ਜਲੰਧਰ, (ਮਹੇਸ਼)- ਸੋਮਵਾਰ ਦੇਰ ਰਾਤ ਐੱਸ. ਐੱਚ. ਓ. ਸੁਖਦੇਵ ਸਿੰਘ ਔਲਖ ਦੀ ਅਗਵਾਈ ਵਿਚ ਪਰਾਗਪੁਰ ਚੌਕੀ ਦੇ ਇੰਚਾਰਜ ਕਮਲਜੀਤ ਸਿੰਘ ਵਲੋਂ ਸਮੇਤ ਪੁਲਸ ਪਾਰਟੀ ਹਾਈਵੇ 'ਤੇ ਕੀਤੀ ਗਈ ਨਾਕਾਬੰਦੀ ਦੌਰਾਨ 'ਛੋਟੇ ਹਾਥੀ' 'ਤੇ ਸ਼ਰਾਬ ਲੈ ਕੇ ਜਾ ਰਹੇ ਸਮੱਗਲਰ ਨੇ ਨਾਕੇ 'ਤੇ ਖੜ੍ਹੇ ਮੁਲਾਜ਼ਮ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਗਿਆ। ਗੁਰਵਿੰਦਰ ਸਿੰਘ ਨਾਮਕ ਹੈੱਡ ਕਾਂਸਟੇਬਲ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਪਰਾਗਪੁਰ ਪੁਲਸ ਚੌਕੀ ਦੇ ਇੰਚਾਰਜ ਕਮਲਜੀਤ ਸਿੰਘ ਤੇ ਨਾਈਟ ਡਿਊਟੀ ਲਈ ਜਲੰਧਰ ਆਫਿਸ ਤੋਂ ਆਏ ਪੁਲਸ ਮੁਲਾਜ਼ਮਾਂ ਵਲੋਂ ਲਾਏ ਗਏ ਨਾਕੇ ਦੌਰਾਨ ਇਕ ਪੁਲਸ ਮੁਲਾਜ਼ਮ ਨੇ ਫਗਵਾੜਾ ਵਲੋਂ ਆ ਰਹੇ ਤੇਜ਼ ਰਫਤਾਰ 'ਛੋਟੋ ਹਾਥੀ' ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਸ ਨੇ ਉਥੋਂ ਫਰਾਰ ਹੋਣ ਲਈ ਪੁਲਸ ਮੁਲਾਜ਼ਮ 'ਤੇ ਆਪਣੀ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਥਾਣਾ ਸਦਰ ਦੇ ਇੰਚਾਰਜ ਇੰਸ. ਸੁਖਦੇਵ ਸਿੰਘ ਔਲਖ ਨੇ ਦੱਸਿਆ ਕਿ 'ਛੋਟੇ ਹਾਥੀ' ਦਾ ਚਾਲਕ ਸ਼ਰਾਬ ਸਮੱਗਲਰ ਆਸ਼ੀਸ਼ ਉਰਫ ਆਸ਼ੂ ਪੁੱਤਰ ਕਮਲਜੀਤ ਵਾਸੀ ਰਾਜੀਵ ਗਾਂਧੀ ਵਿਹਾਰ ਸੂਰਿਆ ਇਨਕਲੇਵ ਮੌਕੇ ਤੋਂ ਫਰਾਰ ਹੋਣ ਵਿਚ ਸਫਲ ਰਿਹਾ।
ਪੁਲਸ ਵਲੋਂ ਕਬਜ਼ੇ ਵਿਚ ਲਏ ਗਏ 'ਛੋਟੇ ਹਾਥੀ' ਵਿਚੋਂ 24 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਹਨ। ਮੁਲਜ਼ਮ ਦੇ ਖਿਲਾਫ ਥਾਣਾ ਸਦਰ ਵਿਚ ਕੇਸ ਦਰਜ ਕਰ ਲਿਆ ਗਿਆ ਹੈ ਤੇ ਉਸ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਅਦਾਲਤ 'ਚ ਨਾਬਾਲਗਾ ਨੂੰ ਬਾਲਗ ਦੱਸ ਕੇ ਕੀਤਾ ਵਿਆਹ, ਕਾਬੂ
NEXT STORY