ਜਲੰਧਰ(ਰਾਜੇਸ਼)— ਇਥੋਂ ਦੇ ਰਾਏਪੁਰ 'ਚ ਜਵਾਈ ਵੱਲੋਂ ਸਹੁਰੇ ਪਰਿਵਾਰ 'ਤੇ ਚਾਕੂ ਨਾਲ ਹਮਲਾ ਕਰਨ ਦੇ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ 'ਚ ਇਕ ਮਹਿਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 2 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਰਾਏਪੁਰ ਦੀ ਰਹਿਣ ਵਾਲੀ ਜਸਵਿੰਦਰ ਕੌਰ ਦਾ ਵਿਆਹ 12 ਸਾਲ ਪਹਿਲਾਂ ਲੱਧੇਵਾਲੀ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਦੋਹਾਂ 'ਚ ਝਗੜਾ ਰਹਿੰਦਾ ਸੀ। ਘਰੇਲੂ ਝਗੜੇ ਦੇ ਚਲਦਿਆਂ ਜਸਵਿੰਦਰ ਕੌਰ ਕਾਫੀ ਸਮੇਂ ਤੋਂ ਰਾਏਪੁਰ ਸਥਿਤ ਆਪਣੇ ਪੇਕੇ ਘਰ 'ਚ ਰਹਿ ਰਹੀ ਸੀ। ਸਹੁਰੇ ਪਰਿਵਾਰ ਨਾਲ ਵਿਵਾਦ ਦੇ ਚਲਦਿਆਂ ਬੁੱਧਵਾਰ ਨੂੰ ਜਵਾਈ ਇਥੇ ਆਇਆ ਅਤੇ ਆਉਂਦੇ ਸਮੇਂ ਉਸ ਨੇ ਚਾਕੂ ਨਾਲ ਸੱਸ, ਪਤਨੀ ਜਸਵਿੰਦਰ ਕੌਰ ਅਤੇ ਸਾਲੀ ਰਾਜ ਰਾਣੀ 'ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਸਾਲੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਸੱਸ ਅਤੇ ਪਤਨੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈਆਂ।
ਦੁਬਈ ਤੋਂ ਆਏ ਮੁਲਜ਼ਮ ਪਤੀ ਨੇ ਹਮਲੇ ਤੋਂ ਬਾਅਦ ਖੁਦ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮੁਲਜ਼ਮ ਨੂੰ ਵੀ ਹਸਪਤਾਲ ਦਾਖਲ ਕਰਵਾਇਆ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਪੀ. ਡੀ. ਬਲਕਾਰ ਸਿੰਘ, ਡੀ. ਐੱਸ. ਪੀ. ਸਰਬਜੀਤ ਰਾਏ ਥਾਣਾ ਮਕਸੂਦਾਂ ਨੇ ਮੁਖੀ ਬਲਜਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ, ਉਨ੍ਹਾਂ ਨੇ ਔਰਤ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਥੇ ਹੀ ਜ਼ਖਮੀ ਹੋਈ ਸੱਸ ਅਤੇ ਪਤਨੀ ਨੂੰ ਗੰਭੀਰ ਹਾਲਤ ਵਿਚ ਕਪੂਰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕਾ ਦੀ ਪਛਾਣ ਰਾਜਵਿੰਦਰ ਕੌਰ ਉਰਫ ਰਾਜ ਰਾਣੀ ਵਜੋਂ ਹੋਈ ਹੈ, ਜਿਸ ਸਮੇਂ ਘਟਨਾ ਹੋਈ, ਉਸ ਸਮੇਂ ਉਨ੍ਹਾਂ ਦੇ ਘਰ ਵਿਚ ਮ੍ਰਿਤਕਾ ਦੀ ਵੱਡੀ ਭੈਣ ਅਤੇ ਪੁੱਤਰ ਵੀ ਆਇਆ ਹੋਇਆ ਸੀ। ਉਨ੍ਹਾਂ ਨੇ ਸਾਰੀ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ।
ਮ੍ਰਿਤਕਾ ਦੀ ਵੱਡੀ ਭੈਣ ਦੇ ਪੁੱਤਰ ਜਗਜੀਤ ਕੁਮਾਰ ਵਾਸੀ ਜੰਡੂ ਸਿੰਘਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਮਾਸੀ ਜਸਵਿੰਦਰ ਕੌਰ ਉਰਫ ਜੱਸੀ ਦਾ ਵਿਆਹ ਕਰੀਬ 12 ਸਾਲ ਪਹਿਲਾਂ ਅਸ਼ੋਕ ਕੁਮਾਰ ਵਾਸੀ ਲੱਧੇਵਾਲੀ ਨਾਲ ਹੋਇਆ। ਵਿਆਹ ਤੋਂ ਬਾਅਦ ਮਾਸੀ ਦਾ ਪਤੀ ਨਾਲ ਝਗੜਾ ਰਹਿੰਦਾ ਸੀ। ਮਾਸੜ ਮਾਸੀ 'ਤੇ ਬਿਨਾਂ ਕਾਰਨ ਸ਼ੱਕ ਕਰਦਾ ਸੀ, ਜਿਸ ਕਾਰਨ ਮਾਸੀ ਪਿਛਲੇ 7 ਸਾਲ ਤੋਂ ਪਤੀ ਨੂੰ ਛੱਡ ਕੇ ਮਾਂ ਕੋਲ ਪਿੰਡ ਰਾਏਪੁਰ ਰਸੂਲਪੁਰ ਵਿਖੇ ਰਹਿ ਰਹੀ ਸੀ। ਇਸ ਤੋਂ ਬਾਅਦ ਮਾਸੜ ਅਸ਼ੋਕ ਦੁਬਈ ਜਾ ਕੇ ਰਹਿਣ ਲੱਗਾ।
ਪਿਛਲੇ ਕੁਝ ਮਹੀਨੇ ਪਹਿਲਾਂ ਮੁਲਜ਼ਮ ਅਸ਼ੋਕ ਕੁਮਾਰ ਦੁਬਈ ਤੋਂ ਵਾਪਸ ਆਇਆ ਅਤੇ ਬੁੱਧਵਾਰ ਦੁਪਹਿਰ ਕਰੀਬ 1.45 ਵਜੇ ਉਨ੍ਹਾਂ ਦੇ ਘਰ ਪਹੁੰਚਿਆ। ਉਸ ਦੇ ਹੱਥ ਵਿਚ ਚਾਕੂ ਸੀ। ਉਸ ਨੇ ਘਰ ਆਉਂਦਿਆਂ ਹੀ ਪਹਿਲਾਂ ਮਾਸੀ ਦੇ ਢਿੱਡ ਵਿਚ ਚਾਕੂ ਮਾਰਿਆ ਫਿਰ ਜਦ ਮਾਸੀ ਨੂੰ ਬਚਾਉਣ ਆਈ ਉਸ ਦੀ ਮਾਂ ਨੂੰ ਵੀ ਚਾਕੂ ਮਾਰ ਦਿੱਤਾ। ਬਚਾਉਣ ਆਈ ਵੱਡੀ ਮਾਸੀ 'ਤੇ ਮਾਸੜ ਨੇ ਚਾਕੂਆਂ ਨਾਲ ਕਈ ਵਾਰ ਕੀਤੇ, ਜਿਸ ਨਾਲ ਵੱਡੀ ਮਾਸੀ ਦੀ ਮੌਕੇ 'ਤੇ ਮੌਤ ਹੋ ਗਈ। ਉਸ ਤੋਂ ਬਾਅਦ ਮਾਸੜ ਨੇ ਜੇਬ 'ਚੋਂ ਜ਼ਹਿਰੀਲੀ ਦਵਾਈ ਕੱਢੀ ਅਤੇ ਪੀ ਲਈ। ਉਸ ਦੀ ਹਾਲਤ ਵਿਗੜ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਤੇ ਮੁਲਜ਼ਮ ਨੂੰ ਕਾਬੂ ਕਰਕੇ ਉਸ ਨੂੰ ਵੀ ਹਸਪਤਾਲ ਦਾਖਲ ਕਰਵਾਇਆ। ਮੁਲਜ਼ਮ ਅਸ਼ੋਕ ਕੁਮਾਰ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਪੁਲਸ ਨੇ ਮੌਕੇ 'ਤੇ ਮੁਲਜ਼ਮ ਤੋਂ ਚਾਕੂ ਵੀ ਬਰਾਮਦ ਕਰ ਲਿਆ ਹੈ। ਅਸ਼ੋਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ, ਫਿਲਹਾਲ ਮੁਲਜ਼ਮ ਅਸ਼ੋਕ ਹਸਪਤਾਲ ਵਿਚ ਪੁਲਸ ਨਿਗਰਾਨੀ 'ਚ ਇਲਾਜ ਅਧੀਨ ਹੈ।
