ਅਖ਼ਬਾਰਾਂ ਦਾ ਕੰਮ ਤਾਂ ਪਾਠਕਾਂ ਨੂੰ ਦੇਸ਼-ਵਿਦੇਸ਼ 'ਚ ਵਾਪਰਦੇ ਘਟਨਾਚੱਕਰਾਂ ਦੀ ਠੀਕ-ਠਾਕ ਜਾਣਕਾਰੀ ਦੇਣਾ ਅਤੇ ਨਾਲ ਹੀ ਕੁਝ ਅਤਿ-ਅਹਿਮ ਵਿਸ਼ਿਆਂ 'ਤੇ ਟਿੱਪਣੀਆਂ ਕਰਨਾ ਵੀ ਹੁੰਦਾ ਹੈ। ਇਸ ਤੋਂ ਇਲਾਵਾ ਅਖ਼ਬਾਰ ਆਪਣੇ ਪਾਠਕਾਂ ਤਕ ਸਮਾਜਕ, ਧਾਰਮਕ, ਸਿਆਸੀ, ਸਾਹਿਤਕ ਅਤੇ ਸੱਭਿਆਚਾਰਕ ਸਰਗਰਮੀਆਂ ਦੀਆਂ ਰਿਪੋਰਟਾਂ ਵੀ ਪਹੁੰਚਾਉਂਦੇ ਹਨ। ਇਹ ਵੱਖਰੀ ਗੱਲ ਹੈ ਕਿ 'ਜਗ ਬਾਣੀ' ਨੇ ਆਪਣੇ ਗਰੁੱਪ ਦੇ ਹੋਰ ਅਖ਼ਬਾਰਾਂ ਨਾਲ ਮਿਲ ਕੇ ਇਕ ਵੱਡਾ ਅਤੇ ਬੁਲੰਦ ਕਦਮ ਸਮਾਜ-ਸੇਵਾ ਦਾ ਵੀ ਪੁੱਟਿਆ ਅਤੇ ਹੁਣ ਤਕ ਇਸ ਖੇਤਰ ਵਿਚ ਇਕ ਅਜਿਹਾ ਇਤਿਹਾਸ ਸਿਰਜ ਦਿੱਤਾ ਹੈ, ਜਿਹੜਾ ਦੇਸ਼ ਦੀਆਂ ਹੋਰ ਅਖ਼ਬਾਰਾਂ ਜਾਂ ਸੰਸਥਾਵਾਂ ਦੇ ਹਿੱਸੇ ਘੱਟ ਹੀ ਆਇਆ ਹੈ। ਸਮਾਜ ਸੇਵਾ ਦੇ ਖੇਤਰ ਵਿਚ ਇਸ ਪੱਤਰ-ਸਮੂਹ ਨੇ ਲਾਮਿਸਾਲ ਕੰਮ ਕੀਤਾ ਹੈ।
ਅਖ਼ਬਾਰ ਨੇ ਕੁਦਰਤੀ ਅਤੇ ਗੈਰ-ਕੁਦਰਤੀ ਆਫਤਾਂ, ਸੰਕਟਾਂ ਦੇ ਸ਼ਿਕਾਰ ਪਰਿਵਾਰਾਂ ਦਾ ਦਰਦ ਵੰਡਾਉਣ ਲਈ ਬੜੇ ਨਿੱਗਰ ਯਤਨ ਆਰੰਭ ਕੀਤੇ, ਜਿਹੜੇ ਨਿਰਵਿਘਨ ਰੂਪ 'ਚ ਅੱਜ ਵੀ ਜਾਰੀ ਹਨ। ਦੀਨ-ਦੁਖੀਆਂ, ਲੋੜਵੰਦਾਂ, ਆਰਥਿਕ ਪੱਖੋਂ ਕਮਜ਼ੋਰ ਲੋਕਾਂ, ਦੇਸ਼ ਖਾਤਰ ਕੁਰਬਾਨੀਆਂ ਦੇਣ ਵਾਲਿਆਂ ਅਤੇ ਆਫਤਾਂ ਦੇ ਝੰਬੇ ਲੋਕਾਂ ਦਾ ਦਰਦ ਵੰਡਾਉਣ ਦੇ ਰਾਹ 'ਤੇ ਚੱਲਦਿਆਂ ਹੁਣ ਤਕ ਕਰੋੜਾਂ ਰੁਪਏ ਦੀ ਰਾਸ਼ੀ ਨਕਦ ਜਾਂ ਸਹਾਇਤਾ ਸਮੱਗਰੀ ਦੇ ਰੂਪ ਵਿਚ ਪੀੜਤ ਪਰਿਵਾਰਾਂ ਨੂੰ ਪਹੁੰਚਾਈ ਜਾ ਚੁੱਕੀ ਹੈ।
