ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ ਸਿੰਘ ਡੂਮੇਵਾਲ) - ਹਰੇ ਵਰ੍ਹੇ ਪੋਹ ਦੀ ਆਮਦ ਤਮਾਮ ਮਾਨਵਤਾ ਦੇ ਜ਼ਿਹਨ ’ਚ ਸੁੱਤੇ ਇਕ ਅਜਿਹੇ ਜ਼ਖਮ ਨੂੰ ਛੇੜ ਦਿੰਦੀ ਹੈ, ਜੋ ਜ਼ਖਮ ਸਾਨੂੰ ਸਵਾ ਕੁ ਤਿੰਨ ਸਦੀਆਂ ਪਹਿਲਾਂ ਵਿਰਾਸਤ ’ਚ ਮਿਲਿਆ ਸੀ। ਸਰਬੰਸਦਾਨੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਰੀਬ 42 ਸਾਲਾ ਸੰਘਰਸ਼ਮਈ ਜੀਵਨ ਦੇ ਅਹਿਮ ਪੱਤਰਿਆਂ ਨਾਲ ਜੁੜੀਆਂ ਪੋਹ ਦੀਆਂ ਕਰੀਬ 7 ਰਾਤਾਂ ਦੀ ਇਸ ਲਹੂ ਨੁੱਚੜਦੀ ਦਾਸਤਾਨ ਦਾ ਜਨਮ 6 ਅਤੇ 7 ਪੋਹ ਸੰਮਤ 1761 ਦਰਮਿਆਨੀ ਰਾਤ ਨੂੰ ਉਦੋਂ ਹੋਇਆ, ਜਦੋਂ ਬਾਈਧਾਰ ਦੇ ਪਹਾੜੀ ਰਾਜਿਆਂ ਅਤੇ ਮੁਗਲ ਹਕੂਮਤ ਦੇ ਰਾਜਸੀ ਪੈਂਤੜਿਆਂ ਦੇ ਪ੍ਰਤੀ ਇਲਮ ਹੋਣ ਦੇ ਬਾਵਜੂਦ ਗੁਰੂ ਜੀ ਨੇ ਕਿਲਾ ਅਨੰਦਗੜ੍ਹ ਅਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਹਮੇਸ਼ਾ ਲਈ ਤਿਆਗ ਦਿੱਤਾ। ਕਿਲਾ ਅਨੰਦਗੜ੍ਹ ਤੋਂ ਫਤਿਹਗੜ੍ਹ ਸਾਹਿਬ ਤੱਕ ਸਫਰ-ਏ-ਸ਼ਹਾਦਤ ਦੌਰਾਨ 7 ਤੋਂ 13 ਪੋਹ ਤੱਕ ਦੀਆਂ ਇਨ੍ਹਾਂ ਰਾਤਾਂ ਦੇ ਆਲਮ ’ਚ ਮੁਗਲ ਸਲਤਨਤ ਨੇ ਗੁਰੂ ਜੀ ਦੀ ਜ਼ਿੰਦਗੀ ਦਾ ਕੀਮਤੀ ਸਰਮਾਇਆ ਇਸ ਕਦਰ ਲੁੱਟਿਆ ਅਤੇ ਜਿਗਰ ਦੇ ਟੋਟਿਆਂ, ਮਾਤਾ ਅਤੇ ਜਾਨੋਂ ਪਿਆਰੇ ਸਿੱਖਾਂ ਨੂੰ ਕਿਸ ਕਦਰ ਕੋਹ-ਕੋਹ ਕੇ ਸ਼ਹੀਦ ਕੀਤਾ? ਇਕ ਬਾਦਸ਼ਾਹ ਨੂੰ ਦਰਵੇਸ਼ ਬਣ ਕੇ ਯਾਰੜੇ ਦਾ ਸੱਥਰ ਕਿਵੇਂ ਹੰਢਾਉਣਾ ਪਿਆ? ਸਿਦਕ ਅਤੇ ਸਿਰੜ ਨੇ ਜਬਰ ਅਤੇ ਜ਼ੁਲਮ ਉਤੇ ਕਿਵੇਂ ਫਤਿਹ ਹਾਸਿਲ ਕੀਤੀ? ਇਹ ਸਮੁੱਚਾ ਘਟਨਾਕ੍ਰਮ ਸਾਡੇ ਜ਼ਿਹਨ ਨਾ ਸਿਰਫ ਇਕ ਸਦੀਵ ਕਾਲ ਲਈ ਰਿਸਣ ਵਾਲਾ ਜ਼ਖਮ ਹੈ।

