ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਵਲੋਂ ਤਨਖਾਹੀਆ ਕਰਾਰ ਦਿੱਤੇ ਗਏ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ ਨੇ ਅੱਜ ਆਪਣੀ ਤਨਖ਼ਾਹ ਦੀ ਸੇਵਾ ਪੂਰੀ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਪਣੀ ਭੁੱਲ ਦੀ ਅਰਦਾਸ ਕੀਤੀ ਹੈ। ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਤਖਤ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ ਨੂੰ ਮਰਿਆਦਾ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਤਨਖਾਹ ਲਾਈ ਗਈ ਹੈ। ਜਥੇਦਾਰ ਹਿੱਤ ਖਿਲਾਫ ਸਿੱਖ ਅਰਦਾਸ ਦੇ ਵਾਕ ਨੂੰ ਵਿਅਕਤੀ ਵਿਸ਼ੇਸ਼ ਲਈ ਵਰਤ ਕੇ ਮਰਿਆਦਾ ਦੀ ਉਲੰਘਣਾ ਕਰਨ ਦੇ ਦੋਸ਼ ਹਨ।
ਸ੍ਰੀ ਅਕਾਲ ਤਖਤ ਸਾਹਿਬ ਵਲੋਂ ਹੁਕਮ ਦਿੱਤਾ ਗਿਆ ਹੈ ਕਿ ਹਿੱਤ ਸੱਤ ਦਿਨ ਸ੍ਰੀ ਪਟਨਾ ਸਾਹਿਬ ਵਿਖੇ ਰੋਜ਼ਾਨਾ ਇਕ ਘੰਟਾ ਸੰਗਤ ਦੇ ਜੋੜੇ ਸਾਫ ਕਰਨ, ਸੰਗਤ ਦੇ ਜੂਠੇ ਬਰਤਨ ਮਾਂਜਣ ਅਤੇ ਕੀਰਤਨ ਸਰਵਣ ਕਰਨ। ਇਸੇ ਤਰ੍ਹਾਂ ਪੰਜ ਦਿਨ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਕ-ਇਕ ਘੰਟਾ ਇਹ ਤਿੰਨੇ ਸੇਵਾਵਾਂ ਪੂਰੀਆਂ ਕਰਨ। ਸੇਵਾ ਦੌਰਾਨ ਦੋਹਾਂ ਹੀ ਪਾਵਨ ਅਸਥਾਨਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਹਾਜ਼ਰੀ ਭਰ ਕੇ ਹੁਕਮਨਾਮਾ ਸਰਵਣ ਕਰਨ ਤੇ ਸੇਵਾ ਸੰਪੂਰਨ ਹੋਣ 'ਤੇ ਇਕ-ਇਕ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ, ਬਾਣੀ ਸਰਵਣ ਕਰਨ ਅਤੇ ਦੋਹਾਂ ਅਸਥਾਨਾਂ 'ਤੇ 5100-5100 ਰੁਪਏ ਬਾਬਤ ਕੜਾਹ ਪ੍ਰਸਾਦ ਦੀ ਦੇਗ ਕਰਵਾ ਕੇ ਖਿਮਾ ਯਾਚਨਾ ਲਈ ਅਰਦਾਸ ਬੇਨਤੀ ਕਰਨ ਲਈ ਵੀ ਹੁਕਮ ਦਿੱਤਾ ਗਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਵਲੋਂ ਲਗਾਈ ਸੇਵਾ ਨੂੰ ਹਿੱਤ ਨੇ ਪੂਰਾ ਕਰ ਲਿਆ ਹੈ।
ਪੰਜਾਬ 'ਚ ਫਸੇ ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਲਈ 'ਖਾਲਸਾ ਏਡ' ਦੀ ਅਨੋਖੀ ਪਹਿਲ
NEXT STORY