ਡੇਰਾ ਬਾਬਾ ਨਾਨਕ (ਵਤਨ) : ਕਸਬਾ ਡੇਰਾ ਬਾਬਾ ਨਾਨਕ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗ ਬਸਤਰ ਸ੍ਰੀ ਚੋਲਾ ਸਾਹਿਬ ਦੇ ਦਰਸ਼ਨਾਂ ਲਈ ਲੱਗਦੇ ਸਾਲਾਨਾ ਜੋੜ ਮੇਲਾ ਸ੍ਰੀ ਚੋਲਾ ਸਾਹਿਬ 'ਚ ਅੱਜ ਸਵੇਰ ਤੋਂ ਹੀ ਵੱਡੀ ਗਿਣਤੀ ਵਿਚ ਸੰਗਤਾਂ ਡੇਰਾ ਬਾਬਾ ਨਾਨਕ ਪਹੁੰਚਣੀਆਂ ਸ਼ੁਰੂ ਹੋ ਗਈਆਂ। ਸਵੇਰ ਤੋਂ ਹੀ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਦੇ ਸਾਹਮਣੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਇਕੱਠੀ ਹੋ ਗਈ, ਜਿਥੇ ਬਾਬਾ ਸੁਖਦੇਵ ਸਿੰਘ ਬੇਦੀ ਅਤੇ ਹੋਰਾਂ ਵਲੋਂ ਸੰਗਤਾਂ ਨੂੰ ਸ੍ਰੀ ਚੋਲਾ ਸਾਹਿਬ ਦੇ ਦਰਸ਼ਨ ਵੀ ਕਰਵਾਏ ਗਏ।
ਇਥੇ ਤੁਹਾਨੂੰ ਦੱਸ ਦੇਈਏ ਕਿ ਅੱਜ ਦੇ ਦਿਨ ਹੀ ਬਾਬਾ ਕਾਬਲੀ ਮੱਲ ਜੀ ਬਲਖ ਬੁਖਾਰੇ ਦੀਆਂ ਗੁਫਾਫਾਂ ਵਿਚੋਂ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਦੇ ਬਸਤਰ ਸ੍ਰੀ ਚੋਲਾ ਸਾਹਿਬ ਨੂੰ ਡੇਰਾ ਬਾਬਾ ਨਾਨਕ ਲਿਆਏ ਸਨ ਅਤੇ ਅੱਜ ਦੇ ਦਿਨ ਹੀ ਜ਼ਿਲਾ ਹੁਸ਼ਿਆਰਪੁਰ ਦੇ ਖਡਿਆਲਾ ਸੈਣੀਆਂ ਤੋਂ ਸੰਗਤਾਂ 1 ਮਾਰਚ ਤੋਂ ਪੈਦਲ ਚਲ ਕੇ ਡੇਰਾ ਬਾਬਾ ਨਾਨਕ ਸੰਗ ਦੇ ਰੂਪ ਵਿਚ ਪਹੁੰਚਦੀਆਂ ਹਨ। ਇਸ ਪੈਦਲ ਚੱਲ ਕੇ ਆਉਣ ਵਾਲੇ ਸੰਗ ਦੇ ਸਵਾਗਤ ਅਤੇ ਦਰਸ਼ਨਾਂ ਲਈ ਇਲਾਕੇ ਦੀਆਂ ਸੰਗਤਾਂ ਆਪਣੀਆਂ ਪਲਕਾਂ ਵਿਛਾ ਦਿੰਦੀਆਂ ਹਨ ਅਤੇ ਸੰਗ ਦੇ ਸਵਾਗਤ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ, ਮੈਡੀਕਲ ਸਹੂਲਤਾਂ, ਰਿਹਾਇਸ਼ ਆਦਿ ਦੇ ਪ੍ਰਬੰਧ ਕਰਦੀਆਂ ਹਨ। ਧਾਰਮਿਕ ਦੀਵਾਨ ਸਜਾਏ ਜਾਂਦੇ ਹਨ ਅਤੇ ਸੰਗਤਾਂ ਸ੍ਰੀ ਚੋਲਾ ਸਾਹਿਬ ਦੇ ਦਰਸ਼ਨ ਕਰਨ ਆਪਣੀ ਥਕਾਣ ਮਿਟਾਉਂਦੀਆਂ ਹਨ ਅਤੇ ਜਿਨ੍ਹਾਂ ਵਲੋਂ ਮੰਗੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਉਹ ਸ਼ੁਕਰਾਨੇ ਦੀ ਅਰਦਾਸ ਕਰਦੇ ਹਨ।
ਇਸ ਤੋਂ ਇਲਾਵਾ ਕਸਬੇ ਵਿਚ ਮੇਲੇ ਦੇ ਸਬੰਧ ਵਿਚ ਵੱਖ-ਵੱਖ ਤਰ੍ਹਾਂ ਦੇ ਸਟਾਲ, ਪੰਘੂੜੇ ਆਦਿ ਲੋਕਾਂ ਦੇ ਮਨੋਰੰਜਨ ਵੀ ਕਰਦੇ ਹਨ। ਕਸਬੇ ਦੇ ਗੁਰੂ ਨਾਨਕ ਵੰਸ਼ਜ ਬਾਬਾ ਬਲਬੀਰ ਸਿੰਘ ਬੇਦੀ ਸ੍ਰੀ ਚੋਲਾ ਸਾਹਿਬ ਵਾਲਿਆਂ ਵਲੋਂ ਵੀ ਅੱਜ ਸੰਗਤ ਦੇ ਸਵਾਗਤ ਲਈ ਵੱਖ-ਵੱਖ ਤਰ੍ਹਾਂ ਦੇ ਪਕਵਾਨ ਦੇ ਲੰਗਰ ਲਗਾਏ ਗਏ ਅਤੇ ਧਾਰਮਿਕ ਦੀਵਾਨ ਸਜਾਏ ਗਏ। ਇਸ ਦੇ ਨਾਲ-ਨਾਲ ਗਲੀ ਮੁਹੱਲਿਆਂ ਵਿਚ ਸੰਗਤਾਂ ਵਲੋਂ ਆਪ ਮੁਹਾਰੇ ਲੰਗਰ ਲਗਾ ਕੇ ਸੰਗਤਾਂ ਦਾ ਸਵਾਗਤ ਕੀਤਾ ਗਿਆ। ਇਸ ਦੇ ਨਾਲ ਜਿਥੇ ਕਸਬੇ ਦੀ ਨਗਰ ਕੌਂਸਲ ਵਲੋਂ ਈ. ਓ. ਅਨਿਲ ਮਹਿਤਾ ਦੀ ਅਗਵਾਈ ਹੇਠ ਸਫਾਈ, ਸਟਰੀਟ ਲਾਈਟ ਅਤੇ ਵਾਟਰ ਸਪਲਾਈ ਦਾ ਲਾਮਿਸਾਲ ਪ੍ਰਬੰਧ ਕੀਤੇ ਗਏ, ਉਥੇ ਐੱਸ. ਐੱਚ. ਓ. ਦਲਜੀਤ ਸਿੰਘ ਪੱਡਾ ਦੀ ਰਹਿਨੁਮਾਈ ਹੇਠ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਅਤੇ ਟਰੈਫਿਕ ਦੀ ਸਮੱਸਿਆ ਨੂੰ ਕੰਟਰੋਲ ਵਿਚ ਰੱਖਣ ਲਈ ਕਸਬੇ ਦੇ ਚਾਰੇ ਪਾਸੇ ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ 'ਤੇ ਪਾਬੰਦੀ ਲਗਾ ਦਿੱਤੀ ਗਈ।
ਮੋਟਰਸਾਈਕਲ ਸਵਾਰ ਜੋੜੇ ਨੂੰ ਬੱਸ ਨੇ ਮਾਰੀ ਟੱਕਰ, ਪਤਨੀ ਦੀ ਮੌਤ
NEXT STORY