ਲਹੂ ਭਿੱਜੀ ਇਸ ਤਵਾਰੀਖ ਦਾ ਸਭ ਤੋਂ ਵਿਲੱਖਣ ਪੱਖ ਇਹ ਹੈ ਕਿ ਮੁਗਲ ਸਲਤਨਤ ਨੇ ਗੁਰੂ ਜੀ ਨੂੰ ਆਪਣੀ ਈਨ ਮੰਨਾਉਣ ਲਈ ਜ਼ੁਲਮ ਦਾ ਜੋ ਤਰੀਕਾ ਸੱਤਾ ਦੇ ਨਸ਼ੇ ’ਚ ਚੂਰ ਹੋ ਕੇ ਅਖਤਿਆਰ ਕੀਤਾ ਸੀ, ਗੁਰੂ ਜੀ ਉਸ ਅਕਾਲ ਪੁਰਖ ਦੇ ਭਾਣੇ ਅੰਦਰ ਸਬਰ ਅਤੇ ਸਿਦਕ ਨਾਲ ਬੇਕਾਰ ਕਰਦੇ ਰਹੇ। ਵੱਡੇ ਸਾਹਿਬਜ਼ਾਦਿਆਂ ਨੂੰ ਸਿੰਘਾਂ ਦੇ ਨਾਲ ਜੰਗ ’ਚ ਹੱਥੀਂ ਤੋਰਨਾ ਜਿੱਥੇ ਗੁਰੂ ਜੀ ਦੀ ਦ੍ਰਿੜ੍ਹਤਾ ਅਤੇ ਜ਼ੁਲਮ ਵਿਰੁੱਧ ਜੂਝਣ ਦੀ ਸਮਰੱਥ ਭਾਵਨਾ ਦਾ ਇਕ ਅਦੁੱਤੀ ਪ੍ਰਮਾਣ ਹੈ ਉਥੇ ਮਾਤਾ ਗੁਜਰੀ ਜੀ ਵੱਲੋਂ ਇਸੇ ਤਰਜ਼ ’ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹਾਦਤ ਲਈ ਤਿਆਰ ਕਰਨ ਅਤੇ ਬੇਹੱਦ ਜੋਖਮਗ੍ਰਸਤ ਹਾਲਾਤ ’ਚ ਜਬਰ ਜ਼ੁਲਮ ਦਾ ਮੁਕਾਬਲਾ ਕਰਨ ਦੀ ਗੁਰਤੀ ਦੇਣਾ ਇਤਿਹਾਸ ਦੀ ਲਾਮਿਸਾਲ ਘਟਨਾ ਹੈ।
ਅਸੀਂ ਬੀਤੇ ਵਰ੍ਹੇ ਸ਼ਹੀਦੀ ਸਪਤਾਹ ਦੀ ਤਵਾਰੀਖ ਨੂੰ ਲੜੀਵਾਰ ਰੂਪ ਕਲਮਬੱਧ ਕਰ ਕੇ ਪਾਠਕਾਂ ਦੀ ਸੁਚੱਜੀ ਦ੍ਰਿਸ਼ਟੀ ਦੇ ਭੇਟ ਕਰਨ ਦਾ ਇਕ ਨਿਮਾਣਾ ਯਤਨ ਕੀਤਾ ਸੀ ਜਿਸ ਨੂੰ ਤਮਾਮ ਪਾਠਕਾਂ ਨੇ ਇਕ ਲਾਮਿਸਾਲ ਹੁੰਗਾਰਾ ਦਿੱਤਾ ਸੀ। ਇਸੇ ਕੜੀ ਤਹਿਤ ਇਸ ਵਰ੍ਹੇ ਵੀ ਗੁਰੂ ਜੀ ਦੇ ਕਿਲਾ ਛੱਡਣ ਤੋਂ ਲੈ ਕੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੱਕ ਦੀ ਵਿਰਤਾਂਤ ਪਾਠਕਾਂ ਦੀ ਜਾਣਕਾਰੀ ਲਈ ਪੇਸ਼ ਕਰਨ ਦਾ ਇਕ ਸ਼ਰਧਾਂਜਲੀ ਭਰਪੂਰ ਉਪਰਾਲਾ ਕਰਨ ਦਾ ਮੁੜ ਯਤਨ ਕਰ ਰਹੇ ਹਾਂ।

