ਜਲਾਲਾਬਾਦ(ਸ. ਹ.)- ਪੁਲਸ ਪ੍ਰਸ਼ਾਸਨ ਵਲੋਂ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਰੋਕਣ ਲਈ ਚਲਾਈ ਗਈ ਮੁਹਿੰਮ ਅਧੀਨ ਥਾਣਾ ਪੁਲਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਬਲਾਕ ਕਾਂਗਰਸ ਕਮੇਟੀ ਸ਼ਹਿਰੀ ਦੇ ਸੀਨੀਅਰ ਮੀਤ ਪ੍ਰਧਾਨ ਵਿਕਰਮ ਧਵਨ ਸਮੇਤ 2 ਵਿਅਕਤੀਆਂ ਤੋਂ 38 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਪੁਲਸ ਨੇ ਵਿਕਰਮ ਧਵਨ (ਵਿੱਕੀ) ਪੁੱਤਰ ਜੋਗਿੰਦਰਪਾਲ ਨਿਵਾਸੀ ਦਸਮੇਸ਼ ਨਗਰ ਨੇੜੇ ਵਾਟਰ ਵਰਕਸ ਨੰ. 4 ਜਲਾਲਾਬਾਦ ਨੂੰ ਮੌਕੇ 'ਤੇ ਗ੍ਰਿਫਤਾਰ ਕਰ ਲਿਆ ਜਦ ਕਿ ਜਸਪਾਲ ਸਿੰਘ ਪੁੱਤਰ ਮੰਗਲ ਸਿੰਘ ਨਿਵਾਸੀ ਜੰਮੂ ਬਸਤੀ ਜਲਾਲਾਬਾਦ ਦੌੜਨ ਵਿਚ ਕਾਮਯਾਬ ਹੋ ਗਿਆ। ਜ਼ਿਕਰਯੋਗ ਹੈ ਕਿ ਵਿਕਰਮ ਧਵਨ ਇਸ ਸਮੇਂ ਬਲਾਕ ਸ਼ਹਿਰੀ ਦੇ ਸੀਨੀਅਰ ਮੀਤ ਪ੍ਰਧਾਨ ਵੀ ਹਨ ਅਤੇ ਸਾਲ 2015 ਵਿਚ ਨਗਰ ਕੌਂਸਲ ਦੀਆਂ ਚੋਣਾਂ ਵਿਚ ਬਤੌਰ ਕੌਂਸਲਰ ਵਾਰਡ ਨੰ. 14 ਤੋਂ ਕਾਂਗਰਸ ਦੀ ਟਿਕਟ ਤੋਂ ਚੋਣ ਵੀ ਲੜ ਚੁੱਕੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਵਿਕਰਮ ਧਵਨ ਸਾਬਕਾ ਮੰਤਰੀ ਦੇ ਕਰੀਬੀ ਦੱਸੇ ਜਾ ਰਹੇ ਹਨ। ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਵਲੋਂ ਹਰੇਕ ਦਿਨ ਪੁਲਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਕਿ ਕਿਸ ਤਰ੍ਹਾਂ ਨਸ਼ਿਆਂ 'ਤੇ ਲਗਾਮ ਲਗਾਈ ਜਾਵੇ। ਐੱਸ. ਐੱਚ. ਓ. ਭੋਲਾ ਸਿੰਘ ਨੇ ਕਿਹਾ ਕਿ ਏ. ਐੱਸ. ਆਈ. ਲਾਲਜੀਤ ਨੂੰ ਮੁਖਬਰ ਨੇ ਸੂਚਨਾ ਦਿੱਤੀ ਕਿ ਵਿਕਰਮ ਧਵਨ ਤੇ ਜਸਪਾਲ ਸਿੰਘ ਦੋਵੇਂ ਬਾਹਰੋਂ ਦੇਸੀ ਤੇ ਅੰਗਰੇਜ਼ੀ ਸ਼ਰਾਬ ਲਿਆ ਕੇ ਵੇਚਦੇ ਹਨ। ਜੇਕਰ ਛਾਪੇਮਾਰੀ ਕੀਤੀ ਜਾਵੇ ਤਾਂ ਇਨ੍ਹਾਂ ਤੋਂ ਭਾਰੀ ਮਾਤਰਾ ਵਿਚ ਸ਼ਰਾਬ ਬਰਾਮਦ ਹੋ ਸਕਦੀ ਹੈ। ਮੁਖਬਰ ਵਲੋਂ ਪੁਲਸ ਨੂੰ ਦੱਸੀ ਜਗ੍ਹਾ 'ਤੇ ਜਦੋਂ ਰੇਡ ਕੀਤੀ ਗਈ ਤਾਂ ਉਥੋਂ ਪਿੰਡ ਬੱਗੇ ਦੇ ਉਤਾੜ ਵਿਚ ਧਰਮ ਸਿੰਘ ਪੁੱਤਰ ਗੁਰਚਰਨ ਸਿੰਘ ਦੀ ਪਸ਼ੂਆਂ ਦੀ ਹਵੇਲੀ ਵਿਚ ਬਣੇ ਕਮਰੇ 'ਚੋਂ 34 ਪੇਟੀਆਂ ਦੇਸੀ ਹਿੰਮਤ ਬਰਾਂਡ ਚੰਡੀਗੜ੍ਹ ਅਤੇ 4 ਪੇਟੀਆਂ ਅੰਗਰੇਜ਼ੀ ਸ਼ਰਾਬ ਚੰਡੀਗੜ੍ਹ ਦੀ ਬਰਾਮਦ ਹੋਈ। ਇਸ ਦੌਰਾਨ ਮੁਲਜ਼ਮ ਵਿਕਰਮ ਧਵਨ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ ਗਿਆ। ਜਦ ਕਿ ਜਸਪਾਲ ਸਿੰਘ ਉਥੋਂ ਦੌੜਨ ਵਿਚ ਕਾਮਯਾਬ ਹੋ ਗਿਆ। ਬੀਤੇ ਦਿਨੀਂ 6 ਜੁਲਾਈ 2018 ਨੂੰ ਕੈਂਟ ਪੁਲਸ ਵਲੋਂ 50 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਸਨ ਅਤੇ ਬਨਾਰਸੀ ਦਾਸ ਪੁੱਤਰ ਹਰਬੰਸ ਲਾਲ ਨਿਵਾਸੀ ਨੇੜੇ ਸਟੇਟ ਬੈਂਕ ਆਫ ਇੰਡੀਆ ਫਿਰੋਜ਼ਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮਾਮਲੇ ਵਿਚ ਵਿਕਰਮ ਧਵਨ ਜਲਾਲਾਬਾਦ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ ਜੋ ਕਿ ਪੁਲਸ ਦੀ ਪਕੜ ਤੋਂ ਬਾਹਰ ਚੱਲ ਰਿਹਾ ਸੀ।
ਨੇਤਰਹੀਣ ਅੌਰਤ ਦੇ ਕਤਲ ਦੀ ਗੁੱਥੀ ਸੁਲਝੀ ਦੋਸ਼ੀ ਔਰਤ ਗ੍ਰਿਫਤਾਰ, ਪਤੀ ਫਰਾਰ
NEXT STORY