ਜਲੰਧਰ (ਧਵਨ)— ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਮੁੜ ਸਰਗਰਮ ਹੋ ਗਏ ਹਨ ਅਤੇ ਹੁਣ ਉਨ੍ਹਾਂ ਨੇ ਬਾਕਾਇਦਾ ਸੂਬਾ ਕਾਂਗਰਸ ਦੀ ਜ਼ਿੰਮੇਵਾਰੀ ਮੁੜ ਤੋਂ ਸੰਭਾਲ ਲਈ ਹੈ। ਜਾਖੜ ਨੇ ਪਿਛਲੇ ਦਿਨੀਂ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਤਾਂ ਉਨ੍ਹਾਂ ਨੇ ਸੂਬਾ ਕਾਂਗਰਸ ਦੀਆਂ ਜ਼ਿੰਮੇਵਾਰੀਆਂ ਮੁੜ ਤੋਂ ਸੰਭਾਲਣ ਦੀਆਂ ਹਦਾਇਤਾਂ ਦਿੱਤੀਆਂ ਸਨ। ਜਾਖੜ ਨੇ ਦਿੱਲੀ 'ਚ ਸੂਬਾ ਕਾਂਗਰਸ ਕਮੇਟੀਆਂ ਦੇ ਪ੍ਰਧਾਨਾਂ ਅਤੇ ਕੌਮੀ ਆਗੂਆਂ ਦੀ ਮੀਟਿੰਗ 'ਚ ਵੀ ਹਿੱਸਾ ਲਿਆ ਸੀ।
ਜਾਖੜ ਨੇ ਹੁਣ ਕਾਂਗਰਸ ਦੀ ਸੂਬਾ ਇਕਾਈ ਦੀਆਂ ਕਾਰਵਾਈਆਂ ਮੁੜ ਤੋਂ ਸ਼ੁਰੂ ਕਰ ਦਿੱਤੀਆਂ ਹਨ। ਹੁਣ ਉਨ੍ਹਾਂ ਨੇ ਪ੍ਰਧਾਨ ਵਜੋਂ 17 ਸਤੰਬਰ ਨੂੰ ਚੰਡੀਗੜ੍ਹ 'ਚ ਇਕ ਅਹਿਮ ਮੀਟਿੰਗ ਕਾਂਗਰਸ ਭਵਨ 'ਚ ਸੱਦ ਲਈ ਹੈ, ਜਿਸ 'ਚ ਸਾਰੇ ਕਾਂਗਰਸੀ ਸੰਸਦ ਮੈਂਬਰ, ਸਾਰੇ ਕਾਂਗਰਸੀ ਵਿਧਾਇਕ, ਪੰਜਾਬ ਕਾਂਗਰਸ ਦੇ ਸਾਰੇ ਉੱਪ-ਪ੍ਰਧਾਨ, ਜਨਰਲ ਸਕੱਤਰ ਅਤੇ ਜ਼ਿਲਾ ਕਾਂਗਰਸ ਕਮੇਟੀਆਂ ਦੇ ਪ੍ਰਧਾਨ ਸੱਦੇ ਗਏ ਹਨ। ਇਸ ਮੀਟਿੰਗ 'ਚ ਸੂਬਾ ਕਾਂਗਰਸ ਦੀ ਇੰਚਾਰਜ ਵੀ ਸ਼ਾਮਲ ਹੋਵੇਗੀ। ਇਸ ਬੈਠਕ ਦਾ ਏਜੰਡਾ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦਾ 150ਵਾਂ ਜਨਮ ਦਿਹਾੜਾ ਮਨਾਉਣਾ, ਪਾਰਟੀ ਮੈਂਬਰਸ਼ਿਪ ਦੀ ਮੁਹਿੰਮ ਮੁੜ ਤੋਂ ਆਰੰਭਣਾ ਅਤੇ ਸਿਖਲਾਈ ਪ੍ਰੋਗਰਾਮ ਅਤੇ ਭਵਿੱਖ ਦੀ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਕਰਨਾ ਹੈ।
