ਮੋਗਾ (ਰਾਹੁਲ ਕਾਲਾ) : ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਸੱਚਰ ਨੇ ਅੱਜ ਕਾਂਗਰਸ ਦਾ ਪੱਲਾ ਫੜ੍ਹਿਆ ਹੈ। ਹਾਲ ਹੀ 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮਾਲਵਿਕਾ ਸੂਦ ਸੱਚਰ ਦੇ ਘਰ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਨੇ ਲਾਈਵ ਕਾਨਫਰੰਸ ਦੌਰਾਨ ਮਾਲਵਿਕਾ ਦੇ ਕਾਂਗਰਸ 'ਚ ਸ਼ਾਮਲ ਹੋਣ ਦਾ ਰਸਮੀ ਐਲਾਨ ਕੀਤਾ।
ਸੀ. ਐੱਮ. ਚੰਨੀ ਨੇ ਇਸ ਦੌਰਾਨ ਕਿਹਾ ਕਿ, ਸੋਨੂੰ ਸੂਦ ਨੇ ਮੋਗਾ ਸ਼ਹਿਰ ਅਤੇ ਪੰਜਾਬ ਦਾ ਪੂਰੀ ਦੁਨੀਆਂ 'ਚ ਨਾਂ ਰੋਸ਼ਨ ਕੀਤਾ ਹੈ। ਉਥੇ ਹੀ ਨਵਜੋਤ ਸਿੱਧੂ ਨੇ ਕਿਹਾ, 'ਨੇਕ ਲੜਕੀ ਨਾਮਵਰ ਪਰਿਵਾਰ ਦੀ ਹੈ। ਮਾਲਵਿਕਾ ਨੇ ਪਾਰਟੀਆਂ ਤੋਂ ਉੱਪਰ ਉੱਠ ਕੇ ਐੱਨ. ਜੀ. ਓ. ਚਲਾਇਆ।
ਦੱਸ ਦਈਏ ਕਿ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੇ ਇਸ ਦੌਰਾਨ ਸੀ. ਐੱਮ. ਚੰਨੀ ਦੀਆਂ ਤਾਰੀਫ਼ਾਂ ਦੇ ਪੁੱਲ ਬੰਨ੍ਹਦੇ ਹੋਏ ਕਿਹਾ ਕਿ, ਚਰਨਜੀਤ ਸਿੰਘ ਚੰਨੀ ਨੇ ਪੰਜਾਬ 'ਚ ਕਈ ਅਜਿਹੇ ਕੰਮ ਕੀਤੇ ਹਨ, ਜਿਸ ਕਾਰਨ ਉਨ੍ਹਾਂ ਦਾ ਨਾਂ ਹਰ ਇਨਸਾਨ ਦੀ ਜੁਬਾਨ 'ਤੇ ਹੈ।
ਦੱਸਣਯੋਗ ਹੈ ਕਿ ਸੋਨੂੰ ਸੂਦ ਦੇ ਰਾਜਨੀਤੀ 'ਚ ਸਰਗਰਮ ਹੋਣ ਦੀਆਂ ਖ਼ਬਰਾਂ ਕਾਫ਼ੀ ਸਮੇਂ ਤੋਂ ਸੁਰਖੀਆਂ 'ਚ ਸਨ। ਉਹ ਮੋਗਾ 'ਚ ਕਈ ਸਮਾਜ ਸੇਵੀ ਪ੍ਰੋਗਰਾਮਾਂ 'ਚ ਹਿੱਸਾ ਲੈਂਦੇ ਵੀ ਨਜ਼ਰ ਆ ਚੁੱਕੇ ਹਨ। ਹਾਲਾਂਕਿ ਸੋਨੂੰ ਸੂਦ ਨੇ ਖ਼ੁਦ ਰਾਜਨੀਤੀ 'ਚ ਆਉਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਆਪਣੀ ਭੈਣ ਨੂੰ ਅੱਗੇ ਵਧਾਇਆ ਹੈ। ਇਸ ਤੋਂ ਪਹਿਲਾਂ ਭਾਰਤੀ ਚੋਣ ਕਮਿਸ਼ਨ ਨੇ ਫ਼ਿਲਮ ਅਦਾਕਾਰ ਸੋਨੂੰ ਸੂਦ ਦੀ ਪੰਜਾਬ ਦੇ 'ਸਟੇਟ ਆਈਕਨ' ਵਜੋਂ ਨਿਯੁਕਤੀ ਰੱਦ ਕਰ ਦਿੱਤੀ ਸੀ। ਸੋਨੂੰ ਸੂਦ ਨੂੰ ਇੱਕ ਸਾਲ ਪਹਿਲਾਂ ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਦਾ ਆਈਕਨ ਬਣਾਇਆ ਗਿਆ ਸੀ।
ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।
ਸੋਨੂੰ ਸੂਦ ਦੇ ਘਰ ਪਹੁੰਚੇ ਨਵਜੋਤ ਸਿੱਧੂ, ਕੁਝ ਸਮੇਂ 'ਚ ਪਹੁੰਚਣਗੇ ਸੀ. ਐੱਮ. ਚੰਨੀ
NEXT STORY