ਅੰਮ੍ਰਿਤਸਰ (ਛੀਨਾ) : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਹਿਬਾਨ ਗਿਆਨੀ ਰਘਬੀਰ ਸਿੰਘ ਵੱਲੋਂ ਵਿਰਸਾ ਸਿੰਘ ਵਲਟੋਹਾ ਖ਼ਿਲਾਫ ਸੁਣਾਏ ਗਏ ਫੈਂਸਲੇ ਬਾਰੇ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ ਨੇ ਆਖਿਆ ਕਿ ਇਹ ਇਕ ਇਤਿਹਾਸਕ ਫੈਂਸਲਾ ਹੈ ਜਿਸ ਦੀ ਸਮੁੱਚੀ ਸਿੱਖ ਕੋਮ ਸ਼ਲਾਘਾ ਕਰ ਰਹੀ ਹੈ। ਸੁਲਤਾਨਵਿੰਡ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਨੂੰ ਧਮਕਾਉਣਾ ਅਤੇ ਬਿਨਾਂ ਇਜਾਜ਼ਤ ਉਨ੍ਹਾਂ ਦੀ ਰਿਕਾਰਡਿੰਗ ਕਰਨੀ ਫਿਰ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਝੂਠੇ ਦੋਸ਼ ਲਗਾਉਦਿਆਂ ਉਨ੍ਹਾਂ ਦੀ ਕਿਰਦਾਰਕੁਸ਼ੀ ਦੀ ਸਾਜ਼ਿਸ਼ ਰਚਣਾ ਵਲਟੋਹਾ ਦੀ ਹੋਸ਼ੀ ਹਰਕਤ ਹੈ ਜਿਸ ਲਈ ਸਿੱਖ ਕੋਮ ਉਸ ਨੂੰ ਕਦੇ ਵੀ ਮੂੰਹ ਨਹੀ ਲਗਾਏਗੀ।
ਸੁਲਤਾਨਵਿੰਡ ਨੇ ਕਿਹਾ ਕਿ ਤਖਤ ਸਹਿਬਾਨ ਸਿੱਖ ਕੌਮ ਦੀਆਂ ਸਿਰਮੌਰ ਸੰਸਥਾਵਾਂ ਹਨ ਜਿਨ੍ਹਾਂ ਦੇ ਜਥੇਦਾਰ ਸਹਿਬਾਨਾਂ ਖ਼ਿਲਾਫ ਬੋਲਣ ਤੋਂ ਪਹਿਲਾਂ ਸਭ ਨੂੰ ਮਰਿਯਾਦਾ ਦਾ ਖਿਆਲ ਰੱਖਣਾ ਚਾਹੀਦਾ ਹੈ ਉਹ ਚਾਹੇ ਕਿਸੇ ਵੀ ਵੱਡੇ ਅਹੁਦੇ ’ਤੇ ਕਿਉਂ ਨਾ ਹੋਵੇ। ਉਨ੍ਹਾਂ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਦੀ ਬੇਲੋੜੀ ਬਿਆਨਬਾਜ਼ੀ ਕਾਰਨ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਕਈ ਵਾਰ ਭਾਰੀ ਨੁਕਸਾਨ ਸਹਿਣਾ ਪਿਆ ਹੈ ਪਰ ਇਹ ਬੰਦਾ ਆਪਣੀਆ ਕੋਝੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਸੁਲਤਾਨਵਿੰਡ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਨੇ ਵਲਟੋਹਾ ਨੂੰ ਸ਼੍ਰੋਮਣੀ ਅਕਾਲੀ ਦਲ ’ਚੋਂ 10 ਸਾਲਾਂ ਲਈ ਕੱਢਣ ਬਾਰੇ ਫੈਂਸਲਾ ਸਣਾਉਂਦਿਆਂ ਤਾੜਨਾ ਕੀਤੀ ਸੀ ਕਿ ਵਲਟੋਹਾ ਜੇਕਰ ਅਜੇ ਵੀ ਆਪਣੀਆ ਹਰਕਤਾਂ ਤੋਂ ਬਾਜ਼ ਨਾ ਆਇਆ ਤਾਂ ਉਸ ਖਿਲਾਫ ਹੋਰ ਸਖ਼ਤ ਕਾਰਵਾਈ ਕੀਤੀ ਜਾਵੇਗੀ ਪਰ ਉਸ ਨੇ ਫਿਰ ਵੀਡੀਓ ਜਾਰੀ ਕਰਕੇ ਜਥੇਦਾਰ ਸਹਿਬਾਨਾਂ ’ਤੇ ਦਬਾਅ ਬਣਾਉਣ ਦਾ ਯਤਨ ਕੀਤਾ ਹੈ ਜਿਸ ਸਦਕਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਇਸ ਦੀ ਵੀਡੀਓ ਦਾ ਸਖ਼ਤ ਨੋਟਿਸ ਲੈਂਦਿਆ ਵਿਰਸਾ ਸਿੰਘ ਵਲਟੋਹਾ ਨੂੰ ਸਿੱਖ ਕੌਮ ’ਚੋਂ ਛੇਕਣ ਦਾ ਮਿਸਾਲੀ ਫੈਂਸਲਾ ਸਣਾਉਣਾ ਚਾਹੀਦਾ ਹੈ ਤਾਂ ਜੋ ਭਵਿੱਖ ’ਚ ਮੁੜ ਹੋਰ ਕੋਈ ਵੀ ਵਿਅਕਤੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਣ ਵਾਲੇ ਫੁਰਮਾਨ ਦੇ ਖਿਲਾਫ ਕਿੰਤੂ ਪਰੰਤੂ ਕਰਨ ਦੀ ਜੁਰਅਤ ਨਾ ਕਰ ਸਕੇ।
2035 ਤੱਕ ਈਂਧਣ ਦੀ 20 ਫ਼ੀਸਦ ਮੰਗ ਨੂੰ ਬਾਇਓਫਿਊਲਜ਼ ਰਾਹੀਂ ਪੂਰਾ ਕਰਨ ਦਾ ਟੀਚਾ : ਅਮਨ ਅਰੋੜਾ
NEXT STORY