ਨਿਮਾਣੇ-ਨਿਤਾਣੇ ਲੋਕਾਂ ਅਤੇ ਪੀੜਤਾਂ ਦੀ ਬਾਂਹ ਫੜਨ ਦਾ ਸਿਲਸਿਲਾ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ ਰਹਿਨੁਮਾਈ ਹੇਠ 1966 ਵਿਚ ਸ਼ੁਰੂ ਹੋਇਆ ਸੀ, ਜਦੋਂ ਬਿਹਾਰ ਰਿਲੀਫ ਫੰਡ ਚਲਾਇਆ ਗਿਆ ਸੀ। ਫਿਰ 1971 ਵਿਚ ਬੰਗਲਾਦੇਸ਼ ਰਿਲੀਫ ਫੰਡ ਤੇ 1977 ਵਿਚ ਆਂਧਰਾ ਪ੍ਰਦੇਸ਼ ਰਿਲੀਫ ਫੰਡ ਸ਼ੁਰੂ ਕੀਤਾ ਗਿਆ ਅਤੇ ਪੀੜਤਾਂ ਨੂੰ ਮਦਦ ਪਹੁੰਚਾਈ ਗਈ। ਪੰਜਾਬ ਦੀ ਧਰਤੀ 'ਤੇ 1981 ਵਿਚ ਅੱਤਵਾਦ ਦਾ ਕਾਲਾ ਦੌਰ ਸ਼ੁਰੂ ਹੋ ਗਿਆ, ਜਿਸ ਦੇ ਸ਼ੁਰੂ ਵਿਚ ਹੀ ਜਿਥੇ ਲਾਲਾ ਜਗਤ ਨਾਰਾਇਣ ਜੀ ਦੀ ਸ਼ਹਾਦਤ ਹੋਈ, ਉਥੇ ਢਿਲਵਾਂ ਨੇੜੇ ਵਾਪਰੇ ਕਾਂਡ ਵਿਚ 6 ਲੋਕਾਂ ਦੀਆਂ ਜਾਨਾਂ ਗਈਆਂ। ਇਹੀ ਉਹ ਘੜੀ ਸੀ, ਜਦੋਂ ਸਵ. ਰਮੇਸ਼ ਚੰਦਰ ਜੀ ਨੇ ਸ਼ਹੀਦ ਪਰਿਵਾਰ ਫੰਡ ਦੀ ਸ਼ੁਰੂਆਤ ਕੀਤੀ। ਇਹ ਫੰਡ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੀ ਸਰਪ੍ਰਸਤੀ ਹੇਠ ਅੱਜ ਵੀ ਚੱਲ ਰਿਹਾ ਹੈ ਅਤੇ ਇਸ ਤੋਂ ਇਲਾਵਾ ਵੀ ਤਿੰਨ ਦਰਜਨ ਦੇ ਕਰੀਬ ਹੋਰ ਫੰਡ ਚਲਾ ਕੇ 61 ਕਰੋੜ ਤੋਂ ਵਧੇਰੇ ਦੀ ਨਕਦ ਰਾਸ਼ੀ ਹੁਣ ਤਕ ਪੀੜਤਾਂ ਨੂੰ ਤਕਸੀਮ ਕੀਤੀ ਗਈ।
