ਚੰਡੀਗੜ੍ਹ (ਪ੍ਰੀਕਸ਼ਿਤ) : ਸ਼ਹਿਰ ’ਚ 24 ਘੰਟਿਆਂ ’ਚ ਲੁੱਟ ਦੀਆਂ ਤਿੰਨ ਘਟਨਾਵਾਂ ਵਾਪਰੀਆਂ ਹਨ। ਬਾਈਕ ਅਤੇ ਸਕੂਟਰ ਸਵਾਰ ਸਨੈਚਰਾਂ ਨੇ ਤਿੰਨੋਂ ਵਾਰਦਾਤਾਂ ਵਿਚ ਔਰਤਾਂ ਨੂੰ ਨਿਸ਼ਾਨਾ ਬਣਾਇਆ। ਮਨੀਮਾਜਰਾ ਥਾਣੇ ਨੂੰ ਦਿੱਤੀ ਸ਼ਿਕਾਇਤ 'ਚ ਪਿੰਡ ਦੜੀਆ ਦੀ ਰਹਿਣ ਵਾਲੀ ਕਿਰਨ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਮਨੀਮਾਜਰਾ ਗਈ ਹੋਈ ਸੀ। ਇਸ ਦੌਰਾਨ ਲਾਲ ਰੰਗ ਦੀ ਕਮੀਜ਼ ਪਾਈ ਇਕ ਵਿਅਕਤੀ ਆਇਆ ਅਤੇ ਉਸ ਦੇ ਹੱਥੋਂ ਮੋਬਾਈਲ ਖੋਹ ਕੇ ਫ਼ਰਾਰ ਹੋ ਗਿਆ।
ਘਟਨਾ ਦੀ ਜਾਣਕਾਰੀ ਰਾਹਗੀਰਾਂ ਦੇ ਫੋਨ ਤੋਂ 112 ਨੰਬਰ ’ਤੇ ਦਿੱਤੀ ਗਈ। ਥਾਣਾ ਮਨੀਮਾਜਰਾ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਅਮਨ ਕਾਲੋਨੀ ਧਨਾਸ ਦੀ ਰਹਿਣ ਵਾਲੀ ਸੁਨੀਤਾ ਨੇ ਪੁਲਸ ਨੂੰ ਦੱਸਿਆ ਕਿ ਉਹ ਡੰਪਿੰਗ ਗਰਾਊਂਡ ਨੇੜਿਓਂ ਲੰਘ ਰਹੀ ਸੀ। ਬਾਈਕ ਸਵਾਰ ਤਿੰਨ ਬਦਮਾਸ਼ ਮੋਬਾਇਲ ਫੋਨ ਖੋਹ ਕੇ ਫ਼ਰਾਰ ਹੋ ਗਏ। ਉਸ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਥਾਣਾ ਸਾਰੰਗਪੁਰ ਦੀ ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੈਕਟਰ-37 ਦੀ ਰਹਿਣ ਵਾਲੀ ਕਮਲਜੀਤ ਕੌਰ ਨੇ ਪੁਲਸ ਨੂੰ ਦੱਸਿਆ ਕਿ ਉਹ ਕਿਸੇ ਕੰਮ ਲਈ ਗਈ ਹੋਈ ਸੀ। ਸਕੂਟਰ ਸਵਾਰ ਦੋ ਬਦਮਾਸ਼ ਘਰ ਨੇੜੇ ਆਏ ਅਤੇ ਪਰਸ ਖੋਹ ਕੇ ਫ਼ਰਾਰ ਹੋ ਗਏ। ਪੀੜਤ ਔਰਤ ਅਨੁਸਾਰ ਪਰਸ ਵਿਚ ਨਕਦੀ ਦੇ ਨਾਲ-ਨਾਲ ਕੁੱਝ ਦਸਤਾਵੇਜ਼ ਵੀ ਸਨ। ਪੁਲਸ ਨੇ ਪੀੜਤ ਔਰਤ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਿਵਲ ਸਰਜਨ ਹੁਸ਼ਿਆਰਪੁਰ ਨੇ ਸਰਕਾਰੀ ਹਸਪਤਾਲ ਟਾਂਡਾ ਦਾ ਕੀਤਾ ਅਚਨਚੇਤ ਨਿਰੀਖਣ
NEXT STORY