ਮਾਂ ਦੇ ਘਰ ਰਹਿਣਾ ਬਦਕਿਸਮਤੀ, ਮਿਲੀ ਮੌਤ
ਅਸ਼ੋਕ ਕੁਮਾਰ ਨੇ ਆਪਣੀ ਸਾਲੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਉਸ ਦੀ ਬਦਕਿਸਮਤੀ ਸੀ ਕਿ ਉਸ ਨੂੰ ਮਾਂ ਦੇ ਘਰ ਰਹਿਣ ਦੀ ਸਜ਼ਾ ਮੌਤ ਵਜੋਂ ਮਿਲੀ। ਮ੍ਰਿਤਕਾ ਰਾਜਵਿੰਦਰ ਕੌਰ ਦਾ ਵਿਆਹ ਹੋ ਚੁੱਕਾ ਸੀ ਪਰ ਆਪਣੇ ਪਤੀ ਦੀ ਮੌਤ ਤੋਂ ਬਾਅਦ ਉਹ ਆਪਣੀ ਮਾਂ ਦੇ ਘਰ ਰਹਿਣ ਲੱਗੀ, ਜਿਸ ਨੂੰ ਇਹ ਪਤਾ ਹੀ ਨਹੀਂ ਸੀ ਕਿ ਭੈਣ ਦਾ ਝਗੜਾ ਉਸ ਦੀ ਜਾਨ ਲੈ ਲਵੇਗਾ।
ਭਰਾਵਾਂ ਦੇ ਸਿਰ 'ਤੇ ਚੱਲ ਰਿਹਾ ਸੀ ਘਰ ਦਾ ਖਰਚਾ
ਪਤੀ ਨਾਲ ਝਗੜੇ ਕਾਰਨ ਮਾਂ ਦੇ ਘਰ ਰਹਿਣ ਵਾਲੀ ਜਸਵਿੰਦਰ ਕੌਰ ਅਤੇ ਪਤੀ ਦੀ ਮੌਤ ਤੋਂ ਬਾਅਦ ਮਾਂ ਦੇ ਕੋਲ ਰਹਿਣ ਵਾਲੀ ਮ੍ਰਿਤਕਾ ਰਾਜ ਰਾਣੀ ਦੋਵਾਂ ਦਾ ਖਰਚਾ ਉਨ੍ਹਾਂ ਦੇ ਵਿਦੇਸ਼ 'ਚ ਬੈਠੇ ਭਰਾ ਚਲਾ ਰਹੇ ਸਨ। ਜ਼ਖਮੀ ਹੋਈ ਮ੍ਰਿਤਕਾ ਦੀ ਮਾਂ ਚਰਨ ਕੌਰ ਨੇ ਦੱਸਿਆ ਕਿ ਉਸ ਦੇ ਦੋਵੇਂ ਬੇਟੇ ਆਤਮਾ ਰਾਮ ਅਤੇ ਸੋਢੀ ਰਾਮ ਵਿਦੇਸ਼ ਵਿਚ ਰਹਿੰਦੇ ਹਨ, ਜਿਨ੍ਹਾਂ ਦੇ ਸਿਰ 'ਤੇ ਘਰ ਦਾ ਸਾਰਾ ਖਰਚਾ ਚੱਲ ਰਿਹਾ ਸੀ। ਘਰੋਂ ਲੈ ਕੇ ਆਇਆ ਸੀ ਚਾਕੂ ਅਤੇ ਜ਼ਹਿਰ
ਐੱਸ. ਪੀ. ਡੀ. ਬਲਕਾਰ ਸਿੰਘ ਨੇ ਦੱਸਿਆ ਕਿ ਕਤਲ ਕਰਨ ਤੋਂ ਪਹਿਲਾਂ ਅਸ਼ੋਕ ਕੁਮਾਰ ਆਪਣੇ ਘਰੋਂ ਹੀ ਜ਼ਹਿਰ ਅਤੇ ਚਾਕੂ ਲੈ ਕੇ ਆਇਆ ਸੀ, ਜਿਸ ਨੇ ਵਾਰਦਾਤ ਨੂੰ ਅੰਜਾਮ ਦੇ ਕੇ ਉਥੋਂ ਭੱਜਣ ਦੀ ਬਜਾਏ ਜੇਬ 'ਚੋਂ ਸ਼ੀਸ਼ੀ ਕੱਢ ਕੇ ਜ਼ਹਿਰ ਪੀ ਲਿਆ ਅਤੇ ਉਸ ਤੋਂ ਬਾਅਦ ਉਥੇ ਹੀ ਫਰਸ਼ 'ਤੇ ਡਿੱਗ ਪਿਆ, ਜਿਸ ਨੂੰ ਪੁਲਸ ਨੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਹੈ।
ਮਾਮਲਾ 2 ਨੌਜਵਾਨਾਂ ਵੱਲੋਂ 6 ਲੜਕੀਆਂ 'ਤੇ ਤੇਜ਼ਾਬ ਸੁੱਟਣ ਦਾ, ਅਦਾਲਤ ਨੇ ਸੁਣਾਇਆ ਫੈਸਲਾ
NEXT STORY