ਪਾਕਿਸਤਾਨ ਦੀ ਸ਼ਹਿ ਹੇਠ ਚਲਾਏ ਜਾ ਰਹੇ ਅੱਤਵਾਦ ਨੇ ਜੰਮੂ-ਕਸ਼ਮੀਰ ਨੂੰ ਭਾਰੀ ਜਾਨੀ-ਮਾਲੀ ਨੁਕਸਾਨ ਪਹੁੰਚਾਇਆ ਅਤੇ ਇਸਦੇ ਨਾਲ ਹੀ ਪਾਕਿਸਤਾਨੀ ਸੈਨਿਕਾਂ ਵਲੋਂ ਕੀਤੀ ਜਾਂਦੀ ਗੋਲੀਬਾਰੀ ਨੇ ਇਸ ਸੂਬੇ ਦੇ ਲੱਖਾਂ ਲੋਕਾਂ ਨੂੰ ਉੱਜੜਣ ਲਈ ਮਜਬੂਰ ਕਰ ਦਿੱਤਾ। ਇਨ੍ਹਾਂ ਪਰਿਵਾਰਾਂ ਦੀ ਬਾਂਹ ਵੀ ਅਖ਼ਬਾਰ ਸਮੂਹ ਨੇ ਫੜੀ ਅਤੇ ਹੁਣ ਤਕ ਜੰਮੂ-ਕਸ਼ਮੀਰ ਦੇ ਪੀੜਤਾਂ ਨੂੰ 477 ਟਰੱਕ ਰਾਹਤ ਸਮੱਗਰੀ ਦੇ ਭਿਜਵਾਏ ਜਾ ਚੁੱਕੇ ਹਨ। ਇਕ ਟਰੱਕ ਵਿਚ ਔਸਤਨ 2 ਲੱਖ ਰੁਪਏ ਦਾ ਸਾਮਾਨ ਹੁੰਦਾ ਹੈ ਅਤੇ ਇਹ ਸਮੱਗਰੀ ਜੰਮੂ-ਕਸ਼ਮੀਰ ਦੇ ਪੀੜਤਾਂ ਨੂੰ ਵੰਡੀ ਜਾ ਚੁੱਕੀ ਹੈ। ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੀ ਸਰਪ੍ਰਸਤੀ ਹੇਠ ਇਹ ਮੁਹਿੰਮ ਵੀ ਜਾਰੀ ਹੈ।
ਸਿੱਖਿਆ ਦੇ ਖੇਤਰ ਵਿਚ ਅਤੇ ਵਿਧਵਾ ਔਰਤਾਂ ਨੂੰ ਸਹਾਇਤਾ ਦੇਣ ਦੇ ਮਾਮਲੇ 'ਚ ਵੀ ਅਖ਼ਬਾਰ ਨੇ ਵੱਡਾ ਯੋਗਦਾਨ ਪਾਇਆ ਹੈ। ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੇ ਨਾਂ ਹੇਠ ਕਈ ਵਿੱਦਿਅਕ ਸੰਸਥਾਵਾਂ ਚੱਲ ਰਹੀਆਂ ਹਨ ਅਤੇ ਬਹੁਤ ਸਾਰੇ ਸਥਾਨਾਂ 'ਤੇ ਹਰ ਮਹੀਨੇ ਵਿਧਵਾ ਔਰਤਾਂ ਨੂੰ ਰਾਸ਼ਨ ਵੰਡਣ ਦੀ ਮੁਹਿੰਮ ਵੀ ਲਗਾਤਾਰ ਜਾਰੀ ਹੈ। ਇਸ ਤਰ੍ਹਾਂ ਅਖ਼ਬਾਰ ਸਮੂਹ ਦਾ ਕਾਫਲਾ ਸਮਾਜ ਸੇਵਾ ਦੇ ਖੇਤਰ ਵਿਚ ਵੀ ਵੱਡੀਆਂ ਪੁਲਾਂਘਾਂ ਪੁੱਟ ਰਿਹਾ ਹੈ।
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਰਮਚਾਰੀਆਂ ਨੇ ਮੰਗਾਂ ਸਬੰਧੀ ਲਾਇਆ ਧਰਨਾ
NEXT STORY