ਨੌਂ ਵਰ੍ਹਿਆਂ ਦੀ ਉਮਰ ’ਚ ਹੋਈ ਸੀ ਗੁਰੂ ਜੀ ਦੇ ਪਿਤਾ ਦੀ ਸ਼ਹਾਦਤ
ਇਤਿਹਾਸ ਦਾ ਇਹ ਰੌਚਿਕ ਪੰਨਾ ਹੈ ਕਿ ਮਾਤਾ ਗੁਜਰੀ ਜੀ ਅਤੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ 9 ਸਾਲਾਂ ਦੀ ਉਮਰ ’ਚ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਤਿਲਕ ਜੰਝੂ ਦੀ ਰਾਖੀ ਲਈ ਸ਼ਹਾਦਤ ਪ੍ਰਾਪਤ ਕਰਨ ਲਈ ਦਿੱਲੀ ਭੇਜ ਚੁੱਕੇ ਸਨ। ਇਹ ਸ਼ਹਾਦਤ ਗੁਰੂ ਜੀ ਨੂੰ ਮੁਗਲ ਹਕੂਮਤ ਦੀ ਕੱਟੜਪੰਥੀ ਨੀਤੀ ਦੀ ਪੂਰਨ ਰੂਪ ’ਚ ਅਹਿਸਾਸ ਕਰਵਾ ਚੁੱਕੀ ਸੀ। ਗੁਰੂ ਜੀ ਦੇ 1699 ਦੀ ਵਿਸਾਖੀ ’ਤੇ ਖਾਲਸਾ ਪੰਥ ਦੀ ਸਾਜਨਾ ਕਰਨ ਉਪਰੰਤ ਮੁਗਲ ਸਾਮਰਾਜ ਦਾ ਕੱਟੜਪੰਥੀ ਵਿਰੋਧ ਗੁਰੂ ਜੀ ਖਿਲਾਫ ਹੋਰ ਵੀ ਜ਼ਿਆਦੇ ਪ੍ਰਫੁੱਲਤ ਹੋ ਗਿਆ ਸੀ। 1704 ’ਚ ਸ੍ਰੀ ਅਨੰਦਪੁਰ ਸਾਹਿਬ ਸਥਿਤ ਸੂਰਮਗਤੀ ਦੀ ਹੱਬ ਕਰ ਕੇ ਜਾਣੇ ਜਾਂਦੇ ਕਿਲਾ ਅਨੰਦਗੜ੍ਹ ਨੂੰ ਛੁਡਵਾਉਣ ਲਈ ਮੁਗਲ ਹਕੂਮਤ ਅਤੇ ਬਾਈਧਾਰ ਦੇ ਰਾਜਿਆਂ ਦੇ ਗੈਰ-ਸਿਧਾਂਤਕ ਗੱਠਜੋੜ ਵੱਲੋਂ ਗੁਰੂ ਜੀ ਤੋਂ ਕਿਲਾ ਛੁਡਵਾਉਣ ਲਈ ਕੁਰਆਨ-ਏ-ਪਾਕ ਅਤੇ ਗੀਤਾ ਦੀਆਂ ਕਸਮਾਂ ਦਾ ਖੇਡਿਆ ਸਿਆਸੀ ਪੈਂਤੜਾ ਭਾਵੇਂ ਕਿ ਮੁਗਲ ਸਲਤਨਤ ਦੀ ਚਾਲ ਸੀ ਪਰ ਗੁਰੂ ਜੀ ਆਪਣੇ ਨਾਲ ਵਾਪਰਣ ਵਾਲੇ ਦੁਖਾਂਤ ਤੋਂ ਪੂਰੀ ਤਰ੍ਹਾਂ ਵਾਕਿਫ ਸਨ।

ਪੁੱਤਰਾਂ ਦੀਆਂ ਸ਼ਹਾਦਤਾਂ ਤੋਂ ਪਹਿਲਾਂ ਪ੍ਰਲੋਕ ਸਿਧਾਰ ਗਏ ਸਨ ਮਾਤਾ ਜੀਤੋ ਜੀ
ਇਹ ਸਨਸਨੀਖੇਜ਼ ਸਬੱਬ ਸੀ ਕਿ ਚਾਰ ਸਾਹਿਬਜ਼ਾਦਿਆਂ ਦੇ ਜਨਮ ਦਾਤਾ ਮਾਤਾ ਜੀਤੋ ਜੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਕਰੀਬ 4 ਵਰ੍ਹੇ ਪਹਿਲਾਂ ਪ੍ਰਲੋਕ ਸਿਧਾਰ ਗਏ ਸਨ। ਇਤਿਹਾਸਕਾਰਾਂ ਨੇ ਉਨ੍ਹਾਂ ਦੇ ਜੀਵਨ ਕਾਲ ਦਾ ਅੰਤਿਮ ਸਮਾਂ ਸੰਨ 1700 ਦੱਸਿਆ ਹੈ ਜਦਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਇਸ ਤੋਂ 4 ਸਾਲ ਬਾਅਦ 1704 ’ਚ ਹੋਈ ਸੀ। ਖਾਲਸਾ ਸਾਜਨਾ ਦਿਵਸ ਤੋਂ ਪੂਰੇ ਇਕ ਵਰ੍ਹੇ ਬਾਅਦ ਸਦੀਵੀ ਵਿਛੋੜੇ ਦੇਣ ਮੌਕੇ ਮਾਤਾ ਜੀਤੋ ਜੀ ਦੇ ਸਭ ਤੋਂ ਛੋਟੇ ਫਰਜ਼ੰਦ ਬਾਬਾ ਫਤਹਿ ਸਿੰਘ ਜੀ ਉਦੋਂ ਤਿੰਨ ਸਾਲ ਦੇ ਸਨ। ਮਾਤਾ ਜੀਤੋ ਜੀ ਦੇ ਤੁਰ ਜਾਣ ਤੋਂ ਬਾਅਦ ਸਾਹਿਬਜ਼ਾਦਿਆਂ ਨੂੰ ਸ਼ਹੀਦੀਆਂ ਤੱਕ ਮਮਤਾ ਦਾ ਨਿੱਘ ਮਾਤਾ ਗੁਜਰੀ ਜੀ ਨੇ ਹੀ ਦਿੱਤਾ। ਦਸਮ ਪਾਤਸ਼ਾਹ ਨਾਲ ਗੁਰੂ ਕਾ ਲਾਹੌਰ ਦੀ ਧਰਤੀ ’ਤੇ ਅਨੰਦ ਕਾਰਜ ਰਚਾ ਕੇ ਗ੍ਰਹਿਸਤ ਪੰਧ ’ਚ ਪ੍ਰਵੇਸ਼ ਕਰਨ ਵਾਲੇ ਮਾਤਾ ਜੀਤੋ ਜੀ ਦਾ ਸਸਕਾਰ ਸ੍ਰੀ ਅਨੰਦਪੁਰ ਸਾਹਿਬ ਦੇ ਲਾਗੇ ਵਸਦੇ ਪਿੰਡ ਅਗੰਮਪੁਰ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੱਥੀਂ ਕੀਤਾ। ਇਸ ਤੋਂ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਿਰਫ ਸੀਸ ਦਾ ਸਸਕਾਰ ਗੁਰੂ ਜੀ ਨੇ 9 ਵਰ੍ਹਿਆਂ ਦੀ ਉਮਰ ’ਚ ਕੀਤਾ ਸੀ ਪਰ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਦਾ ਸਸਕਾਰ ਕਰਨਾ ਗੁਰੂ ਜੀ ਦੇ ਸੁਭਾਗ ’ਚ ਨਹੀਂ ਆਇਆ।
ਬੱਚੀ ਨਾਲ ਦਰਿੰਦਗੀ ਖਿਲਾਫ ਬਿਆਸ ਬੰਦ (ਵੀਡੀਓ)
NEXT STORY