ਤੇ CM ਮਾਨ ਨੇ ਦਿੱਤੀ ਵਧਾਈ
NEXT STORY