ਜਾਖੜ ਨੇ ਕਿਹਾ ਕਿ ਪਾਰਟੀ ਮੈਂਬਰਸ਼ਿਪ ਦੀ ਮੁਹਿੰਮ ਤਹਿਤ ਉਨ੍ਹਾਂ ਲੋਕਾਂ ਨੂੰ ਕਾਂਗਰਸ ਨਾਲ ਜੋੜਿਆ ਜਾਵੇਗਾ, ਜਿਹੜੇ ਉਸ ਦੀ ਵਿਚਾਰਧਾਰਾ ਨਾਲ ਸਾਲਾਂ ਤੋਂ ਜੁੜੇ ਹੋਏ ਹਨ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਮੈਂਬਰਸ਼ਿਪ ਮੁਹਿੰਮ ਲਈ ਕੋਈ ਟੀਚਾ ਤੈਅ ਨਹੀਂ ਕੀਤਾ ਗਿਆ ਹੈ। ਅਸੀਂ ਗਿੰਨੀਜ਼ ਬੁੱਕ 'ਚ ਆਪਣਾ ਨਾਂ ਦਰਜ ਕਰਾਉਣ ਦੇ ਇੱਛੁਕ ਨਹੀਂ ਹਾਂ। ਉਨ੍ਹਾਂ ਕਿਹਾ ਕਿ ਅਸੀਂ ਕਾਂਗਰਸ ਦੀ ਮਜ਼ਬੂਤੀ ਲਈ ਕੰਮ ਕਰਨਾ ਚਾਹੁੰਦੇ ਹਾਂ ਤਾਂ ਕਿ ਦੇਸ਼ 'ਚ ਭਾਜਪਾ ਦਾ ਮਜ਼ਬੂਤੀ ਨਾਲ ਸਾਹਮਣਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਭਾਜਪਾ ਦਾ ਏਜੰਡਾ ਮੈਂਬਰਸ਼ਿਪ ਮੁਹਿੰਮ ਨਾਲ ਸਿਰਫ ਮਿਸਡ ਕਾਲ ਨਾਲ ਜੁੜਿਆ ਹੋਇਆ ਸੀ ਪਰ ਪਾਰਟੀ ਅਮਲੀ ਤੌਰ 'ਤੇ ਕੰਮ ਕਰਦੇ ਹੋਏ ਕਾਂਗਰਸ ਪਰਿਵਾਰ ਨਾਲ ਨਵੇਂ ਲੋਕਾਂ ਨੂੰ ਜੋੜੇਗੀ, ਜਿਨ੍ਹਾਂ 'ਚ ਵੱਡੀ ਗਿਣਤੀ 'ਚ ਨੌਜਵਾਨ ਵਰਗ ਹੋਵੇਗਾ।
ਜਾਖੜ ਨੇ ਕਿਹਾ ਕਿ ਕਾਂਗਰਸ ਵੱਲੋਂ ਰਾਜ 'ਚ 2 ਤੋਂ 9 ਅਕਤੂਬਰ ਤੱਕ ਪੈਦਲ ਯਾਤਰਾ ਕੀਤੀ ਜਾਵੇਗੀ। ਮਹਾਤਮਾ ਗਾਂਧੀ ਦੇ 150ਵੇਂ ਜਨਮ ਦਿਹਾੜੇ ਨੂੰ ਮਨਾਉਣ ਲਈ ਜ਼ਰੂਰੀ ਹੋ ਗਿਆ ਹੈ ਕਿ ਇਸ ਯਾਤਰਾ ਦੇ ਰਾਹੀਂ ਆਮ ਜਨਤਾ ਦੇ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਇਸ ਸਬੰਧ 'ਚ ਮੀਡੀਆ ਦਾ ਸਹਿਯੋਗ ਲਵੇਗੀ।
ਕੁਵੈਤ ਤੋਂ ਆਏ ਨੌਜਵਾਨ ਦੀ ਦਰੱਖਤ ਨਾਲ ਲਟਕਦੀ ਮਿਲੀ ਲਾਸ਼
NEXT STORY